ਵਿਨੇਸ਼ ਫੋਗਾਟ ਏਸ਼ੀਆਈ ਖੇਡਾਂ ਦੀ ਦੌੜ ਤੋਂ ਬਾਹਰ, ਕਮਬੈਕ ਦੀ ਕੋਸ਼ਿਸ਼ ਵਿਚਾਲੇ ਕੁਸ਼ਤੀ ਫੈਡਰੇਸ਼ਨ ਨਾਲ ਹੋਈ ਖਿੱਚੋਤਾਣ ਨੇ ਕਿਹੜੇ ਮੁੱਦੇ ਉਜਾਗਰ ਕੀਤੇ

ਵਿਨੇਸ਼ ਫੋਗਾਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ ਨਵੀਂ ਦਿੱਲੀ ਵਿਖੇ ਏਸ਼ੀਆਈ ਖੇਡਾਂ ਲਈ ਹੋਏ ਸਿਲੈਕਸ਼ਨ ਟ੍ਰਾਇਲ ਵਿੱਚ ਹਾਰ ਗਏ ਹਨ।
    • ਲੇਖਕ, ਸੌਰਭ ਦੁੱਗਲ
    • ਰੋਲ, ਖੇਡ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਤਿੰਨ ਵਾਰ ਓਲੰਪਿਕ ਵਿੱਚ ਹਿੱਸਾ ਲੈ ਚੁੱਕੇ ਵਿਨੇਸ਼ ਫੋਗਾਟ, ਜੋ ਮਾਂ ਬਣਨ ਤੋਂ ਬਾਅਦ ਵਾਪਸੀ ਕਰਦਿਆਂ 2026 ਏਸ਼ੀਆਈ ਖੇਡਾਂ ਵਿੱਚ ਖੇਡਣ ਦਾ ਟੀਚਾ ਰੱਖ ਰਹੇ ਸਨ, ਸ਼ਨੀਵਾਰ ਨੂੰ ਦਿੱਲੀ ਵਿੱਚ ਹੋਏ ਏਸ਼ੀਆਈ ਖੇਡਾਂ ਦੇ ਸਿਲੈਕਸ਼ਨ ਟ੍ਰਾਇਲ ਵਿੱਚ ਹਰਿਆਣਾ ਦੀ ਹੀ ਪਹਿਲਵਾਨ ਮਿਨਾਕਸ਼ੀ ਤੋਂ ਸੈਮੀਫਾਈਨਲ ਮੁਕਾਬਲਾ ਹਾਰ ਗਏ।

ਪਹਿਲੇ ਦੋ ਮੁਕਾਬਲੇ ਜਿੱਤਣ ਤੋਂ ਬਾਅਦ ਵਿਨੇਸ਼ ਨੂੰ ਤੀਜੇ ਅਤੇ ਸੈਮੀਫਾਈਨਲ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਏਸ਼ੀਆਈ ਖੇਡਾਂ ਦੀ ਟੀਮ ਵਿੱਚ ਜਗ੍ਹਾ ਬਣਾਉਣ ਦੀ ਉਨ੍ਹਾਂ ਦੀ ਉਮੀਦ ਖਤਮ ਹੋ ਗਈ ਹੈ।

ਇਸ ਨਤੀਜੇ ਨਾਲ ਉਹ ਹੁਣ ਏਸ਼ੀਆਈ ਖੇਡਾਂ ਦੀ ਦੌੜ ਤੋਂ ਬਾਹਰ ਹੋ ਗਏ ਹਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਾਪਸੀ ਲਈ ਉਨ੍ਹਾਂ ਨੂੰ ਕਿਸੇ ਹੋਰ ਮੌਕੇ ਦੀ ਉਡੀਕ ਕਰਨੀ ਪਵੇਗੀ।

ਵਿਨੇਸ਼ ਫੋਗਾਟ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਦੇ ਟ੍ਰਾਇਲਸ ਵਿੱਚ ਸ਼ਾਮਿਲ ਹੋਣ ਲਈ ਸੁਪਰੀਮ ਕੋਰਟ ਨੇ ਇਜਾਜ਼ਤ ਦਿੱਤੀ ਸੀ

ਹਾਰ ਤੋਂ ਬਾਅਦ ਵਿਨੇਸ਼ ਫੋਗਾਟ ਨੇ ਕਿਹਾ, "ਮੈਂ ਚੰਗਾ ਕੀਤਾ, ਜਿੰਨਾ ਮੈਂ ਕਰ ਸਕਦੀ ਸੀ, ਮੈਂ ਆਪਣਾ 100 ਫੀਸਦ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਮਿਹਨਤ ਘੱਟ ਸੀ ਅਤੇ ਮੈਂ ਹੋਰ ਮਿਹਨਤ ਕਰਾਂਗੀ।"

