'ਆਪਣੇ ਹੀ ਘਰ 'ਚ ਫ਼ਿਲਮਾਇਆ ਜਾਣਾ ਟਾਰਚਰ ਸੀ', ਘਰ 'ਚ ਹੀ ਲੁਕ-ਲੁਕ ਕੇ ਰਿਕਾਰਡ ਕੀਤੇ ਭਾਵ ਵੋਇਰੀਜ਼ਮ ਦੇ ਸ਼ਿਕਾਰ ਲੋਕਾਂ ਨੇ ਕੀ ਦੱਸਿਆ?

ਲੂਸੀ ਡੋਮੇਲ
ਤਸਵੀਰ ਕੈਪਸ਼ਨ, ਪਿਛਲੇ ਸਾਲ ਅਕਤੂਬਰ ਵਿੱਚ, ਗੁਏਰਨਸੇ ਪੁਲਿਸ ਨੇ ਲੂਸੀ ਨੂੰ ਦੱਸਿਆ ਕਿ ਉਹ ਵੋਇਰੀਜ਼ਮ ਦੇ ਸ਼ਿਕਾਰ ਹੋਏ ਹਨ
    • ਲੇਖਕ, ਜੌਨ ਫ਼ਰਨਾਂਡੇਜ਼
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 5 ਮਿੰਟ

ਇੱਕ ਮਹਿਲਾ ਜਿਸਨੂੰ ਉਸਦੇ ਆਪਣੇ ਹੀ ਘਰ ਵਿੱਚ ਲੁਕ ਕੇ ਫ਼ਿਲਮਾਇਆ ਗਿਆ ਸੀ, ਉਸਦਾ ਕਹਿਣਾ ਹੈ ਕਿ ਇਸ ਤਜਰਬੇ ਨੇ "ਉਸਦੀ ਜ਼ਿੰਦਗੀ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ" ਅਤੇ ਇਹ ਉਸਨੂੰ ਅਸੁਰੱਖਿਅਤ ਮਹਿਸੂਸ ਕਰਵਾ ਰਿਹਾ ਹੈ।

ਲੂਸੀ ਡੋਮੇਲ, ਗੁਏਰਨਸੇ ਵਿੱਚ ਰਹਿੰਦੇ ਹਨ, ਜੋ ਇੱਕ ਬ੍ਰਿਟਿਸ਼ ਟਾਪੂ ਹੈ। ਲੂਸੀ ਨੇ ਜਿਨਸੀ ਅਪਰਾਧ ਦੀ ਸ਼ਿਕਾਰ ਦੇ ਤੌਰ 'ਤੇ ਹੁਣ ਹੋਰ ਲੁਕ ਕੇ ਨਾ ਰਹਿਣ ਦਾ ਫੈਸਲਾ ਕੀਤਾ ਹੈ, ਤਾਂ ਜੋ ਉਹ ਜਨਤਕ ਤੌਰ 'ਤੇ ਇਸ ਬਾਰੇ ਗੱਲ ਕਰ ਸਕਣ ਕਿ ਵੋਇਰੀਜ਼ਮ (ਚੋਰੀ-ਛਿੱਪੇ ਵੇਖਣਾ) ਦਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਕੀ ਅਸਰ ਪਿਆ ਹੈ।

ਲੂਸੀ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਨੀਂਦ ਨਹੀਂ ਆਉਂਦੀ।"

ਉਨ੍ਹਾਂ ਅੱਗੇ ਕਿਹਾ, "ਹਰ ਆਵਾਜ਼ 'ਤੇ, ਜਦੋਂ ਵੀ ਦਰਵਾਜ਼ਾ ਖੁਲਦਾ ਹੈ ਤਾਂ ਅਜਿਹਾ ਲੱਗਦਾ ਹੈ ਜਿਵੇਂ ਕੋਈ 24 ਘੰਟੇ ਤੁਹਾਨੂੰ ਦੇਖ ਰਿਹਾ ਹੋਵੇ। ਇਸਨੇ ਮੇਰੀ ਜ਼ਿੰਦਗੀ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਇਸਨੇ ਮੇਰੇ ਦਿਮਾਗ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ।"

