ਹੋਰਮੁਜ਼ ਸਟ੍ਰੇਟ: ਕਿੰਨੀਆਂ ਖਤਰਨਾਕ ਹੁੰਦੀਆਂ ਸਮੁੰਦਰੀ ਬਾਰੂਦੀ ਸੁਰੰਗਾਂ, ਇਨ੍ਹਾਂ ਨੂੰ ਹਟਾਉਣਾ ਕਿਉਂ ਮੁਸ਼ਕਿਲ ਕੰਮ ?

ਤਸਵੀਰ ਸਰੋਤ, Ian Forsyth/Getty Images
- ਲੇਖਕ, ਦੀਪਕ ਮੰਡਲ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
ਈਰਾਨ ਜੰਗ ਵਿਚਾਲੇ ਸਮੁੰਦਰ 'ਚ ਵਿਛਾਈਆਂ ਜਾਣ ਵਾਲੀਆਂ ਬਾਰੂਦੀ ਸੁਰੰਗਾਂ ਦਾ ਮਾਮਲਾ ਇੱਕ ਵਾਰ ਫਿਰ ਚਰਚਾ 'ਚ ਹੈ।
ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਨੇਵੀ ਨੂੰ ਕਿਹਾ ਹੈ ਕਿ ਜੇਕਰ ਹੋਰਮੁਜ਼ ਸਟ੍ਰੇਟ 'ਚ ਕੋਈ ਵੀ ਈਰਾਨੀ ਬੋਟ ਬਾਰੂਦੀ ਸੁਰੰਗ ਵਿਛਾਉਂਦੀ ਦਿਖ ਰਹੀ ਹੋਵੇ ਤਾਂ ਉਸਨੂੰ ਤੁਰੰਤ ਤਬਾਹ ਕਰ ਦੇਵੇ।
ਹੋਰਮੁਜ਼ ਸਟ੍ਰੇਟ ਤੋਂ ਦੁਨੀਆ ਦੀ ਕੁੱਲ ਤੇਲ ਅਤੇ ਐਲਐਨਜੀ ਸਪਲਾਈ ਦਾ 20 ਫੀਸਦ ਹਿੱਸਾ ਗੁਜ਼ਰਦਾ ਹੈ ਅਤੇ ਈਰਾਨ ਨੇ ਇਸ ਨੂੰ ਲਗਭਗ ਬੰਦ ਕਰ ਦਿੱਤਾ ਹੈ।
ਉਧਰ ਅਮਰੀਕਾ ਵਾਰ-ਵਾਰ ਇਸ ਸਟ੍ਰੇਟ ਨੂੰ ਆਪਣੀ ਫੌਜੀ ਕਾਰਵਾਈ ਜ਼ਰੀਏ ਖੁੱਲ੍ਹਵਾਉਣ ਅਤੇ ਇੱਥੇ ਕਥਿਤ ਤੌਰ 'ਤੇ ਵਿਛਾਈ ਗਈ ਬਾਰੂਦੀ ਸੁਰੰਗਾਂ ਨੂੰ ਹਟਾਉਣ ਦੀ ਗੱਲ ਕਰਦਾ ਰਿਹਾ ਹੈ।
ਆਓ ਜਾਣਦੇ ਹਾਂ ਕਿ ਆਖਿਰ ਸਮੁੰਦਰ 'ਚ ਵਿਛਾਈਆਂ ਜਾਣ ਵਾਲੀਆਂ ਬਾਰੂਦੀ ਸੁਰੰਗਾਂ ਕੀ ਹੁੰਦੀਆਂ ਹਨ ਅਤੇ ਇਹ ਕਿਵੇਂ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਹਟਾਉਣਾ ਬਹੁਤ ਮੁਸ਼ਕਿਲ ਕਿਉਂ ਹੁੰਦਾ ਹੈ।
ਨਾਲ ਹੀ ਜਾਣਾਂਗੇ ਕਿ ਇਹ ਕਿੰਨੀਆਂ ਖਤਰਨਾਕ ਹਨ? ਜੰਗ 'ਚ ਇਨ੍ਹਾਂ ਦੀ ਕੀ ਅਹਿਮੀਅਤ ਹੈ ਅਤੇ ਇਨ੍ਹਾਂ ਦਾ ਇਤਿਹਾਸ ਕੀ ਹੈ ?
