ਦੋ ਮੁੱਖ ਮੰਤਰੀਆਂ ਸਮੇਤ ਹੋਰ ਕਿਹੜੇ ਵੱਡੇ ਚਿਹਰੇ ਚੋਣ ਹਾਰੇ, ਕਿਹੜਿਆਂ ਨੇ ਜਿੱਤ ਕੀਤੀ ਹਾਸਿਲ ?

ਤਸਵੀਰ ਸਰੋਤ, ANI/GETTY IMAGES
ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਹਨ। ਇਨ੍ਹਾਂ ਚੋਣਾਂ ਵਿੱਚ ਰਹੇ ਚਰਚਿਤ ਚਿਹਰਿਆਂ ਦੇ ਨਤੀਜਿਆਂ ਦੀ ਚਰਚਾ ਕਰ ਰਹੇ ਹਾਂ।
ਸਭ ਤੋਂ ਪਹਿਲਾਂ ਗੱਲ ਪੱਛਮੀ ਬੰਗਾਲ ਵਿਧਾਨ ਸਭਾ ਚੋਣ ਵਿੱਚ ਨਾਮੀ ਚਿਹਰਿਆਂ ਬਾਰੇ।
ਮਮਤਾ ਬੈਨਰਜੀ

ਤਸਵੀਰ ਸਰੋਤ, Getty Images
ਸਾਲ 2011 ਤੋਂ ਭਵਾਨੀਪੁਰ ਸੀਟ ਤੋਂ ਜਿੱਤਦੀ ਆ ਰਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਇਸ ਸੀਟ ਤੋਂ ਹਾਰ ਗਈ ਹੈ।
ਇਸ ਵਾਰ ਬੀਜੇਪੀ ਦੇ ਸ਼ੁਭੇਂਦੁ ਅਧਿਕਾਰੀ ਮਮਤਾ ਬੈਨਰਜੀ ਨੂੰ ਭਵਾਨੀਪੁਰ ਵਿੱਚ ਚੁਣੌਤੀ ਦੇ ਰਹੇ ਸਨ। ਸ਼ੁਭੇਂਦੁ ਅਧਿਕਾਰੀ ਭਵਾਨੀਪੁਰ ਤੋਂ ਇਲਾਵਾ ਨੰਦੀਗ੍ਰਾਮ ਤੋਂ ਵੀ ਚੋਣ ਲੜ ਰਹੇ ਸਨ।
ਭਵਾਨੀਪੁਰ ਵਿੱਚ ਸ਼ੁਭੇਂਦੁ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ 15 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਇਸ ਵਾਰ ਮਮਤਾ ਬੈਨਰਜੀ ਦੀ ਪਾਰਟੀ ਵੀ ਸੱਤਾ ਤੋਂ ਬਾਹਰ ਹੋ ਗਈ ਅਤੇ ਬੀਜੇਪੀ ਨੇ ਪੱਛਮੀ ਬੰਗਾਲ ਵਿੱਚ ਬਹੁਮਤ ਹਾਸਿਲ ਕੀਤਾ ਹੈ।
ਸ਼ੁਭੇਂਦੁ ਅਧਿਕਾਰੀ

ਤਸਵੀਰ ਸਰੋਤ, Getty Images
ਨੰਦੀਗ੍ਰਾਮ ਵਿੱਚ ਸ਼ੁਭੇਂਦੁ ਅਧਿਕਾਰੀ ਨੇ ਨੌ ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਪਿਛਲੀਆਂ ਚੋਣਾਂ ਵਿੱਚ ਸ਼ੁਭੇਂਦੁ ਅਧਿਕਾਰੀ ਨੂੰ ਨੰਦੀਗ੍ਰਾਮ ਵਿੱਚ ਮਹਿਜ਼ 1956 ਵੋਟਾਂ ਨਾਲ ਹੀ ਜਿੱਤ ਮਿਲੀ ਸੀ।