ਹਾਲਾਂਕਿ ਵਿਨੇਸ਼ ਨੇ ਇਸ ਦੌਰਾਨ ਟ੍ਰਾਇਲਸ ਵਿੱਚ ਪੱਖਪਾਤ ਦਾ ਵੀ ਇਲਜ਼ਾਮ ਲਗਾਇਆ।

ਖਬਰ ਏਜੰਸੀ ਪੀਟੀਆਈ ਨਾਲ ਗੱਲ ਕਰਦੇ ਹੋਏ ਵਿਨੇਸ਼ ਨੇ ਕਿਹਾ, "ਜ਼ਾਹਿਰ ਤੌਰ 'ਤੇ ਪੱਖਪਾਤ ਹੋਇਆ ਹੈ ਪਰ ਮੈਂ ਚਾਹੁੰਦੀ ਹਾਂ ਕਿ ਮੈਂ ਇੰਨੀ ਟ੍ਰੇਨਿੰਗ ਕਰਾਂ ਕਿ ਇਹ ਜੋ ਚੀਟਿੰਗ ਕਰ ਰਹੇ ਹਨ ਉਨ੍ਹਾਂ ਦੀ ਚੀਟਿੰਗ ਵੀ ਪਿੱਛੇ ਰਹਿ ਜਾਵੇ ਅਤੇ ਉਹ ਚਾਹ ਕੇ ਵੀ ਮੈਨੂੰ ਹਰਾ ਨਾ ਸਕਣ।"

'ਹਾਰ ਹੋਈ ਪਰ ਵਿਨੇਸ਼ ਨੇ ਉਮੀਦ ਜਗਾਈ'

ਸਾਬਕਾ ਰਾਸ਼ਟਰੀ ਕੋਚ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਕਾਰਜਕਾਰੀ ਮੈਂਬਰ ਪੀ.ਆਰ. ਸੋਂਧੀ ਨੇ ਕਿਹਾ, "ਫੈਡਰੇਸ਼ਨ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਸੀ ਅਤੇ ਸ਼ੁਰੂ ਤੋਂ ਹੀ ਵਿਨੇਸ਼ ਨੂੰ ਟ੍ਰਾਇਲਸ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਣੀ ਚਾਹੀਦੀ ਸੀ। ਇਸ ਪੂਰੇ ਵਿਵਾਦ ਨੂੰ ਖੜ੍ਹਾ ਕਰਕੇ ਫੈਡਰੇਸ਼ਨ ਨੇ ਆਪਣੇ ਹੀ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।"

ਉਨ੍ਹਾਂ ਅੱਗੇ ਕਿਹਾ, "ਭਾਵੇਂ ਵਿਨੇਸ਼ ਏਸ਼ੀਆਈ ਖੇਡਾਂ ਦੀ ਟੀਮ ਵਿੱਚ ਜਗ੍ਹਾ ਨਹੀਂ ਬਣਾ ਸਕੇ ਅਤੇ ਸੈਮੀਫਾਈਨਲ ਵਿੱਚ ਹਾਰ ਗਏ, ਪਰ ਸਿਰਫ਼ ਟ੍ਰਾਇਲਸ ਵਿੱਚ ਹਿੱਸਾ ਲੈ ਕੇ ਹੀ ਉਨ੍ਹਾਂ ਨੇ ਇੱਕ ਮਜ਼ਬੂਤ ਸੁਨੇਹਾ ਦਿੱਤਾ ਹੈ। ਭਾਰਤੀ ਖੇਡ ਪ੍ਰਣਾਲੀ ਵਿੱਚ ਮਾਂ ਬਣਨ ਤੋਂ ਬਾਅਦ ਵਾਪਸੀ ਕਰਨਾ ਅਜੇ ਵੀ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਦੀ ਵਾਪਸੀ ਹੋਰ ਮਹਿਲਾ ਪਹਿਲਵਾਨਾਂ ਨੂੰ ਵਿਆਹ ਅਤੇ ਮਾਂ ਬਣਨ ਤੋਂ ਬਾਅਦ ਵੀ ਆਪਣੇ ਖੇਡ ਕਰੀਅਰ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕਰੇਗੀ।"

ਸੋਂਧੀ ਨੇ ਕਿਹਾ, "ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹਨ। ਪਰ ਕੁਸ਼ਤੀ ਦੇ ਅਖਾੜੇ ਤੋਂ ਬਾਹਰ ਜੋ ਕੁਝ ਵੀ ਹੋਇਆ ਹੈ, ਉਸਨੂੰ ਦੇਖਦਿਆਂ ਲੱਗਦਾ ਹੈ ਕਿ ਅਸਲ ਨੁਕਸਾਨ ਕੁਸ਼ਤੀ ਦਾ ਹੋਇਆ ਹੈ ਅਤੇ ਇਸ ਲਈ ਭਾਰਤੀ ਕੁਸ਼ਤੀ ਫੈਡਰੇਸ਼ਨ ਨੂੰ ਵੀ ਆਪਣੀ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ।"

ਟ੍ਰਾਇਲ ਤੋਂ ਪਹਿਲਾਂ ਕਿਹੜਾ ਨਵਾਂ ਵਿਵਾਦ ਹੋਇਆ ?