ਸਮੁੰਦਰੀ ਬਾਰੂਦੀ ਸੁਰੰਗਾਂ ਕੀ ਹਨ ?

ਤਸਵੀਰ ਸਰੋਤ, Press Office of Islamic Revolutionary Guard Corps / Handout/Anadolu via Getty Images
ਸਮੁੰਦਰੀ ਬਾਰੂਦੀ ਸੁਰੰਗਾਂ ਜਾਂ ਸੀ ਮਾਈਨਜ਼ ਪਾਣੀ 'ਚ ਰੱਖੇ ਜਾਣ ਵਾਲੇ ਵਿਸਫੋਟਕ ਡਿਵਾਇਸ ਹੁੰਦੇ ਹਨ ਜੋ ਪਨਡੁੱਬੀਆਂ ਅਤੇ ਜਹਾਜ਼ਾਂ ਨੂੰ ਤਬਾਹ ਕਰਨ ਦੇ ਮਕਸਦ ਨਾਲ ਬਣਾਏ ਜਾਂਦੇ ਹਨ।
ਇਨ੍ਹਾਂ ਦਾ ਇਸੇਤਮਾਲ ਦੁਸ਼ਮਣ ਦੇ ਕਿਸੇ ਜਹਾਜ਼ ਨੂੰ ਕਿਸੇ ਖਾਸ ਸਮੁੰਦਰੀ ਇਲਾਕੇ 'ਚ ਆਉਣ ਜਾਂ ਉਸਨੂੰ ਉੱਥੇ ਰੋਕਣ ਲਈ ਕੀਤਾ ਜਾਂਦਾ ਹੈ।
ਸਮੁੰਦਰੀ ਬਾਰੂਦੀ ਸੁਰੰਗਾਂ ਪੁਰਾਣੀਆਂ ਤਕਨੀਕਾਂ ਹਨ। 14ਵੀਂ ਸਦੀ 'ਚ ਪਹਿਲੀ ਵਾਰ ਚੀਨ ਨੇ ਸਮੁੰਦਰੀ ਡਾਕੂਆਂ ਖਿਲਾਫ ਇਨ੍ਹਾਂ ਦਾ ਇਸਤੇਮਾਲ ਕੀਤਾ ਸੀ।
ਅਮਰੀਕਾ 'ਚ ਪਹਿਲੀ ਵਾਰ ਸਮੁੰਦਰੀ ਬਾਰੂਦੀ ਸੁਰੰਗ ਦਾ ਇਸਤੇਮਾਲ ਉੱਥੋਂ ਦੀ ਕ੍ਰਾਂਤੀ ਦੌਰਾਨ ਹੋਇਆ ਸੀ।
ਉਸ ਸਮੇਂ ਸਮੁੰਦਰ 'ਚ ਬਾਰੂਦ ਨਾਲ ਭਰੇ ਹੋਏ ਡਰੱਮ ਤੈਰਾਏ ਜਾਂਦੇ ਹਨ ਜੋ ਟੱਕਰਾਉਣ 'ਤੇ ਫੱਟ ਜਾਂਦੇ ਸਨ।
ਚੀਨ 'ਚ ਪਹਿਲੀ ਵਾਰ ਬਾਰੂੰਦੀ ਸੁਰੰਗਾਂ ਦੇ ਇਸਤੇਮਾਲ ਤੋਂ ਬਾਅਦ ਦੁਨੀਆ ਦੇ ਲਗਭਗ ਹਰ ਸਮੁੰਦਰੀ ਜੰਗ 'ਚ ਇਨ੍ਹਾਂ ਦਾ ਇਸਤੇਮਾਲ ਹੋਇਆ ਹੈ।