ਦੋਸ਼ੀ ਨਿਕਲਿਆ 25 ਸਾਲ ਪੁਰਾਣਾ ਜਾਣਕਾਰ

ਚੋਰੀ-ਛਿੱਪੇ ਰਿਕਾਰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੋਸ਼ੀ ਨੇ ਲੂਸੀ ਨੂੰ ਚੋਰੀ-ਛਿੱਪੇ ਉਸ ਵੇਲੇ ਰਿਕਾਰਡ ਕੀਤਾ ਜਦੋਂ ਉਹ ਆਪਣੇ ਘਰ ਵਿੱਚ ਨਹਾ ਕੇ ਬਾਹਰ ਨਿਕਲ ਰਹੇ ਸੀ (ਸੰਕੇਤਕ ਤਸਵੀਰ)

ਪਿਛਲੇ ਸਾਲ ਅਕਤੂਬਰ ਵਿੱਚ, ਗੁਏਰਨਸੇ ਪੁਲਿਸ ਨੇ ਲੂਸੀ ਨੂੰ ਦੱਸਿਆ ਕਿ ਉਹ ਵੋਇਰੀਜ਼ਮ ਦੇ ਸ਼ਿਕਾਰ ਹੋਏ ਹਨ।

ਇੱਕ ਵਿਅਕਤੀ, ਜਿਸਨੂੰ ਉਹ 25 ਸਾਲਾਂ ਤੋਂ ਜਾਣਦੇ ਸਨ, ਉਸਨੇ ਚੋਰੀ-ਛਿਪੇ ਲੂਸੀ ਨੂੰ ਉਸ ਵੇਲੇ ਰਿਕਾਰਡ ਕੀਤਾ ਜਦੋਂ ਉਹ ਆਪਣੇ ਘਰ ਵਿੱਚ ਨਹਾ ਕੇ ਬਾਹਰ ਨਿਕਲ ਰਹੇ ਸੀ। ਉਸ ਵਿਅਕਤੀ ਨੇ ਖਿੜਕੀ ਦੇ ਬਾਹਰ ਲੁਕ ਕੇ ਅਤੇ ਪਰਦਿਆਂ ਵਿੱਚ ਬਣੇ ਇੱਕ ਛੇਦ ਰਾਹੀਂ ਇਹ ਸਭ ਕੀਤਾ ਸੀ।

ਉਸ ਤੋਂ ਬਾਅਦ, ਜਦੋਂ ਵੀ ਲੂਸੀ ਦੀ ਸੌਣ ਦੌਰਾਨ ਕਦੇ ਅੱਖ ਖੁੱਲ੍ਹਦੀ ਹੈ, ਤਾਂ ਇਹ ਘਟਨਾ ਹੀ ਉਨ੍ਹਾਂ ਦੇ ਹਰ ਖ਼ਿਆਲ 'ਤੇ ਹਾਵੀ ਰਹਿੰਦੀ ਹੈ।

ਉਨ੍ਹਾਂ ਦੱਸਿਆ, "ਮੈਂ ਹੁਣ ਪਹਿਲਾਂ ਵਰਗੀ ਇਨਸਾਨ ਨਹੀਂ ਰਹੀ। ਇਹ ਮੇਰੀ ਰੂਹ ਲਈ ਬਹੁਤ ਵੱਡਾ ਝਟਕਾ ਹੈ, ਇਹ ਇੱਕ ਤਰ੍ਹਾਂ ਦਾ ਟਾਰਚਰ ਹੈ।"

ਇਸ ਘਟਨਾ ਨੇ ਉਨ੍ਹਾਂ ਤੋਂ ਉਨ੍ਹਾਂ ਦੀ ਸੁਰੱਖਿਆ ਦੀ ਭਾਵਨਾ ਵੀ ਖੋਹ ਲਈ ਹੈ।

ਉਨ੍ਹਾਂ ਅੱਗੇ ਕਿਹਾ, "ਜਦੋਂ ਤੁਸੀਂ ਘਰ ਪਹੁੰਚਦੇ ਹੋ, ਤਾਂ ਉਹ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਸੁਰੱਖਿਅਤ ਮਹਿਸੂਸ ਕਰੋ, ਪਰ ਮੈਂ ਉਹ ਭਾਵਨਾ ਪੂਰੀ ਤਰ੍ਹਾਂ ਗੁਆ ਦਿੱਤੀ ਹੈ।"

ਉਨ੍ਹਾਂ ਕਿਹਾ, "ਮੈਂ ਇਸੇ ਸੋਚ ਵਿੱਚ ਡੁੱਬੀ ਰਹਿੰਦੀ ਹਾਂ। ਮੈਨੂੰ ਨੀਂਦ ਨਹੀਂ ਆਉਂਦੀ... ਮੈਂ ਸਭ ਕੁਝ ਗੁਆ ਦਿੱਤਾ ਹੈ।"