ਨੰਦੀਗ੍ਰਾਮ ਵਿੱਚ 23 ਅਪ੍ਰੈਲ ਨੂੰ ਪਹਿਲੇ ਪੜਾਅ ਵਿੱਚ ਵੋਟਿੰਗ ਹੋਈ ਸੀ ਅਤੇ ਭਵਾਨੀਪੁਰ ਵਿੱਚ 29 ਅਪ੍ਰੈਲ ਨੂੰ ਦੂਜੇ ਪੜਾਅ ਵਿੱਚ ਵੋਟਿੰਗ ਹੋਈ। ਸ਼ੁਭੇਂਦੁ ਨੇ ਮਮਤਾ ਬੈਨਰਜੀ ਨੂੰ ਹਰਾ ਕੇ ਭਵਾਨੀਪੁਰ ਤੋਂ ਵੀ ਜਿੱਤ ਹਾਸਿਲ ਕੀਤੀ ਹੈ।
ਦਿਲੀਪ ਘੋਸ਼
ਖੜਗਪੁਰ ਸਦਰ ਤੋਂ ਬੀਜੇਪੀ ਦੇ ਸੀਨੀਅਰ ਨੇਤਾ ਦਿਲੀਪ ਘੋਸ਼ ਚੋਣ ਮੈਦਾਨ ਵਿੱਚ ਸਨ ਅਤੇ ਉਨ੍ਹਾਂ ਨੇ ਟੀਐਮਸੀ ਦੇ ਪ੍ਰਦੀਪ ਸਰਕਾਰ ਖ਼ਿਲਾਫ਼ ਤੀਹ ਹਜ਼ਾਰ ਤੋਂ ਵੱਧ ਵੋਟਾਂ ਤੋਂ ਜਿੱਤ ਦਰਜ ਕੀਤੀ ਹੈ।
2014 ਵਿੱਚ ਦਿਲੀਪ ਘੋਸ਼ ਆਰਐਸਐਸ ਤੋਂ ਬੀਜੇਪੀ ਵਿੱਚ ਲਿਆਂਦੇ ਗਏ ਸਨ ਅਤੇ ਬੰਗਾਲ ਬੀਜੇਪੀ ਵਿੱਚ ਮਹਾਂ ਸਕੱਤਰ ਬਣਾਏ ਗਏ ਸਨ। 2015 ਵਿੱਚ ਘੋਸ਼ ਨੂੰ ਪੱਛਮੀ ਬੰਗਾਲ ਬੀਜੇਪੀ ਦੀ ਕਮਾਨ ਸੌਂਪ ਦਿੱਤੀ ਗਈ ਸੀ।
ਦਿਲੀਪ ਘੋਸ਼ ਨੇ ਆਪਣੇ ਚੋਣ ਕਰੀਅਰ ਦੀ ਸ਼ੁਰੂਆਤ 2016 ਵਿੱਚ ਪੱਛਮੀ ਬੰਗਾਲ ਚੋਣਾਂ ਤੋਂ ਕੀਤੀ ਸੀ। ਉਨ੍ਹਾਂ ਨੇ ਕਾਂਗਰਸ ਨੇਤਾ ਗਿਆਨ ਸਿੰਘ ਸੋਹਨਪਾਲ ਨੂੰ ਖੜਗਪੁਰ ਸਦਰ ਤੋਂ ਹਰਾ ਦਿੱਤਾ। ਸੋਹਨਪਾਲ 1982 ਤੋਂ 2011 ਤੱਕ ਇਸ ਸੀਟ ਤੋਂ ਲਗਾਤਾਰ ਵਿਧਾਇਕ ਚੁਣੇ ਜਾਂਦੇ ਰਹੇ ਸੀ।
ਦਿਲੀਪ ਘੋਸ਼ ਦੀ ਅਗਵਾਈ ਵਿੱਚ ਪੱਛਮੀ ਬੰਗਾਲ ਬੀਜੇਪੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਤਿਹਾਸ ਰਚਿਆ ਸੀ, ਜਦੋਂ 42 ਵਿੱਚੋਂ 18 ਸੀਟਾਂ 'ਤੇ ਜਿੱਤ ਮਿਲੀ ਸੀ। ਬੀਜੇਜਪੀ ਦੇ ਖਾਤੇ ਵਿੱਚ 40 ਫ਼ੀਸਦੀ ਵੋਟ ਆਏ ਸੀ।