ਪਹਿਲੀ ਅਤੇ ਦੂਜੀ ਵਿਸ਼ਵ ਜੰਗ ਤੋਂ ਇਲਾਵਾ ਕੋਰੀਆ, ਫਾਕਲੈਂਡ ਦੀਪ ਸਮੂਹ ਅਤੇ ਖਾੜੀ ਜੰਗ 'ਚ ਇਸ ਦਾ ਇਸਤੇਮਾਲ ਹੋਇਆ ਸੀ।
ਰੱਖਿਆ ਮਾਹਰ ਰਾਹੁਲ ਬੇਦੀ ਕਹਿੰਦੇ ਹਨ ਕਿ ਸਮੁੰਦਰੀ ਬਾਰੂਦੀ ਸੁਰੰਗਾਂ ਆਟੋਨਾਮਸ ਯਾਨੀ ਆਪਣੇ ਆਪ ਚੱਲਣ ਵਾਲੇ ਵਿਸਫੋਟਕ ਹੁੰਦੇ ਹਨ।
ਉਹ ਕਹਿੰਦੇ ਹਨ, "ਇਹ ਅਜਿਹੇ ਵਿਸਫੋਟਕ ਹਨ ਜੋ ਟਾਰਗੇਟੇਡ ਅਟੈਕ ਕਰਦੇ ਹਨ। ਇਨ੍ਹਾਂ ਨੂੰ ਇੰਟੈਲੀਜੈਂਟ ਮਾਈਨਸ ਵੀ ਕਿਹਾ ਜਾਂਦਾ ਹੈ ਕਿਉਂਕਿ ਟੈਂਕਰ, ਹਮਲਾਵਰ ਜਹਾਜ਼ ਜਾਂ ਵਪਾਰਕ ਜਹਾਜ਼ 'ਚ ਫਰਕ ਪਛਾਣ ਇਹ ਉਨ੍ਹਾਂ 'ਤੇ ਅਟੈਕ ਕਰ ਸਕਦੀਆਂ ਹਨ। ਇਨ੍ਹਾਂ ਨੂੰ ਪ੍ਰੋਗਰਾਮ ਕੀਤਾ ਜਾਂਦਾ ਹੈ ਅਤੇ ਇਸੇ ਦੇ ਆਧਾਰ 'ਤੇ ਇਹ ਜਹਾਜ਼ਾਂ 'ਚ ਫਰਕ ਨੂੰ ਸਮਝਦੀਆਂ ਹਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ।"
ਸਮੁੰਦਰੀ ਬਾਰੂਦੀ ਸੁਰੰਗਾਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ ?

ਤਸਵੀਰ ਸਰੋਤ, Roger Viollet via Getty Images
ਸਮੁੰਦਰੀ ਬਾਰੂਦੀ ਸੁਰੰਗਾਂ ਤਕਨੀਕ ਦੇ ਵਿਕਾਸ ਦੇ ਨਾਲ-ਨਾਲ ਕਾਫੀ ਵਿਕਸਿਤ ਹੋ ਚੁੱਕੀਆਂ ਹਨ।
ਰੋਬਰਟ ਸਟ੍ਰਾਸ ਸੈਂਟਰ ਫਾਰ ਸਿਕਿਓਰਿਟੀ ਐਂਡ ਲਾਅ ਮੁਤਾਬਕ ਇਹ ਸੁਰੰਗਾਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ।
