ਕਾਮਨਵੈਲਥ ਗੇਮਜ਼ 2026: ਐਥਲੀਟ ਗਿਆਨੇਸ਼ਵਰੀ ਯਾਦਵ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਸਿਲਵਰ ਮੈਡਲ

ਤਸਵੀਰ ਸਰੋਤ, Getty Images
ਕਾਮਨਵੈਲਥ ਗੇਮਜ਼ 2026 ਵਿੱਚ ਐਥਲੀਟ ਗਿਆਨੇਸ਼ਵਰੀ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਲ ਕੀਤਾ ਹੈ।
ਉਨ੍ਹਾਂ ਨੇ ਔਰਤਾਂ ਦੇ 53 ਕਿਲੋਗ੍ਰਮ ਭਾਰ ਵਰਗ ਵਿੱਚ ਕੁੱਲ 199 ਕਿਲੋਗ੍ਰਾਮ ਭਾਰ ਚੁੱਕਿਆ, ਜਿਸ ਵਿੱਚ 88 ਕਿਲੋਗ੍ਰਾਮ ਸਨੈਚ ਅਤੇ 111 ਕਿਲੋਗ੍ਰਾਮ ਕਲੀਨ ਐਂਡ ਜਰਕ ਸ਼ਾਮਲ ਹੈ।
ਇਹ ਉਨ੍ਹਾਂ ਦਾ ਕੁੱਲ ਭਾਰ ਅਤੇ ਕਲੀਨ ਐਂਡ ਜਰਕ ਮੁਕਾਬਲੇ ਵਿੱਚ ਨਿੱਜੀ ਸਰਵੋਤਮ ਪ੍ਰਦਰਸ਼ਨ ਹੈ।
ਛੱਤੀਸਗੜ੍ਹ ਨਾਲ ਸਬੰਧਤ ਗਿਆਨੇਸ਼ਵਰੀ ਪਟਿਆਲਾ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਵਿੱਚ ਰਾਸ਼ਟਰੀ ਕੋਚਿੰਗ ਪ੍ਰੋਗਰਾਮ ਤਹਿਤ ਟ੍ਰੇਨਿੰਗ ਕਰਦੀ ਰਹੀ ਹੈ।
ਗਿਆਨੇਸ਼ਵਰੀ ਨੇ ਕਾਮਨਵੈਲਥ ਚੈਂਪੀਅਨਸ਼ਿਪ, ਏਸ਼ੀਆਈ ਚੈਂਪੀਅਨਸ਼ਿਪ ਅਤੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਸਣੇ ਕਈ ਵੱਡੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਮੀਰਾਬਾਈ ਚਾਨੂ ਨੇ ਲਗਾਤਾਰ ਤੀਜੀ ਵਾਰ ਜਿੱਤਿਆ ਗੋਲਡ