ਇਨ੍ਹਾਂ ਹੀ ਚੋਣਾਂ ਵਿੱਚ ਘੋਸ਼ ਵੀ ਮੇਦਿਨੀਪੁਰ ਲੋਕਸਭਾ ਸੀਟ ਤੋਂ ਸਾਂਸਦ ਚੁਣੇ ਗਏ ਸੀ। ਇੱਕ ਸਮੇਂ ਦਿਲੀਪ ਘੋਸ਼ ਨੂੰ ਪੱਛਮ ਬੰਗਾਲ ਵਿੱਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਦੇਖਿਆ ਜਾਂਦਾ ਸੀ।
ਸਵਪਨ ਦਾਸ ਗੁਪਤਾ

ਤਸਵੀਰ ਸਰੋਤ, Getty Images
ਕੋਲਕਾਤਾ ਦੀ ਰਾਸਬਿਹਾਰੀ ਸੀਟ ਤੋਂ ਬੀਜੇਪੀ ਦੇ ਸਵਪਨ ਦਾਸ ਗੁਪਤਾ ਚੋਣ ਮੈਦਾਨ ਵਿੱਚ ਸਨ ਅਤੇ ਉਨ੍ਹਾਂ ਨੇ ਟੀਐਮਸੀ ਦੇ ਦੇਬਾਸ਼ੀਸ਼ ਕੁਮਾਰ ਖ਼ਿਲਾਫ਼ ਵੀਹ ਹਜ਼ਾਰ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਵਪਨ ਦਾਸ ਗੁਪਤਾ ਤਾਰਕੇਸ਼ਵਰ ਵਿਧਾਨ ਸਭਾ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਸੀ ਪਰ ਟੀਐਮਸੀ ਦੇ ਰਾਮੇਂਦੁ ਸਿਨਹਾਰਾਏ ਤੋਂ 7484 ਵੋਟਾਂ ਨਾਲ ਹਾਰ ਗਏ ਸੀ।
ਹੁਮਾਯੂੰ ਕਬੀਰ
ਹੁਮਾਯੂੰ ਕਬੀਰ ਇਸ ਵਿਧਾਨ ਸਭਾ ਚੋਣ ਵਿੱਚ ਅਹਿਮ ਚਿਹਰਾ ਬਣ ਕੇ ਉੱਭਰੇ ਹਨ। ਉਹ ਰੇਜੀਨਗਰ ਅਤੇ ਨੌਦਾ, ਦੋ ਸੀਟਾਂ ਤੋਂ ਚੋਣ ਮੈਦਾਨ ਵਿੱਚ ਉਤਰੇ ਸਨ। ਰੇਜੀਨਗਰ ਤੋਂ ਉਨ੍ਹਾਂ ਨੇ 58 ਹਜ਼ਾਰ ਅਤੇ ਨੌਦਾ ਤੋਂ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
ਪਿਛਲੇ ਸਾਲ ਚਾਰ ਦਸੰਬਰ ਨੂੰ ਹੁਮਾਯੂੰ ਕਬੀਰ ਨੂੰ ਤ੍ਰਿਣਮੂਲ ਕਾਂਗਰਸ ਤੋਂ ਮੁਅੱਤਲ ਕੀਤਾ ਸੀ।
ਉਸ ਵੇਲੇ ਉਨ੍ਹਾਂ ਦੀ ਮੁਅੱਤਲੀ ਦਾ ਕਾਰਨ 'ਫਿਰਕੂ ਰਾਜਨੀਤੀ' ਵਿੱਚ ਸ਼ਾਮਲ ਹੋਣਾ ਦੱਸਿਆ ਗਿਆ ਸੀ। ਉਨ੍ਹਾਂ ਨੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬੇਲਡਾਂਗਾ ਵਿੱਚ ਨਵੀਂ ਬਾਹਰੀ ਮਸਜਿਦ ਬਣਾਉਣ ਲਈ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਸੀ।