ਕਾਂਟੈਕਟ ਸੁਰੰਗਾਂ ਉਦੋਂ ਫਟਦੀਆਂ ਹਨ ਜਦੋਂ ਕੋਈ ਜਹਾਜ਼ ਉਨ੍ਹਾਂ ਨਾਲ ਸਿੱਧਾ ਟਕਰਾਉਂਦਾ ਹੈ ਜਾਂ ਬਹੁਤ ਨੇੜੇ ਆ ਜਾਂਦਾ ਹੈ। ਇਨ੍ਹਾਂ ਨੂੰ ਲਗਾਉਣਾ ਸਭ ਤੋਂ ਆਸਾਨ ਹੁੰਦਾ ਹੈ।
ਇਨਫਲੂਐਂਸ ਸੁਰੰਗਾਂ ਤਕਨੀਕੀ ਤੌਰ 'ਤੇ ਜ਼ਿਆਦਾ ਆਧੁਨਿਕ ਹੁੰਦੀਆਂ ਹਨ ਅਤੇ ਇਨ੍ਹਾਂ 'ਚ ਵਿਸਫੋਟ ਲਈ ਸਿੱਧਾ ਸੰਪਰਕ 'ਚ ਆਉਣ ਦੀ ਲੋੜ ਨਹੀਂ ਹੁੰਦੀ।
ਇਹ ਸੈਂਸਰ ਜ਼ਰੀਏ ਜਹਾਜ਼ ਤੋਂ ਆਉਣ ਵਾਲੇ ਖਾਸ ਸੰਕੇਤਾਂ ਨੂੰ ਪਛਾਣ ਲੈਂਦੇ ਹਨ। ਇਨ੍ਹਾਂ 'ਚ ਚੁੰਬਕੀ, ਧੁਨੀ, ਦਬਾਅ, ਹਲਚਲ ਜਾਂ ਫਿਰ ਪਾਣੀ ਦੇ ਹੇਠਾਂ ਵਾਲੇ ਇਲੈਕਟ੍ਰਿਕ ਸੰਕੇਤ ਸ਼ਾਮਿਲ ਹੋ ਸਕਦੇ ਹਨ।
ਤੀਜੀ ਸ਼੍ਰੇਣੀ ਦੀਆਂ ਬਾਰੂਦੀ ਸੁਰੰਗਾਂ ਕੰਟਰੋਲਡ ਸੁਰੰਗਾਂ ਹੁੰਦੀਆਂ ਹਨ ਜਿਨ੍ਹਾਂ 'ਚ ਰਿਮੋਟ ਜ਼ਰੀਏ ਵਿਸਫੋਟ ਕੀਤਾ ਜਾਂਦਾ ਹੈ।
ਪਾਣੀ 'ਚ ਇਨ੍ਹਾਂ ਨੂੰ ਕਈ ਤਰੀਕਿਆਂ ਨਾਲ ਲਗਾਇਆ ਜਾਂਦਾ ਹੈ।
ਡ੍ਰਿਫਟਿੰਗ ਮਾਈਨਸ
ਇਨ੍ਹਾਂ ਨੂੰ ਪਾਣੀ 'ਚ ਉਤਾਰਿਆ ਜਾਂਦਾ ਹੈ ਅਤੇ ਇਹ ਧਾਰਾ ਦੀ ਮਦਦ ਨਾਲ ਵਹਿੰਦੀਆਂ ਰਹਿੰਦੀਆਂ ਹਨ।
ਮੂਰਡ ਮਾਈਨਸ