ਜਦੋਂ ਤੋਂ ਵਿਨੇਸ਼ ਫੋਗਾਟ ਨੇ ਕਮਬੈਕ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਉਹ ਅਦਾਲਤਾਂ, ਫੈਡਰੇਸ਼ਨ ਦੀਆਂ ਨੀਤੀਆਂ, ਯੋਗਤਾ ਸਬੰਧੀ ਵਿਵਾਦਾਂ ਅਤੇ ਪ੍ਰਸ਼ਾਸਨਿਕ ਰੁਕਾਵਟਾਂ ਨਾਲ ਜੂਝਦੇ ਨਜ਼ਰ ਆਏ ਹਨ। ਜਦੋਂ ਵੀ ਲੱਗਦਾ ਹੈ ਕਿ ਇੱਕ ਰੁਕਾਵਟ ਦੂਰ ਹੋ ਗਈ ਹੈ, ਕੋਈ ਨਵਾਂ ਵਿਵਾਦ ਸਾਹਮਣੇ ਆ ਜਾਂਦਾ ਹੈ।

ਤਾਜ਼ਾ ਵਿਵਾਦ 30 ਮਈ ਦੀ ਸਵੇਰ ਨੂੰ ਨਵੀਂ ਦਿੱਲੀ ਵਿੱਚ ਏਸ਼ੀਆਈ ਖੇਡਾਂ ਲਈ ਸਿਲੈਕਸ਼ਨ ਟ੍ਰਾਇਲ ਦੌਰਾਨ ਸਾਹਮਣੇ ਆਇਆ, ਜਿਸ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਯਾਨੀ ਡਬਲਿਊਐਫਆਈ ਅਤੇ ਭਾਰਤ ਦੀਆਂ ਸਭ ਤੋਂ ਸਫਲ ਮਹਿਲਾ ਪਹਿਲਵਾਨਾਂ ਵਿੱਚੋਂ ਇੱਕ ਵਿਨੇਸ਼ ਫੋਗਾਟ ਦਰਮਿਆਨ ਚੱਲ ਰਹੀ ਖਿੱਚੋਤਾਣ ਵਿੱਚ ਇੱਕ ਹੋਰ ਅਧਿਆਏ ਜੋੜ ਦਿੱਤਾ।

ਵਿਨੇਸ਼ ਲਈ ਟ੍ਰਾਇਲ ਵਿੱਚ ਹਿੱਸਾ ਲੈਣਾ ਵੀ ਆਸਾਨ ਨਹੀਂ ਸੀ। 53 ਕਿਲੋਗ੍ਰਾਮ ਵਰਗ ਵਿੱਚ ਮੁਕਾਬਲਾ ਕਰਨ ਦੀ ਇਜਾਜ਼ਤ ਹਾਸਲ ਕਰਨ ਲਈ ਉਨ੍ਹਾਂ ਨੂੰ ਪ੍ਰਸ਼ਾਸਨਿਕ ਅਤੇ ਕਾਨੂੰਨੀ ਲੜਾਈ ਲੜਨੀ ਪਈ।

ਜਿੱਥੇ ਟ੍ਰਾਇਲ ਵਿੱਚ ਹਿੱਸਾ ਲੈਣ ਵਾਲੇ ਹੋਰ ਪਹਿਲਵਾਨ ਮੈਟ 'ਤੇ ਆਪਣੇ ਪ੍ਰਦਰਸ਼ਨ 'ਤੇ ਧਿਆਨ ਕੇਂਦਰਿਤ ਕਰ ਰਹੇ ਸਨ, ਉੱਥੇ ਵਿਨੇਸ਼ ਸੁਪਰੀਮ ਕੋਰਟ ਵੱਲੋਂ ਮੁਕਾਬਲੇ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਆਪਣਾ ਨਾਮ ਦਰਜ ਕਰਵਾਉਣ ਲਈ ਸੰਘਰਸ਼ ਕਰ ਰਹੇ ਸਨ।

ਵਿਨੇਸ਼ ਫੋਗਾਟ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, 30 ਮਈ ਨੂੰ ਦਿੱਲੀ ਵਿੱਚ ਏਸ਼ੀਆਈ ਖੇਡਾਂ ਲਈ ਸਿਲੈਕਸ਼ਨ ਟ੍ਰਾਇਲ ਵਿੱਚ ਹਿੱਸਾ ਲੈਂਦੇ ਹੋਏ ਵਿਨੇਸ਼ ਫੋਗਾਟ

ਇਸ ਤੋਂ ਪਹਿਲਾਂ ਡਬਲਿਊਐਫਆਈ ਦੇ ਯੋਗਤਾ ਨਿਯਮਾਂ ਕਾਰਨ ਵਿਨੇਸ਼ ਨੂੰ ਟ੍ਰਾਇਲਸ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ। ਜਿਸ ਖਿਲਾਫ਼ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਦਾ ਰੁਖ ਕੀਤਾ ਸੀ ਅਤੇ ਅਦਾਲਤ ਤੋਂ ਉਨ੍ਹਾਂ ਨੂੰ ਟ੍ਰਾਇਲਸ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ।

WFI ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ, ਪਰ ਉੱਥੇ ਵੀ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਅਤੇ ਅਦਾਲਤ ਨੇ ਹਾਈ ਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ। ਇਸ ਫੈਸਲੇ ਨੂੰ ਫੈਡਰੇਸ਼ਨ ਵੱਲੋਂ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹਾਲਾਂਕਿ ਸਿਖਰਲੀ ਅਦਾਲਤ ਤੋਂ ਫੈਡਰੇਸ਼ਨ ਨੂੰ ਰਾਹਤ ਨਹੀਂ ਮਿਲੀ ਅਤੇ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ।