ਇਸ ਤੋਂ ਬਾਅਦ ਹੁਮਾਯੂੰ ਕਬੀਰ ਨੇ ਏਜੇਯੂਪੀ ਨਾਮ ਤੋਂ ਆਪਣੀ ਪਾਰਟੀ ਬਣਾਈ ਸੀ।
ਹਿਮੰਤ ਬਿਸਵਾ ਸਰਮਾ

ਤਸਵੀਰ ਸਰੋਤ, ANI
ਪੱਛਮੀ ਬੰਗਾਲ ਵਿਧਾਨ ਸਭਾ ਤੋਂ ਬਾਅਦ ਹੁਣ ਗੱਲ ਅਸਾਮ ਵਿਧਾਨ ਸਭਾ ਚੋਣਾਂ ਦੀ।
ਅਸਾਮ ਦੀ ਜਲੁਕਬਾਰੀ ਵਿਧਾਨ ਸਭਾ ਸੀਟ ਤੋਂ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਚੋਣ ਲੜ ਰਹੇ ਸਨ। ਚੋਣ ਕਮਿਸ਼ਨ ਦੇ ਮੁਤਾਬਕ ਹਿਮੰਤ ਬਿਸਵਾ ਨੇ 89 ਹਜ਼ਾਰ ਵੋਟਾਂ ਤੋਂ ਜਿੱਤ ਦਰਜ ਕੀਤੀ ਹੈ। ਕਾਂਗਰਸ ਦੀ ਬਿਦਿਸ਼ਾ ਨਿਯੋਗ 37 ਹਜ਼ਾਰ ਵੋਟਾਂ ਨਾਲ ਦੂਜੇ ਨੰਬਰ 'ਤੇ ਰਹੀ।
ਇਸ ਸੀਟ 'ਤੇ ਹਿਮੰਤ ਬਿਸਵਾ ਸਰਮਾ ਨੇ ਲੰਘੀਆਂ ਪੰਜ ਚੋਣਾਂ ਵਿੱਚ ਜਿੱਤ ਦਰਜ ਕੀਤੀ ਹੈ।
ਇਨ੍ਹਾਂ ਵਿੱਚੋਂ ਤਿੰਨ ਵਾਰ ਉਹ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤੇ ਹਨ ਅਤੇ ਦੋ ਵਾਰ ਬੀਜੇਪੀ ਦੀ ਟਿਕਟ 'ਤੇ। ਕਾਂਗਰਸ ਨੇ ਇਸ ਵਾਰ ਉਨ੍ਹਾਂ ਨੂੰ ਟੱਕਰ ਦੇਣ ਲਈ ਬਿਦਿਸ਼ਾ ਨਿਯੋਗ ਨੂੰ ਟਿਕਟ ਦਿੱਤਾ ਹੈ।
ਗੌਰਵ ਗੋਗੋਈ
ਜੋਰਹਾਟ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਨੇਤਾ ਗੌਰਵ ਗੋਗੋਈ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਬੀਜੇਪੀ ਦੇ ਹਿਤੇਂਦਰ ਨਾਥ ਗੋਸਵਾਮੀ ਨੇ 23182 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
2021 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਿਤੇਂਦਰ ਨਾਥ ਗੋਸਵਾਮੀ ਨੇ ਤਕਰੀਬਨ 68 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ ਸੀ।