ਇਹ ਵੱਡੀਆਂ, ਐਂਕਰ ਨਾਲ ਬੰਨ੍ਹੀਆਂ 'ਕਾਂਟੈਕਟ' ਮਾਈਨਸ ਹੁੰਦੀਆਂ ਹਨ ਜੋ ਪਾਣੀ ਦੀ ਸਤ੍ਹਾ ਤੋਂ ਠੀਕ ਹੇਠਾਂ ਤੈਰਦੀਆਂ ਹਨ। ਜਦੋਂ ਕੋਈ ਜਹਾਜ਼ ਇਨ੍ਹਾਂ ਨਾਲ ਟਕਰਾਉਂਦਾ ਹੈ ਤਾਂ ਇਹ ਫੱਟ ਜਾਂਦੀਆਂ ਹਨ ਅਤੇ ਲਗਭਗ 100 ਪਾਊਂਡ ਜਾਂ ਇਸ ਤੋਂ ਵੱਧ ਐਕਸਪਲੋਸਿਵ ਫੋਰਸ ਰਿਲੀਜ਼ ਕਰਦੀਆਂ ਹਨ।
ਬੌਟਮ ਮਾਈਨਸ
ਇਹ 'ਇਨਫਲੂਐਂਸ' ਸੁਰੰਗਾਂ ਹੁੰਦੀਆਂ ਹਨ ਜੋ ਸਮੁੰਦਰ ਦੀ ਸਤ੍ਹਾ 'ਤੇ ਰੱਖੀਆਂ ਜਾਂਦੀਆਂ ਹਨ।
ਇਹ ਸੈਂਸਰਾਂ ਦੇ ਸੁਮੇਲ ਦੇ ਇਸਤੇਮਾਲ ਨਾਲ ਜਹਾਜ਼ ਨੂੰ ਪਛਾਣਦੀਆਂ ਹਨ ਅਤੇ ਸੈਂਕੜੇ ਪਾਊਂਡ ਐਕਸਪਲੋਸਿਵ ਫੋਰਸ ਨਾਲ ਫੱਟਦੀਆਂ ਹਨ।
ਲਿੰਪੇਟ ਮਾਈਨਸ
ਇਹ ਛੋਟੇ ਵਿਸਫੋਟਕ ਹੁੰਦੇ ਹਨ, ਜਿਨ੍ਹਾਂ ਨੂੰ ਗੋਤਾਖੋਰ ਜਹਾਜ਼ ਦੇ ਢਾਂਚੇ ਯਾਨੀ ਹੁਲ (ਅੱਗੇ ਦਾ ਹਿੱਸਾ) ਦੇ ਹੇਠਾਂ ਚਿਪਕਾ ਸਕਦੇ ਹਨ। ਇਨ੍ਹਾਂ ਨੂੰ ਇੱਕ ਤੈਅ ਸਮੇਂ ਤੋਂ ਬਾਅਦ ਫੱਟਣ ਲਈ ਟਾਈਮਰ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਹੋਰਮੁਜ਼ 'ਚ ਈਰਾਨ ਦੀਆਂ ਬਾਰੂਦੀ ਸੁਰੰਗਾਂ ਦਾ ਸੱਚ
ਅਮਰੀਕਾ ਮੁਤਾਬਕ ਈਰਾਨ ਨੇ ਹੋਰਮੁਜ਼ ਸਟ੍ਰੇਟ 'ਚ ਪੰਜ ਤੋਂ ਛੇ ਹਜ਼ਾਰ ਬਾਰੂਦੀ ਸੁਰੰਗਾਂ ਵਿਛਾ ਰੱਖੀਆਂ ਹਨ।
ਇਨ੍ਹਾਂ 'ਚ ਕਾਂਟੈਕਟ ਮਾਈਨਸ ਅਤੇ ਇਨਫਲੂਐਂਸ ਮਾਈਨਸ ਦੋਵੇਂ ਹਨ, ਜਿਨ੍ਹਾਂ ਨੂੰ ਹਾਈ ਸਪੀਡ ਬੋਟ ਦਾ ਇਸਤੇਮਾਲ ਕਰ ਤੇਜ਼ੀ ਨਾਲ ਵਿਛਾਇਆ ਜਾ ਸਕਦਾ ਹੈ।