"ਉਸਨੇ ਮੇਰੇ ਬੱਚਿਆਂ ਦਾ ਬਚਪਨ ਖੋਹ ਲਿਆ ਹੈ"

ਲੂਸੀ ਇੱਕ ਸੁਪਰਮਾਰਕਿਟ ਵਿੱਚ ਸਨ, ਤਦੋਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ 'ਤੇ ਦੋ ਪੁਲਿਸ ਅਧਿਕਾਰੀ ਆਏ ਹੋਏ ਹਨ ਅਤੇ ਲੂਸੀ ਬਾਰੇ ਪੁੱਛ ਰਹੇ ਹਨ।

ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕਿਰਕ ਬਿਸ਼ਪ ਦੇ ਸ਼ਿਕਾਰ ਹੋਏ ਸੀ। ਸਥਾਨਕ ਪੁਲਿਸ ਨੇ ਇੱਕ ਵੈੱਬਸਾਈਟ 'ਤੇ ਉਨ੍ਹਾਂ ਦੀ ਨਿੱਜਤਾ ਦੇ ਉਲੰਘਣ ਨਾਲ ਜੁੜੇ ਮਾਮਲਿਆਂ ਦਾ ਪਤਾ ਲਗਾਇਆ ਸੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਜੋ ਭਾਵਨਾਤਮਕ ਝਟਕਾ ਪਹੁੰਚਿਆ ਹੈ, ਉਸਦਾ ਮਤਲਬ ਇਹ ਹੈ ਕਿ "ਮੈਂ ਹੁਣ ਪਹਿਲਾਂ ਵਰਗੀ ਇਨਸਾਨ ਨਹੀਂ ਰਹੀ; ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਮੁੜ ਪਹਿਲਾਂ ਵਰਗੀ ਬਣ ਸਕਾਂਗੀ।"

ਦੋ ਛੋਟੇ ਬੱਚਿਆਂ ਦੀ ਮਾਂ ਹੋਣ ਦੇ ਨਾਤੇ, ਉਨ੍ਹਾਂ ਕਿਹਾ ਕਿ ਇਸ ਸਥਿਤੀ ਨੇ ਘਰ ਵਿੱਚ ਉਨ੍ਹਾਂ ਦੇ ਬੱਚਿਆਂ ਨਾਲ ਉਨ੍ਹਾਂ ਦੇ ਵਿਵਹਾਰ ਨੂੰ ਵੀ ਬਦਲ ਦਿੱਤਾ ਹੈ।

"ਕਈ ਵਾਰ ਕੋਈ ਬੱਚਾ ਬਾਥਰੂਮ ਤੋਂ ਬਾਹਰ ਆਉਂਦਾ ਹੈ ਅਤੇ ਬਿਨਾਂ ਕੱਪੜਿਆਂ ਦੇ ਹੀ ਹਾਲ ਵਿੱਚੋਂ ਦੌੜ ਕੇ ਆਪਣੇ ਬੈੱਡਰੂਮ ਵਿੱਚ ਚਲਾ ਜਾਂਦਾ ਹੈ। ਹੁਣ ਮੈਂ ਇਹ ਨਹੀਂ ਚਾਹੁੰਦੀ। ਉਸਨੇ ਮੇਰੇ ਬੱਚਿਆਂ ਦਾ ਬਚਪਨ ਖੋਹ ਲਿਆ ਹੈ। ਮੈਂ ਹੁਣ ਇਹ ਯਕੀਨੀ ਬਣਾਉਂਦੀ ਹਾਂ ਕਿ ਉਨ੍ਹਾਂ ਨੇ ਕੁਝ ਕੱਪੜੇ ਪਹਿਨੇ ਹੋਣ।"

12 ਵੱਖ-ਵੱਖ ਪੀੜਤਾਂ ਨਾਲ ਸੰਬੰਧਿਤ ਕੁੱਲ 20 ਦੋਸ਼

ਬਿਸ਼ਪ
ਤਸਵੀਰ ਕੈਪਸ਼ਨ, ਕੁਝ ਮਾਮਲਿਆਂ ਵਿੱਚ ਬਿਸ਼ਪ ਖਿੜਕੀ ਆਦਿ ਤੋੜ ਕੇ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ ਅਤੇ ਉਨ੍ਹਾਂ ਨੂੰ ਸੈਕਸ ਕਰਦੇ ਹੋਏ ਰਿਕਾਰਡ ਕੀਤਾ