ਹਾਲਾਂਕਿ ਗੌਰਵ ਗੋਗੋਈ ਜੋਰਹਾਟ ਲੋਕ ਸਭਾ ਸੀਟ ਤੋਂ ਸਾਂਸਦ ਵੀ ਹਨ।
ਅਖਿਲ ਗੋਗੋਈ
ਸ਼ਿਵਸਾਗਰ ਵਿਧਾਨ ਸਭਾ ਸੀਟ ਵੀ ਅਸਾਮ ਦੀਆਂ ਉਨ੍ਹਾਂ ਸੀਟਾਂ ਵਿੱਚੋਂ ਇਕ ਹੈ, ਜਿਨ੍ਹਾਂ 'ਤੇ ਸਭ ਦੀਆਂ ਨਜ਼ਰਾਂ ਸਨ। ਰਾਏਜੋਰ ਦਲ ਦੇ ਪ੍ਰਧਾਨ ਅਖਿਲ ਗੋਗੋਈ ਨੇ ਇਸ ਸੀਟ 'ਤੇ 17 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
ਬੀਜੇਪੀ ਦੇ ਕੁਸ਼ਲ ਦੋਵਾਰੀ ਇਸ ਸੀਟ 'ਤੇ ਦੂਜੇ ਨੰਬਰ 'ਤੇ ਰਹੇ।
2021 ਵਿੱਚ ਅਖਿਲ ਗੋਗੋਈ ਨੇ ਇਸ ਸੀਟ ਤੋਂ ਜਿੱਤ ਦਰਜ ਕੀਤੀ ਸੀ।
ਐਮਕੇ ਸਟਾਲਿਨ

ਤਸਵੀਰ ਸਰੋਤ, ANI
ਤਾਮਿਲਨਾਡੂ ਦੀ ਕੋਲਾਥੁਰ ਸੀਟ ਤੋਂ ਮੁੱਖ ਮੰਤਰੀ ਐਮ ਕੇ ਸਟਾਲਿਨ ਚੋਣ ਹਾਰ ਗਏ ਹਨ। ਸਟਾਲਿਨ ਨੇ ਇਸ ਸੀਟ ਤੋਂ 2011, 2016 ਅਤੇ 2021 ਵਿੱਚ ਜਿੱਤ ਹਾਸਿਲ ਕੀਤੀ ਸੀ, ਪਰ ਇਸ ਵਾਰ ਨਹੀਂ ਜਿੱਤ ਸਕੇ।
ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ, ਐਮ ਕੇ ਸਟਾਲਿਨ ਨੂੰ ਕੁੱਲ਼ 74202 ਵੋਟਾਂ ਮਿਲੀਆਂ। ਇਸ ਸੀਟ ਤੋਂ ਟੀਵੀਕੇ ਦੇ ਵੀਐਸ ਬਾਬੂ ਨੇ 82997 ਵੋਟਾਂ ਹਾਸਿਲ ਕਰਕੇ ਜਿੱਤ ਦਰਜ ਕੀਤੀ ਹੈ
ਸਟਾਲਿਨ ਤਾਮਿਲਨਾਡੂ ਦੇ ਚੌਥੇ ਅਜਿਹੇ ਮੁੱਖ ਮੰਤਰੀ ਬਣ ਗਏ ਹਨ ਜੋ ਆਪਣੀ ਸੀਟ ਹਾਰ ਗਏ। 1996 ਵਿੱਚ ਜੈਲਲਿਤਾ ਦੀ ਹਾਰ ਤੋਂ ਬਾਅਦ ਪਹਿਲੀ ਵਾਰ ਹੈ ਕਿ ਕਿਸੇ ਮੁੱਖ ਮੰਤਰੀ ਨੇ ਆਪਣੀ ਸੀਟ ਹਾਰੀ।
1996 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੀਐਮਕੇ ਨੇ ਮੂਪਨਾਰ ਦੀ ਅਗਵਾਈ ਵਾਲੀ ਤਾਮਿਲ ਮਾਨੀਲਾ ਕਾਂਗਰਸ ਨਾਲ ਗਠਜੋੜ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਸੱਤਾਦਾਰੀ ਏ.ਡੀ.ਐਮ.ਕੇ ਦੀ ਮੁੱਖ ਮੰਤਰੀ ਜੈਲਲਿਤਾ ਬਰਗੁਰ ਹਲਕੇ ਤੋਂ ਚੋਣ ਹਾਰ ਗਏ ਸਨ।