ਜਦੋਂ ਲੱਗ ਰਿਹਾ ਸੀ ਕਿ ਕਾਨੂੰਨੀ ਲੜ੍ਹਾਈ ਖਤਮ ਹੋ ਗਈ ਹੈ ਤਾਂ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ।

ਸ਼ਨੀਵਾਰ ਸਵੇਰੇ ਕੇਡੀ ਜਾਧਵ ਇਨਡੋਰ ਹਾਲ ਵਿੱਚ ਰਜਿਸਟ੍ਰੇਸ਼ਨ ਦੌਰਾਨ ਵਿਨੇਸ਼ ਨੇ ਮਹਿਲਾਵਾਂ ਦੇ 53 ਕਿਲੋਗ੍ਰਾਮ ਵਰਗ ਵਿੱਚ ਟ੍ਰਾਇਲ ਦੇਣ ਦੀ ਕੋਸ਼ਿਸ਼ ਕੀਤੀ। ਵਿਨੇਸ਼ ਫੋਗਾਟ ਮੁਤਾਬਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਫੈਡਰੇਸ਼ਨ ਦੇ 28 ਮਈ ਦੇ ਇੱਕ ਸਰਕੂਲਰ ਅਨੁਸਾਰ ਉਹ ਸਿਰਫ਼ 50 ਕਿਲੋਗ੍ਰਾਮ ਵਰਗ ਵਿੱਚ ਹੀ ਹਿੱਸਾ ਲੈ ਸਕਦੇ ਹਨ, ਜਿਸ ਵਰਗ ਵਿੱਚ ਉਨ੍ਹਾਂ ਨੇ ਸੰਨਿਆਸ ਦੇ ਐਲਾਨ ਤੋਂ ਪਹਿਲਾਂ ਪੈਰਿਸ ਓਲੰਪਿਕ ਵਿੱਚ ਹਿੱਸਾ ਲਿਆ ਸੀ।

ਵਿਨੇਸ਼ ਫੋਗਾਟ ਨੇ ਚੁੱਕੇ ਸਵਾਲ

ਵਿਨੇਸ਼ ਫੋਗਾਟ

ਤਸਵੀਰ ਸਰੋਤ, @Phogat_Vinesh

ਤਸਵੀਰ ਕੈਪਸ਼ਨ, ਵਿਨੇਸ਼ ਫੋਗਾਟ ਵੱਲੋਂ ਕੁਸ਼ਤੀ ਫੈਡਰੇਸ਼ਨ ਵੱਲੋਂ ਜਾਰੀ ਸਰਕੂਲਰ ਨੂੰ ਲੈਕੇ ਸਵਾਲ ਚੁੱਕੇ ਗਏ

ਆਪਣੀ ਟੀਮ ਵੱਲੋਂ ਰਿਕਾਰਡ ਕੀਤੀ ਗਈ ਅਤੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਵਿਨੇਸ਼ ਨੇ ਇਸ ਫੈਸਲੇ 'ਤੇ ਸਵਾਲ ਚੁੱਕੇ।

ਵਿਨੇਸ਼ ਨੇ ਕਿਹਾ, "ਫੈਡਰੇਸ਼ਨ ਨੇ ਮੈਨੂੰ 28 ਮਈ ਵਾਲਾ ਸਰਕੂਲਰ ਨਹੀਂ ਭੇਜਿਆ। ਫਿਰ ਇਹ ਸਰਕੂਲਰ ਆਇਆ ਕਿੱਥੋਂ? ਮੈਨੂੰ 53 ਕਿਲੋਗ੍ਰਾਮ ਵਰਗ ਵਿੱਚ ਟ੍ਰਾਇਲ ਦੇਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।"

ਇਸ ਘਟਨਾਕ੍ਰਮ ਨੇ ਕੁਸ਼ਤੀ ਜਗਤ ਦੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਵਿਨੇਸ਼ ਨੇ ਮਈ ਮਹੀਨੇ ਦੇ ਸ਼ੁਰੂ ਵਿੱਚ ਗੋਂਡਾ ਵਿੱਚ ਹੋਏ ਨੈਸ਼ਨਲ ਰੈਂਕਿੰਗ ਟੂਰਨਾਮੈਂਟ ਲਈ 53 ਕਿਲੋਗ੍ਰਾਮ ਵਰਗ ਵਿੱਚ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ ਉਹ ਆਪਣੀ ਵਾਪਸੀ ਲਈ ਵੀ ਇਸੇ ਭਾਰ ਵਰਗ ਵਿੱਚ ਤਿਆਰੀ ਕਰ ਰਹੇ ਸਨ।