ਤਸਵੀਰ ਸਰੋਤ, Mattia Ozbot/Getty Images
ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਗਲਾਸਗੋ ਕਾਮਨਵੈਲਥ ਗੇਮਜ਼ ਵਿੱਚ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤ ਲਿਆ ਹੈ।
ਮੀਰਾਬਾਈ ਨੇ ਲਗਾਤਾਰ ਤੀਜੀ ਵਾਰ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ।
ਮਹਿਲਾਵਾਂ ਦੇ 48 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਵਿੱਚ ਮੀਰਾਬਾਈ ਨੇ ਕਈ ਰਿਕਾਰਡ ਤੋੜੇ।
ਉਨ੍ਹਾਂ ਨੇ ਸਨੈਚ ਵਿੱਚ 85 ਕਿਲੋਗ੍ਰਾਮ, ਕਲੀਨ ਐਂਡ ਜਰਕ ਵਿੱਚ 105 ਕਿਲੋਗ੍ਰਾਮ ਸਮੇਤ ਕੁੱਲ 190 ਕਿਲੋਗ੍ਰਾਮ ਭਾਰ ਚੁੱਕਿਆ।
ਮੀਰਾਬਾਈ ਚਾਨੂ ਨੇ ਕਾਮਨਵੈਲਥ ਗੇਮਜ਼ ਵਿੱਚ ਸਨੈਚ ਵਿੱਚ 85 ਕਿਲੋਗ੍ਰਾਮ ਭਾਰ ਚੁੱਕਿਆ ਹੈ, ਜੋ ਕਿ ਇੱਕ ਰਿਕਾਰਡ ਹੈ।
ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਮੀਰਾਬਾਈ ਚਾਨੂ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ। ਕਾਮਨਵੈਲਥ ਖੇਡਾਂ ਵਿੱਚ ਇਹ ਮੇਰਾ ਤੀਜਾ ਸੋਨੇ ਦਾ ਤਮਗਾ ਹੈ। ਕੁੱਲ ਮਿਲਾ ਕੇ ਇਹ ਮੇਰਾ ਚੌਥਾ ਤਮਗਾ ਹੈ। ਮੇਰਾ ਸਫ਼ਰ 2014 ਦੀਆਂ ਕਾਮਨਵੈਲਥ ਖੇਡਾਂ ਤੋਂ ਹੀ ਸ਼ੁਰੂ ਹੋਇਆ ਸੀ, ਜਿੱਥੇ ਮੈਂ ਚਾਂਦੀ ਦਾ ਤਮਗਾ ਜਿੱਤਿਆ ਸੀ।"
ਉਨ੍ਹਾਂ ਕਿਹਾ, "ਅੱਜ ਭਾਰਤ ਲਈ ਸੋਨੇ ਦਾ ਤਮਗਾ ਜਿੱਤ ਕੇ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਲਗਾਤਾਰ ਸੋਨੇ ਦੇ ਤਮਗੇ ਜਿੱਤਣਾ ਕਿਸੇ ਵੀ ਖਿਡਾਰੀ ਲਈ ਬਹੁਤ ਵੱਡੀ ਉਪਲਬਧੀ ਹੁੰਦੀ ਹੈ, ਇਸ ਲਈ ਅੱਜ ਮੈਂ ਬਹੁਤ ਖੁਸ਼ ਹਾਂ।"
ਮੀਰਾਬਾਈ ਚਾਨੂ ਨੇ ਲਗਾਤਾਰ ਤੀਜੀ ਵਾਰ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਹੈ ਪਰ ਉਹ ਇਸ ਤੋਂ ਪਹਿਲਾਂ ਚਾਂਦੀ ਦਾ ਤਗ਼ਮਾ ਵੀ ਜਿੱਤ ਚੁੱਕੇ ਹਨ।
ਉਨ੍ਹਾਂ ਨੇ ਸਾਲ 2014 ਵਿੱਚ ਗਲਾਸਗੋ ਵਿੱਚ ਹੀ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2018 ਦੀਆਂ ਗੋਲਡ ਕੋਸਟ ਕਾਮਨਵੈਲਥ ਗੇਮਜ਼ ਵਿੱਚ ਸੋਨ ਤਗ਼ਮਾ ਜਿੱਤਿਆ ਸੀ, ਫਿਰ ਸਾਲ 2022 ਦੀਆਂ ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ।
ਮੀਰਾਬਾਈ ਨੇ ਟੋਕਿਓ ਓਲੰਪਿਕਸ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਜਿਸ ਨਾਲ ਉਹ ਅਜਿਹਾ ਇਤਿਹਾਸ ਰਚਣ ਵਾਲੇ ਪਹਿਲੇ ਭਾਰਤੀ ਬਣੇ ਸਨ।
ਦੋ ਵਾਰ ਜਿੱਤਿਆ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ
ਵੇਟਲਿਫ਼ਟਰ ਮੀਰਾਬਾਈ ਚਾਨੂ ਨੇ ਸਾਲ 2022 ਦਾ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ ਜਿੱਤਿਆ ਸੀ।
ਚਾਨੂ ਨੂੰ ਜਨਤਕ ਵੋਟਿੰਗ ਦੇ ਨਤੀਜੇ ਆਉਣ ਤੋਂ ਬਾਅਦ ਜੇਤੂ ਐਲਾਨਿਆ ਗਿਆ ਸੀ।
ਸਾਲ 2021 ਦਾ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ਼ ਦਿ ਈਅਰ ਐਵਾਰਡ ਵੀ ਉਨ੍ਹਾਂ ਨੇ ਹੀ ਜਿੱਤਿਆ ਸੀ।
ਮੀਰਾਬਾਈ ਚਾਨੂ ਨੇ ਕਿਹੜੇ-ਕਿਹੜੇ ਤਗ਼ਮੇ ਜਿੱਤੇ ਹਨ?

ਤਸਵੀਰ ਸਰੋਤ, NurPhoto via Getty Images
ਕਾਮਨਵੈਲਥ ਗੇਮਜ਼ 2014 - ਚਾਂਦੀ ਦਾ ਤਗ਼ਮਾ
ਵਿਸ਼ਵ ਚੈਂਪੀਅਨਸ਼ਿਪ 2017 - ਸੋਨ ਤਗ਼ਮਾ
ਕਾਮਨਵੈਲਥ ਗੇਮਜ਼ 2018 - ਸੋਨ ਤਗ਼ਮਾ
ਏਸ਼ੀਆਈ ਚੈਂਪੀਅਨਸ਼ਿਪ 2020 - ਕਾਂਸੀ ਦਾ ਤਗ਼ਮਾ
ਟੋਕਿਓ ਓਲੰਪਿਕ 2020 - ਚਾਂਦੀ ਦਾ ਤਗ਼ਮਾ
ਕਾਮਨਵੈਲਥ ਗੇਮਜ਼ 2022 - ਸੋਨ ਤਗ਼ਮਾ
ਵਿਸ਼ਵ ਚੈਂਪੀਅਨਸ਼ਿਪ 2022 - ਚਾਂਦੀ ਦਾ ਤਗ਼ਮਾ
ਵਿਸ਼ਵ ਚੈਂਪੀਅਨਸ਼ਿਪ 2025 - ਚਾਂਦੀ ਦਾ ਤਗ਼ਮਾ
ਕਾਮਨਵੈਲਥ ਗੇਮਜ਼ 2026 - ਸੋਨ ਤਗ਼ਮਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ




