ਵਿਜੇ
ਅਭਿਨੇਤਾ ਤੋਂ ਨੇਤਾ ਬਣੇ ਵਿਜੇ ਦੀ ਟੀਵੀਕੇ ਪਾਰਟੀ ਪਹਿਲੀ ਵਾਰ ਚੋਣ ਲੜ ਰਹੀ ਹੈ। ਵਿਜੇ ਪੇਰਾਂਬੁਰ ਅਤੇ ਤਿਰੂਚਿਰਾਪੱਲੀ ਈਸਟ ਸੀਟ ਤੋਂ ਚੋਣ ਲੜ ਰਹੇ ਸੀ।
ਉਨ੍ਹਾਂ ਨੇ ਪੇਰਾਂਬੁਰ ਤੋਂ 53 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਜਦਕਿ ਤਿਰੂਚਿਰਾਪੱਲੀ ਈਸਟ ਤੋਂ 27 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।
ਵਿਜੇ ਦੀ ਪਾਰਟੀ ਟੀਵੀਕੇ ਨੇ ਵੀ 108 ਸੀਟਾਂ ਹਾਸਲ ਕੀਤੀਆਂ ਹਨ। ਭਾਵੇਂ ਉਨ੍ਹਾਂ ਦੀ ਪਾਰਟੀ ਬਹੁਮਤ ਦਾ ਅੰਕੜਾ ਤਾਂ ਨਹੀਂ ਛੂਹ ਸਕੀ, ਪਰ ਸਾਰੀਆਂ ਪਾਰਟੀਆਂ ਨੂੰ ਪਛਾੜ ਕੇ ਸ਼ਾਨਦਾਰ ਡੈਬਿਊ ਕੀਤਾ ਹੈ।
ਪਿਨਰਾਈ ਵਿਜਯਨ
ਕੇਰਲਾ ਦੇ ਸੀਐਮ ਪਿਨਰਾਈ ਵਿਜਯਨ ਧਰਮਡਮ ਵਿਧਾਨ ਸਭਾ ਖੇਤਰ ਤੋਂ ਚੋਣ ਲੜ ਰਹੇ ਸੀ। ਇੱਥੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਵੀਪੀ ਅਬਦੁਲ ਰਸ਼ੀਦ ਨਾਲ ਸੀ। ਵਿਜਯਨ ਨੇ ਇਸ ਸੀਟ 'ਤੇ 19 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
ਸੂਬੇ ਵਿੱਚ ਅਹਿਮ ਮੁਕਾਬਲਾ ਲੈਫ਼ਟ ਦੀ ਅਗਵਾਈ ਵਾਲੇ ਐਲਡੀਐਫ ਅਤੇ ਕਾਂਗਰਸ ਦੀ ਅਗਵਾਈ ਵਾਲੇ ਯੂਡੀਐਫ ਵਿਚਕਾਰ ਸੀ।
ਇੱਥੇ ਯੂਡੀਐਫ ਨੇ 102 ਸੀਟਾਂ ਹਾਸਿਲ ਕਰਕੇ ਬਹੁਮਤ( 71 ਸੀਟਾਂ) ਦਾ ਅੰਕੜਾ ਪਾਰ ਕਰ ਲਿਆ ਹੈ। ਜਦਕਿ ਐਲਡੀਐਫ 35 ਸੀਟਾਂ ਹੀ ਹਾਸਿਲ ਕਰ ਸਕੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