ਇਸ ਦੇ ਬਾਵਜੂਦ ਉਨ੍ਹਾਂ ਨੂੰ ਟੂਰਨਾਮੈਂਟ ਵਿੱਚ ਹਿੱਸਾ ਲੈਣ ਦਾ ਮੌਕਾ ਨਹੀਂ ਦਿੱਤਾ ਗਿਆ। ਖ਼ਾਸ ਗੱਲ ਇਹ ਹੈ ਕਿ 53 ਕਿਲੋਗ੍ਰਾਮ ਉਹ ਭਾਰ ਵਰਗ ਹੈ ਜੋ ਪੈਰਿਸ ਓਲੰਪਿਕ ਵਿੱਚ ਉਨ੍ਹਾਂ ਦੇ ਮੁਕਾਬਲਾ ਕਰਨ ਵਾਲੇ ਵਰਗ ਨਾਲੋਂ ਉੱਚਾ ਹੈ।

ਵਿਨੇਸ਼ ਨੇ 2018 ਦੀਆਂ ਏਸ਼ੀਆਈ ਖੇਡਾਂ ਵਿੱਚ 50 ਕਿਲੋਗ੍ਰਾਮ ਵਰਗ ਵਿੱਚ ਸੋਨ ਤਮਗਾ ਜਿੱਤਿਆ ਸੀ, ਜਦੋਂਕਿ 2014 ਵਿੱਚ 48 ਕਿਲੋਗ੍ਰਾਮ ਵਰਗ ਵਿੱਚ ਕਾਂਸੇ ਦਾ ਤਮਗਾ ਆਪਣੇ ਨਾਮ ਕੀਤਾ ਸੀ। ਇਸ ਤੋਂ ਇਲਾਵਾ ਉਸਨੇ 2022 ਵਿਸ਼ਵ ਚੈਂਪੀਅਨਸ਼ਿਪ ਵਿੱਚ 53 ਕਿਲੋਗ੍ਰਾਮ ਵਰਗ ਵਿੱਚ ਕਾਂਸੇ ਦਾ ਤਮਗਾ ਵੀ ਜਿੱਤਿਆ ਸੀ।

ਮਹਾਵੀਰ ਸਿੰਘ ਫੋਗਾਟ ਕੀ ਬੋਲੇ?

ਇਸ ਫੈਸਲੇ ਦੀ ਆਲੋਚਨਾ ਕਰਨ ਵਾਲਿਆਂ ਵਿੱਚ ਦ੍ਰੋਣਾਚਾਰਿਆ ਐਵਾਰਡ ਜੇਤੂ ਕੋਚ ਮਹਾਵੀਰ ਸਿੰਘ ਫੋਗਾਟ ਵੀ ਸ਼ਾਮਲ ਸਨ, ਜਿਨ੍ਹਾਂ ਨੇ ਵਿਨੇਸ਼ ਅਤੇ ਹੋਰਨਾਂ ਫੋਗਾਟ ਭੈਣਾਂ ਨੂੰ ਕੁਸ਼ਤੀ ਨਾਲ ਜੋੜਿਆ ਸੀ।

ਮਹਾਵੀਰ ਸਿੰਘ ਫੋਗਾਟ ਨੇ ਸਵਾਲ ਪੁੱਛਿਆ ਸੀ, "ਕੁਸ਼ਤੀ ਫੈਡਰੇਸ਼ਨ ਕਿਵੇਂ ਤੈਅ ਕਰ ਸਕਦੀ ਹੈ ਕਿ ਵਿਨੇਸ਼ ਕਿਸ ਭਾਰ ਵਰਗ ਵਿੱਚ ਮੁਕਾਬਲਾ ਕਰੇਗੀ? ਇਹ ਫੈਸਲਾ ਪਹਿਲਵਾਨ ਨੇ ਲੈਣਾ ਹੁੰਦਾ ਹੈ। ਜੇਕਰ ਉਹ 53 ਕਿਲੋਗ੍ਰਾਮ ਵਿੱਚ ਖੇਡਣਾ ਚਾਹੁੰਦੀ ਹੈ ਤਾਂ ਉਸ ਨੂੰ ਇਜਾਜ਼ਤ ਮਿਲਣੀ ਚਾਹੀਦੀ ਹੈ। ਆਖ਼ਰੀ ਸਮੇਂ ਵਿੱਚ ਭਾਰ ਘਟਾਉਣਾ ਨਾ ਤਾਂ ਸੰਭਵ ਹੈ ਅਤੇ ਨਾ ਹੀ ਠੀਕ। ਇਹ ਸਭ ਵਿਨੇਸ਼ 'ਤੇ ਬੇਲੋੜਾ ਮਾਨਸਿਕ ਦਬਾਅ ਪਾ ਰਿਹਾ ਹੈ।"

 ਮਹਾਵੀਰ ਸਿੰਘ ਫੋਗਾਟ ਦੀ ਟਿੱਪਣੀ

ਮਹਾਵੀਰ ਸਿੰਘ ਫੋਗਾਟ ਮੁਤਾਬਕ ਇਹ ਮਾਮਲਾ ਸਿਰਫ਼ ਭਾਰ ਵਰਗ ਤੱਕ ਸੀਮਿਤ ਨਹੀਂ ਰਿਹਾ।

ਉਨ੍ਹਾਂ ਕਿਹਾ, "ਜਦੋਂ ਇੱਕ ਪਹਿਲਵਾਨ ਨੂੰ ਟ੍ਰਾਇਲਸ 'ਤੇ ਧਿਆਨ ਦੇਣਾ ਚਾਹੀਦਾ ਹੈ ਉਦੋਂ ਵਿਨੇਸ਼ ਨੂੰ ਪ੍ਰਸ਼ਾਸਨਿਕ ਮੁੱਦਿਆਂ ਨਾਲ ਜੂਝਣਾ ਪਿਆ। ਅਜਿਹਾ ਦਬਾਅ ਮਾਨਸਿਕ ਇਕਾਗਰਤਾ 'ਤੇ ਅਸਰ ਪਾਉਂਦਾ ਹੈ, ਜਦੋਂਕਿ ਅਹਿਮ ਮੁਕਾਬਲਿਆਂ ਦੌਰਾਨ ਮਾਨਸਿਕ ਤੌਰ 'ਤੇ ਮਜਬੂਤ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ।"