ਰਾਇਟਰਸ ਦੀ ਇੱਕ ਰਿਪੋਰਟ ਮੁਤਾਬਕ, ਇਸ ਜੰਗ ਦੌਰਾਨ ਮਾਰਚ ਦੇ ਮੱਧ 'ਚ ਈਰਾਨ ਨੇ ਇੱਕ ਦਰਜਨ ਬਾਰੂਦੀ ਸੁਰੰਗਾਂ ਇੱਥੇ ਵਿਛਾਈਆਂ ਹਨ।
ਪਰ ਰਾਹੁਲ ਬੇਦੀ ਕਹਿੰਦੇ ਹਨ, "ਅਜੇ ਕਿਸੇ ਨੂੰ ਪਤਾ ਨਹੀਂ ਹੈ ਕਿ ਹੋਰਮੁਜ਼ ਸਟ੍ਰੇਟ ਦੀ ਅਸਲ ਸਥਿਤੀ ਕੀ ਹੈ। ਇੱਥੋਂ ਦੀ ਸਥਿਤੀ ਨੂੰ ਲੈਕੇ ਕਾਫੀ ਖਦਸ਼ੇ ਹਨ। ਅਮਰੀਕੀ ਜਹਾਜ਼ ਕਿੱਥੇ ਹਨ ਅਤੇ ਈਰਾਨ ਦੇ ਜਹਾਜ਼ ਦਾ ਕੰਟਰੋਲ ਕਿੱਥੇ ਹੈ, ਕਿਸੇ ਨੂੰ ਪਤਾ ਨਹੀਂ। ਇਸ ਲਈ ਇੱਥੋਂ ਦੀ ਅਸਲ ਤਸਵੀਰ ਨਹੀਂ ਮਿਲ ਪਾ ਰਹੀ।"
ਉਹ ਕਹਿੰਦੇ ਹਨ, "ਪਰ ਇੰਨਾ ਤੈਅ ਹੈ ਕਿ ਜੇਕਰ ਅਮਰੀਕੀ ਦਾਅਵਿਆਂ ਦੇ ਮੁਤਾਬਕ ਈਰਾਨ ਨੇ ਇੰਨੀਆਂ ਜ਼ਿਆਦਾ ਮਾਈਨਸ ਵਿਛਾ ਰੱਖੀਆਂ ਹਨ ਤਾਂ ਉਸਨੇ ਇਸ ਸਟ੍ਰੇਟ ਨੂੰ ਹਥਿਆਰਬੰਦ ਕਰ ਰੱਖਿਆ ਹੈ। ਇਹੀ ਈਰਾਨ ਦੀ ਤਾਕਤ ਬਣ ਗਈ ਹੈ ਕਿਉਂਕਿ ਸਮੁੰਦਰ 'ਚ ਵਿਛਾਈਆਂ ਗਈਆਂ ਬਾਰੂਦੀ ਸੁਰੰਗਾਂ ਨੂੰ ਹਟਾਉਣਾ ਬਹੁਤ ਮੁਸ਼ਕਿਲ ਹੈ ਅਤੇ ਇਸ 'ਚ ਕਾਫੀ ਸਮਾਂ ਲੱਗਦਾ ਹੈ। ਇੱਕ ਤਰ੍ਹਾਂ ਨਾਲ ਈਰਾਨ ਨੇ ਇਨ੍ਹਾਂ ਨੂੰ ਆਪਣਾ ਰਣਨੀਤਕ ਹਥਿਆਰ ਬਣਾ ਲਿਆ ਹੈ।"

ਬਾਰੂਦੀ ਸੁਰੰਗਾਂ ਨੂੰ ਹਟਾਉਣਾ ਮੁਸ਼ਕਿਲ ਕੰਮ ਕਿਉਂ ਹੈ ?