40 ਸਾਲ ਦੇ ਬਿਸ਼ਪ ਨੇ 9 ਫ਼ਰਵਰੀ ਨੂੰ ਬ੍ਰਿਟਿਸ਼ ਨਿਆਂ ਪ੍ਰਣਾਲੀ ਅੱਗੇ 12 ਵੱਖ-ਵੱਖ ਪੀੜਤਾਂ ਨਾਲ ਸੰਬੰਧਿਤ ਕੁੱਲ 20 ਦੋਸ਼ ਸਵੀਕਾਰ ਕਰ ਲਏ ਹਨ।

ਇਨ੍ਹਾਂ ਦੋਸ਼ਾਂ ਵਿੱਚ ਜਿਨਸੀ ਅਪਰਾਧ ਕਰਨ ਦੇ ਇਰਾਦੇ ਨਾਲ ਚੋਰੀ, ਹਮਲਾ, ਤਾਕ-ਝਾਂਕ (ਵੋਇਰੀਜ਼ਮ), ਚੋਰੀ ਅਤੇ ਨਸ਼ੀਲੇ ਪਦਾਰਥ ਰੱਖਣਾ ਸ਼ਾਮਲ ਸੀ। ਇਹ ਸਭ 2022 ਤੋਂ 2025 ਦੇ ਵਿਚਕਾਰ ਹੋਇਆ।

ਕੁਝ ਮਾਮਲਿਆਂ ਵਿੱਚ ਉਹ ਖਿੜਕੀ ਆਦਿ ਤੋੜ ਕੇ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ ਅਤੇ ਉਨ੍ਹਾਂ ਨੂੰ ਸੈਕਸ ਕਰਦੇ ਹੋਏ ਰਿਕਾਰਡ ਕੀਤਾ।

ਹਾਲਾਂਕਿ, ਬਿਸ਼ਪ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵੀ, ਲੂਸੀ ਨੇ ਕਿਹਾ ਕਿ ਪੁਲਿਸ ਅਤੇ ਨਿਆਂ ਪ੍ਰਣਾਲੀ ਨਾਲ ਆਪਣੇ ਤਜਰਬੇ ਕਾਰਨ ਉਨ੍ਹਾਂ ਨੂੰ ਭਵਿੱਖ ਵਿੱਚ ਕਿਸੇ ਅਪਰਾਧ ਦੀ ਰਿਪੋਰਟ ਕਰਨ ਦੀ ਸੰਭਾਵਨਾ 'ਤੇ ਖਦਸ਼ਾ ਹੈ।

ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਦਿੱਤੀ ਗਈ ਸਲਾਹ ਦਾ ਇੱਕ ਹਿੱਸਾ ਇਹ ਸੀ ਕਿ "ਇਹ ਯਕੀਨੀ ਬਣਾਇਆ ਜਾਵੇ ਕਿ ਪਰਦੇ ਠੀਕ ਤਰ੍ਹਾਂ ਨਾਲ ਬੰਦ ਹੋਣ।"

ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਬਿਸ਼ਪ ਦੇ ਕਿਸੇ ਡਿਵਾਈਸ 'ਤੇ ਮਿਲੀ ਲੂਸੀ ਦੀ ਇੱਕ ਤਸਵੀਰ ਦਰਅਸਲ ਇੱਕ ਵੀਡੀਓ ਦਾ ਇੱਕ ਫਰੇਮ ਸੀ, ਜਿਸਨੂੰ ਪਹਿਲਾਂ ਪੁਲਿਸ ਸਟੇਸ਼ਨ 'ਚ ਇਸ ਲਈ ਸਾਂਝਾ ਕੀਤਾ ਗਿਆ ਸੀ ਤਾਂ ਜੋ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਿੱਜਤਾ ਦਾ ਇੱਕ ਵਾਰ ਫਿਰ ਉਲੰਘਣ ਹੋਇਆ ਹੈ।

ਲੂਸੀ ਨੇ ਅਖੀਰ ਵਿੱਚ ਕਿਹਾ ਕਿ ਇੱਕ ਟਾਪੂ 'ਤੇ ਰਹਿਣ ਦੀਆਂ ਸਭ ਤੋਂ ਵਧੀਆ ਗੱਲਾਂ ਵਿੱਚੋਂ ਇੱਕ ਸੀ - ਸੁਰੱਖਿਆ ਦਾ ਅਹਿਸਾਸ, ਜੋ ਉਨ੍ਹਾਂ ਮੁਤਾਬਕ ਹੁਣ ਉਹ ਪੂਰੀ ਤਰ੍ਹਾਂ ਗੁਆਚ ਚੁੱਕਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)