ਉਨ੍ਹਾਂ ਨੇ ਫੈਡਰੇਸ਼ਨ ਦੀ ਹੋਰ ਵੀ ਸਖ਼ਤ ਸ਼ਬਦਾਂ ਵਿੱਚ ਅਲੋਚਨਾ ਕੀਤੀ।

ਉਨ੍ਹਾਂ ਕਿਹਾ, "ਭਾਰਤੀ ਕੁਸ਼ਤੀ ਫੈਡਰੇਸ਼ਨ ਵਿਨੇਸ਼ ਦੀ ਵਾਪਸੀ ਵਿੱਚ ਬੇਵਜ੍ਹਾ ਰੁਕਾਵਟਾਂ ਪੈਦਾ ਕਰ ਰਹੀ ਹੈ। ਖੇਡ ਵਿੱਚ ਉਸ ਦੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਉਸਨੂੰ ਕਾਫ਼ੀ ਪਹਿਲਾਂ ਹੀ ਟ੍ਰਾਇਲਸ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਮਿਲ ਜਾਣੀ ਚਾਹੀਦੀ ਸੀ। ਇਸਦੀ ਬਜਾਏ ਫੈਡਰੇਸ਼ਨ ਦਾਦਾਗਿਰੀ ਦਿਖਾ ਰਹੀ ਹੈ।"

ਕੁਝ ਘੰਟਿਆਂ ਦੀ ਅਨਿਸ਼ਚਿਤਤਾ ਤੋਂ ਬਾਅਦ, ਜਿਸ ਕਾਰਨ ਪ੍ਰਕਿਰਿਆ ਵਿੱਚ ਦੇਰੀ ਹੋਈ, ਫੈਡਰੇਸ਼ਨ ਨੇ ਆਖ਼ਿਰਕਾਰ ਵਿਨੇਸ਼ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ 53 ਕਿਲੋਗ੍ਰਾਮ ਵਰਗ ਵਿੱਚ ਮੁਕਾਬਲਾ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ।

ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਬਿਆਨ

ਵਿਨੇਸ਼ ਫੋਗਾਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2024 ਪੈਰਿਸ ਓਲੰਪਿਕਸ ਵਿੱਚ ਮੁਕਾਬਲਾ ਕਰਦੇ ਹੋਏ ਵਿਨੇਸ਼ ਫੋਗਾਟ ਦੀ ਪੁਰਾਣੀ ਤਸਵੀਰ

ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਆਪਣੇ ਬਿਆਨ ਵਿੱਚ ਕਿਹਾ,"ਏਸ਼ੀਆਈ ਖੇਡਾਂ ਦੇ ਸਿਲੈਕਸ਼ਨ ਟ੍ਰਾਇਲਸ ਦੇ ਸ਼ਡਿਊਲ ਮੁਤਾਬਕ ਮਹਿਲਾਵਾਂ ਦੇ 53 ਕਿਲੋਗ੍ਰਾਮ ਵਰਗ ਸਮੇਤ ਸਾਰੇ ਭਾਰ ਵਰਗਾਂ ਦੀ ਚੈਕਿੰਗ ਇੰਦਰਾ ਗਾਂਧੀ ਸਟੇਡੀਅਮ, ਨਵੀਂ ਦਿੱਲੀ ਵਿੱਚ ਕਰਵਾਈ ਗਈ। ਵਿਨੇਸ਼ ਫੋਗਾਟ ਸਮੇਤ ਸਾਰੇ ਯੋਗ ਪਹਿਲਵਾਨਾਂ ਨੇ ਪ੍ਰਕਿਰਿਆ ਲਈ ਹਾਜ਼ਰੀ ਭਰੀ ਅਤੇ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕੀਤੀਆਂ। ਇਸ ਲਈ ਸਾਰੇ ਯੋਗ ਪਹਿਲਵਾਨਾਂ ਨੂੰ ਟ੍ਰਾਇਲਸ ਵਿੱਚ ਭਾਗ ਲੈਣ ਦੀ ਮਨਜ਼ੂਰੀ ਦਿੱਤੀ ਗਈ ਹੈ।"

ਹਾਲਾਂਕਿ ਇਹ ਇਕਲੌਤਾ ਵਿਵਾਦ ਨਹੀਂ ਹੈ। ਇਹ ਕਈ ਅਜਿਹੀਆਂ ਘਟਨਾਵਾਂ ਦੀ ਲੜੀ ਦਾ ਹਿੱਸਾ ਹੈ, ਜਿਨ੍ਹਾਂ ਨੇ ਵਿਨੇਸ਼ ਦੇ ਸਮਰਥਕਾਂ ਵਿੱਚ ਸ਼ੰਕੇ ਪੈਦਾ ਕੀਤੇ ਹਨ।