ਅਮਰੀਕਾ ਦਾ ਕਹਿਣਾ ਹੈ ਕਿ ਉਸਦੇ ਮਾਈਨਸ ਸਵੀਪਰ ਇਨ੍ਹਾਂ ਸੁਰੰਗਾਂ ਨੂੰ ਲੱਭ ਕੇ ਇਨ੍ਹਾਂ ਨੂੰ ਹਟਾਉਣ ਦੇ ਕੰਮ 'ਚ ਜੁਟੇ ਹਨ ਪਰ ਮਾਹਰਾਂ ਮੁਤਾਬਕ ਇਨ੍ਹਾਂ ਨੂੰ ਲੱਭਣਾ ਅਤੇ ਹਟਾਉਣਾ ਬਹੁਤ ਮੁਸ਼ਕਿਲ ਅਤੇ ਸਮਾਂ ਲੈਣ ਵਾਲਾ ਕੰਮ ਹੈ।
ਸੀ ਮਾਈਨਸ ਨੂੰ ਲਗਾਉਣਾ ਆਸਾਨ ਹੈ ਪਰ ਹਟਾਉਣਾ ਮੁਸ਼ਕਿਲ ਹੈ। ਇਹ ਸਮੁੰਦਰ ਦੀ ਸਤ੍ਹਾ, ਇਸ ਦੇ ਅੰਦਰ ਜਾਂ ਫਿਰ ਸਮੁੰਦਰ ਤਲ 'ਤੇ ਹੋ ਸਕਦੀਆਂ ਹਨ।
ਜੇਕਰ ਉਹ ਤੈਰ ਰਹੀਆਂ ਹੋਣ ਤਾਂ ਸਮੁੰਦਰੀ ਧਾਰਾਵਾਂ ਦੀ ਵਜ੍ਹਾ ਨਾਲ ਆਪਣੀ ਥਾਂ ਬਦਲ ਸਕਦੀਆਂ ਹਨ।
ਇੱਕ ਵਾਰ ਸਾਫ ਕਰ ਦੇਣ ਦੇ ਬਾਵਜੂਦ ਉਹ ਜਗ੍ਹਾ ਫਿਰ ਤੋਂ ਖਤਰਨਾਕ ਹੋ ਸਕਦੀ ਹੈ।
ਈਰਾਨ ਨੂੰ ਖੁਦ ਪਤਾ ਨਹੀਂ ਹੈ ਕਿ ਉਸ ਦੀਆਂ ਮਾਈਨਸ ਕਿੱਥੇ ਹਨ ਕਿਉਂਕਿ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਜਲਦਬਾਜ਼ੀ 'ਚ ਵਿਛਾਇਆ ਗਿਆ ਹੋਵੇ ਜਾਂ ਫਿਰ ਹਰ ਮਾਈਨਸ ਦੀ ਲੋਕੇਸ਼ਨ ਰਿਕਾਰਡ ਨਹੀਂ ਕੀਤੀ ਗਈ ਹੋਵੇ ਜਾਂ ਕੁਝ ਮਾਈਨਸ ਨੂੰ ਜਾਣਬੁੱਝ ਕੇ ਤੈਰਨ ਲਈ ਛੱਡ ਦਿੱਤਾ ਗਿਆ ਹੋਵੇ।
ਰਾਹੁਲ ਬੇਦੀ ਕਹਿੰਦੇ ਹਨ, "ਬਾਰੂਦੀ ਸੁਰੰਗਾਂ ਨੂੰ ਹਟਾਉਣਾ ਬਹੁਤ ਮੁਸ਼ਕਿਲ, ਪੇਚੀਦਾ ਕੰਮ ਹੈ ਅਤੇ ਇਸ 'ਚ ਕਾਫੀ ਸਮਾਂ ਲੱਗਦਾ ਹੈ। ਈਰਾਨ ਨੂੰ ਵੀ ਇਹ ਪਤਾ ਹੈ। ਹੋਰਮੁਜ਼ 'ਚ ਕਿੰਨੀਆਂ ਸੁਰੰਗਾਂ ਹਨ, ਇਸ ਬਾਰੇ ਕਿਸੇ ਨੂੰ ਪੱਕੇ ਤੌਰ 'ਤੇ ਪਤਾ ਨਹੀਂ ਹੈ ਪਰ ਇੱਥੇ ਈਰਾਨ ਨੇ ਸੀ ਮਾਈਨਸ ਲਗਾਉਣ ਦੀ ਗੱਲ ਕਰ ਫਿਲਹਾਲ ਮਨੋਵਿਗਿਆਨਕ ਤੌਰ 'ਤੇ ਬੜ੍ਹਤ ਬਣਾ ਰੱਖੀ ਹੈ।"