ਦਸੰਬਰ 2025 ਵਿੱਚ ਅੰਤਰਰਾਸ਼ਟਰੀ ਟੈਸਟਿੰਗ ਏਜੰਸੀ (ITA) ਨੇ ਵਿਨੇਸ਼ ਵੱਲੋਂ ਇੱਕ ਆਉਟ-ਆਫ-ਕੰਪੀਟੀਸ਼ਨ ਡੋਪ ਟੈਸਟ ਮਿਸ ਕਰਨ ਦੀ ਜਾਣਕਾਰੀ ਦਿੱਤੀ ਸੀ, ਜਿਸ ਤੋਂ ਇਹ ਸੰਕੇਤ ਮਿਲਦਾ ਸੀ ਕਿ ਡੋਪਿੰਗ ਅਧਿਕਾਰੀਆਂ ਨੂੰ ਪਹਿਲਾਂ ਹੀ ਉਸਦੀ ਵਾਪਸੀ ਦੀ ਯੋਜਨਾ ਬਾਰੇ ਪਤਾ ਸੀ।

ਇਸ ਤੋਂ ਦੋ ਮਹੀਨੇ ਬਾਅਦ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਏਸ਼ੀਆਈ ਖੇਡਾਂ ਲਈ ਆਪਣੀ ਚੋਣ ਨੀਤੀ ਦਾ ਐਲਾਨ ਕੀਤਾ, ਜਿਸ ਵਿੱਚ ਯੋਗਤਾ ਨੂੰ ਕੁਝ ਖਾਸ ਰਾਸ਼ਟਰੀ ਮੁਕਾਬਲਿਆਂ ਦੇ ਤਮਗਾ ਜੇਤੂਆਂ ਤੱਕ ਸੀਮਿਤ ਕਰ ਦਿੱਤਾ ਗਿਆ।

ਅਲੋਚਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਨੀਤੀਆਂ ਆਮ ਤੌਰ 'ਤੇ ਕਾਫ਼ੀ ਸਮਾਂ ਪਹਿਲਾਂ ਐਲਾਨੀਆਂ ਜਾਂਦੀਆਂ ਹਨ ਤਾਂ ਜੋ ਖਿਡਾਰੀ ਮੁਕਾਬਲੇ ਦੇ ਸ਼ਡਿਊਲ ਮੁਤਾਬਕ ਆਪਣੀ ਯੋਜਨਾ ਤਿਆਰ ਕਰ ਸਕਣ। ਕਿਉਂਕਿ ਵਿਨੇਸ਼ ਨੇ ਸੰਨਿਆਸ ਲੈਣ ਦੇ ਐਲਾਨ ਅਤੇ ਮਾਂ ਬਣਨ ਤੋਂ ਬਾਅਦ ਮੁਕਾਬਲਿਆਂ ਤੋਂ ਦੂਰੀ ਬਣਾਈ ਹੋਈ ਸੀ, ਇਸ ਕਾਰਨ ਇਸ ਨੀਤੀ ਨੇ ਉਨ੍ਹਾਂ ਨੂੰ ਨੁਕਸਾਨਦਾਇਕ ਸਥਿਤੀ ਵਿੱਚ ਲਿਆ ਖੜ੍ਹਾ ਕੀਤਾ।

ਮਾਮਲਾ ਹੋਰ ਗੰਭੀਰ ਉਸ ਵੇਲੇ ਹੋ ਗਿਆ ਜਦੋਂ ਉਨ੍ਹਾਂ ਨੂੰ ਗੋਂਡਾ ਵਿੱਚ ਹੋਏ ਨੈਸ਼ਨਲ ਰੈਂਕਿੰਗ ਟੂਰਨਾਮੈਂਟ ਵਿੱਚ ਹਿੱਸਾ ਲੈਣ ਤੋਂ ਵੀ ਰੋਕਿਆ ਗਿਆ। ਬਾਅਦ ਵਿੱਚ ਉਨ੍ਹਾਂ ਨੇ ਕਾਨੂੰਨੀ ਦਖ਼ਲਅੰਦਾਜ਼ੀ ਰਾਹੀਂ ਏਸ਼ੀਆਈ ਖੇਡਾਂ ਦੇ ਟ੍ਰਾਇਲਸ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਤਾਂ ਹਾਸਲ ਕਰ ਲਈ, ਪਰ ਭਾਰ ਵਰਗ ਨੂੰ ਲੈ ਕੇ ਪੈਦਾ ਹੋਈ ਅਨਿਸ਼ਚਿਤਤਾ ਨੇ ਇੱਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ।

'ਇਹ ਲੜ੍ਹਾਈ ਹੁਣ ਕੁਸ਼ਤੀ ਤੱਕ ਸੀਮਿਤ ਨਹੀਂ'

ਵਿਨੇਸ਼ ਫੋਗਾਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੈਰਿਸ ਓਲੰਪਿਕਸ ਵਿੱਚ ਭਾਰ ਨੂੰ ਲੈਕੇ ਹੋਏ ਵਿਵਾਦ ਕਾਰਨ ਵਿਨੇਸ਼ ਫੋਗਾਟ ਮੈਡਲ ਤੋਂ ਖੁੰਝ ਗਏ ਸਨ (ਪੁਰਾਣੀ ਤਸਵੀਰ)

ਇਸ ਵਿਵਾਦ ਨੇ ਭਾਰਤੀ ਖੇਡ ਪ੍ਰਣਾਲੀ ਦੇ ਇੱਕ ਵੱਡੇ ਮੁੱਦੇ ਨੂੰ ਵੀ ਉਜਾਗਰ ਕੀਤਾ ਹੈ, ਉਹ ਹੈ- ਬੱਚੇ ਦੇ ਜਨਮ ਤੋਂ ਬਾਅਦ ਵਾਪਸੀ ਕਰਨ ਵਾਲੀਆਂ ਉੱਚ ਪੱਧਰੀ ਮਹਿਲਾ ਖਿਡਾਰਣਾਂ ਲਈ ਸਪੱਸ਼ਟ ਅਤੇ ਢਾਂਚਾਗਤ ਨੀਤੀ ਦੀ ਕਮੀ।

ਕਈ ਦੇਸ਼ਾਂ ਵਿੱਚ ਮਹਿਲਾ ਖਿਡਾਰਨਾਂ ਨੂੰ ਮੈਟਰਨਟੀ ਲੀਵ ਤੋਂ ਬਾਅਦ ਰੈਂਕਿੰਗ ਸੁਰੱਖਿਆ, ਕੁਆਲੀਫਾਈ ਕਰਨ ਲਈ ਲਚਕੀਲੀ ਪ੍ਰਣਾਲੀ ਅਤੇ ਸੰਸਥਾਗਤ ਮਦਦ ਦਿੱਤੀ ਜਾਂਦੀ ਹੈ। ਭਾਰਤ ਵਿੱਚ, ਹਾਲਾਂਕਿ, ਖਿਡਾਰੀਆਂ ਨੂੰ ਆਪਣੀਆਂ ਪੁਰਾਣੀਆਂ ਉਪਲੱਬਧੀਆਂ ਦੇ ਬਾਵਜੂਦ ਮੁੜ ਸ਼ੁਰੂ ਤੋਂ ਹੀ ਆਪਣੇ ਕਰੀਅਰ ਦਾ ਆਗਾਜ਼ ਕਰਨਾ ਪੈਂਦਾ ਹੈ।

ਵਿਨੇਸ਼ ਲਈ ਇਹ ਕਮਬੈਕ ਹੁਣ ਕੁਸ਼ਤੀ ਨਾਲੋਂ ਕਿਤੇ ਹੋਰ ਅਹਿਮ ਹੋ ਚੁੱਕਿਆ ਹੈ।

2024 ਪੈਰਿਸ ਓਲੰਪਿਕ ਦੀ ਨਿਰਾਸ਼ਾ ਤੋਂ ਬਾਅਦ ਰਿਟਾਇਰਮੈਂਟ ਅਤੇ ਜੁਲਾਈ 2025 ਵਿੱਚ ਮਾਂ ਬਣਨ ਤੋਂ ਬਾਅਦ, ਉਸਨੂੰ ਮੈਟ 'ਤੇ ਉਤਰਨ ਤੋਂ ਪਹਿਲਾਂ ਹੀ ਫੈਡਰੇਸ਼ਨ ਦੇ ਨਿਯਮਾਂ, ਕਾਨੂੰਨੀ ਕਾਰਵਾਈਆਂ ਅਤੇ ਯੋਗਤਾ ਨਾਲ ਜੁੜੇ ਲਗਾਤਾਰ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਹੈ।

ਹਾਲਾਂਕਿ ਇਹ ਚਰਚਾ ਜਾਰੀ ਰਹੇਗੀ ਕਿ ਕੀ ਇਹ ਸਭ ਨਿਯਮਾਂ ਦੀ ਸਧਾਰਣ ਪਾਲਣਾ ਹੈ ਜਾਂ ਬੇਲੋੜੀਆਂ ਰੁਕਾਵਟਾਂ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਨੇਸ਼ ਦੀ ਵਾਪਸੀ ਹੁਣ ਸਿਰਫ਼ ਉਸਦੀ ਕੁਸ਼ਤੀ ਯੋਗਤਾ ਦਾ ਟੈਸਟ ਨਹੀਂ, ਸਗੋਂ ਇੱਕ ਅਜਿਹੇ ਪ੍ਰਣਾਲੀ ਨਾਲ ਲੜਨ ਦਾ ਟੈਸਟ ਵੀ ਬਣ ਗਿਆ ਹੈ, ਜਿਸਨੂੰ ਬਹੁਤ ਸਾਰੇ ਲੋਕ ਉਸਦੀ ਯਾਤਰਾ ਨੂੰ ਲੋੜ ਤੋਂ ਵੱਧ ਮੁਸ਼ਕਲ ਬਣਾਉਣ ਲਈ ਜ਼ਿੰਮੇਵਾਰ ਮੰਨਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)