ਮਾਹਰਾਂ ਮੁਤਾਬਕ ਦੋ ਤਰੀਕੇ ਨਾਲ ਮਾਈਨਸ ਹਟਾਏ ਜਾਂਦੇ ਹਨ। ਮਾਈਨਸ ਸਵੀਪਿੰਗ ਜ਼ਰੀਏ ਅਤੇ ਮਾਈਨਸ ਹੰਟਿੰਗ ਜ਼ਰੀਏ। ਮਾਈਨਸ ਸਵੀਪਿੰਗ 'ਚ ਜਹਾਜ਼ ਤਾਰ ਜਾਂ ਉਪਕਰਨ ਖਿੱਚ ਕੇ ਮਾਈਨਸ ਨੂੰ ਕੱਟਦੇ ਹਨ ਅਤੇ ਇਨ੍ਹਾਂ ਨੂੰ ਉੱਪਰ ਲਿਆ ਕੇ ਤਬਾਹ ਕਰਦੇ ਹਨ।
ਉਧਰ ਮਾਈਨਸ ਹੰਟਿੰਗ 'ਚ ਸੋਨਾਰ ਜ਼ਰੀਏ ਮਾਈਨਸ ਲੱਭੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਰੋਬੋਟ ਜਾਂ ਡ੍ਰੋਨ ਜ਼ਰੀਏ ਤਬਾਹ ਕੀਤਾ ਜਾਂਦਾ ਹੈ, ਫਿਰ ਗੋਤਾਖੋਰਾਂ ਦੀ ਮਦਦ ਲੈਣੀ ਪੈਂਦੀ ਹੈ।

ਭਾਰਤ ਦੀ ਕੀ ਸਥਿਤੀ ਹੈ
ਰਾਹੁਲ ਬੇਦੀ ਮੁਤਾਬਕ ਭਾਰਤ ਨੇ ਕਦੇ ਸਮੁੰਦਰੀ ਬਾਰੂਦੀ ਸੁਰੰਗਾਂ ਦਾ ਇਸਤੇਮਾਲ ਨਹੀਂ ਕੀਤਾ ਹੈ।
ਉਹ ਕਹਿੰਦੇ ਹਨ, "ਭਾਰਤ ਕੋਲ ਸੋਵੀਅਤ ਜ਼ਮਾਨੇ ਜਾਂ ਰੂਸ ਦੇ 10-12 ਮਾਈਨਸ ਸਨ ਪਰ ਅੱਜ ਦੀ ਤਾਰੀਕ 'ਚ ਉਸ ਕੋਲ ਕੋਈ ਮਾਈਨਸ ਸਵੀਪਰ ਨਹੀਂ ਹਨ।"
"ਪਿਛਲੇ ਤਿੰਨ-ਚਾਰ ਸਾਲਾਂ 'ਚ ਭਾਰਤ ਨੇ ਕੋਸ਼ਿਸ਼ ਕੀਤੀ ਹੈ ਕਿ ਇਸਦਾ ਕਾਂਟ੍ਰੈਕਟ ਦਿੱਤਾ ਜਾਵੇ। ਸਾਊਥ ਕੋਰੀਆ ਅਤੇ ਇਟਲੀ ਨਾਲ ਗੱਲ ਚੱਲ ਰਹੀ ਸੀ ਪਰ ਇਸ 'ਤੇ ਸਹਿਮਤੀ ਨਹੀਂ ਬਣ ਪਾਈ ਹੈ।"
"ਮਾਈਨਸ ਸਵੀਪਰ ਸਪੈਸ਼ਲ ਜਹਾਜ਼ ਹੁੰਦਾ ਹੈ। ਉਨ੍ਹਾਂ ਦਾ ਹਾਰਡਵੇਅਰ, ਮਾਈਨਸ ਲੱਭਣ ਲਈ ਬਣਾਇਆ ਜਾਂਦਾ ਹੈ। ਇਸ ਦੇ ਖਾਸ ਟੂਲ ਹੁੰਦੇ ਹਨ ਜੋ ਮਾਈਨਸ ਨੂੰ ਹਟਾਉਂਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































