ਕੀ ਤੁਹਾਡੇ ਮੋਬਾਈਲ ਫੋਨ 'ਤੇ ਵੀ ਵੱਜਿਆ ਸੀ ਸਾਇਰਨ, ਜਾਣੋ ਕੀ ਹੈ ਇਸ ਦਾ ਮਤਲਬ

ਤਸਵੀਰ ਸਰੋਤ, Saqib Majeed/SOPA Images/LightRocket via Getty Images
ਸ਼ਨੀਵਾਰ ਨੂੰ ਦੁਪਹਿਰ 12 ਵਜੇ ਤੋਂ ਠੀਕ ਪਹਿਲਾਂ ਭਾਰਤ 'ਚ ਕਈ ਲੋਕਾਂ ਦੇ ਫੋਨ 'ਚ ਇੱਕ ਅਲਰਟ ਦੇ ਨਾਲ ਸਾਇਰਨ ਵੱਜਣ ਲੱਗਾ। ਇਸ ਦੌਰਾਨ ਲੋਕਾਂ ਦੇ ਫੋਨ 'ਚ ਵਾਈਬ੍ਰੇਸ਼ਨ ਵੀ ਹੋਣ ਲੱਗਾ।
ਕੁਝ ਲੋਕਾਂ ਲਈ ਫੋਨ 'ਚ ਅਚਾਨਕ ਹੋਈ ਇਹ ਹਲਚਲ ਡਰਾਉਣ ਵਾਲੀ ਸੀ ਪਰ ਇਸ ਤੋਂ ਤੁਰੰਤ ਬਾਅਦ ਇੱਕ ਸੂਚਨਾ ਆਈ ਕਿ ਇਹ ਸਰਕਾਰੀ ਪੱਧਰ 'ਤੇ ਕੀਤਾ ਗਿਆ ਇੱਕ ਟ੍ਰਾਇਲ ਸੀ ਅਤੇ ਫਿਲਹਾਲ ਅਜਿਹੇ ਅਲਰਟ ਤੋਂ ਬਾਅਦ ਲੋਕਾਂ ਨੂੰ ਕੁਝ ਨਹੀਂ ਕਰਨਾ ਹੈ।
ਇਸ ਦਾ ਮਕਸਦ ਇਹ ਵੀ ਜਾਨਣਾ ਸੀ ਕਿ ਜਿਨ੍ਹਾਂ ਲੋਕਾਂ ਤੱਕ ਅਜਿਹੇ ਮੈਸੇਜ ਭੇਜਣੇ ਹਨ, ਉਨ੍ਹਾਂ ਤੱਕ ਸਫਲਤਾ ਨਾਲ ਇਹ ਮੈਸੇਜ ਪਹੁੰਚਦੇ ਹਨ ਜਾਂ ਨਹੀਂ।
ਦਰਅਸਲ ਭਾਰਤ 'ਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਅਤੇ ਟੈਲੀਕਮਿਊਨੀਕੇਸ਼ਨ ਵਿਭਾਗ ਨੇ ਮਿਲ ਕੇ ਇੱਕ ਨਵੀਂ ਸੇਵਾ ਸ਼ੁਰੂ ਕੀਤੀ ਹੈ। ਇਸ ਦਾ ਮਕਸਦ ਲੋਕਾਂ ਨੂੰ ਮੋਬਾਈਲ ਫੋਨ ਜ਼ਰੀਏ ਤੁਰੰਤ ਹੀ ਕਿਸੇ ਐਮਰਜੈਂਸੀ ਦੀ ਸੂਚਨਾ ਦੇਣਾ ਹੈ।

ਤਸਵੀਰ ਸਰੋਤ, @ndmaindia
ਕੇਂਦਰੀ ਦੂਰਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧਿਆ ਨੇ ਦੱਸਿਆ, "ਐਨਡੀਐਮਏ ਨਾਲ ਮਿਲ ਕੇ ਦੂਰਸੰਚਾਰ ਵਿਭਾਗ ਨੇ ਸੀ-ਡੌਟ ਜ਼ਰੀਏ ਇੱਕ ਸੈੱਲ ਬ੍ਰਾਡਕਾਸਟਿੰਗ ਸੋਲਿਊਸ਼ਨ ਦੀ ਸ਼ੁਰੂਆਤ ਕੀਤੀ ਹੈ। ਜਦੋਂ ਕਦੇ ਦੇਸ਼ 'ਚ ਕਿਤੇ ਵੀ ਕੋਈ ਆਫ਼ਤ ਆਏ ਤਾਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤਿਆਰ ਕੀਤੀ ਗਈ ਇਹ ਸਵਦੇਸ਼ੀ ਤਕਨੀਕ ਹੈ ਜੋ 21 ਭਾਸ਼ਾਵਾਂ 'ਚ ਲੋਕਾਂ ਤੱਕ ਮੈਸੇਜ ਭੇਜ ਸਕਦੀ ਹੈ।"
ਉਨ੍ਹਾਂ ਨੇ ਕਿਹਾ, "ਇਸ ਨਾਲ ਹਿਮਾਲਿਆ ਦੀਆਂ ਪਹਾੜੀਆਂ ਤੋਂ ਲੈ ਕੇ ਸਮੁੰਦਰ ਤੱਟ ਅਤੇ ਉੱਤਰ-ਪੂਰਬੀ ਖੇਤਰਾਂ 'ਚ ਹਰ ਥਾਂ, ਹਰ ਪਿੰਡ ਅਤੇ ਕਸਬੇ ਤੱਕ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਕਰਨ ਲਈ ਇਹ ਸਹੂਲਤ ਬਹੁਤ ਹੀ ਲਾਭਕਾਰੀ ਰਹੇਗੀ।"

ਤਸਵੀਰ ਸਰੋਤ, ANI
ਇਸ ਤਰ੍ਹਾਂ ਦੇ ਅਲਰਟ ਮਿਲਣ ਤੋਂ ਬਾਅਦ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਦੀ ਸੂਚਨਾ ਤੁਰੰਤ ਹੀ ਮਿਲ ਜਾਵੇਗੀ ਅਤੇ ਉਹ ਇਸ ਮੁਤਾਬਕ ਅਗਲਾ ਕਦਮ ਚੁੱਕ ਸਕਦੇ ਹਨ ਜਾਂ ਇਸ ਨਾਲ ਜੁੜੇ ਸਬੰਧਤ ਨਿਰਦੇਸ਼ਾਂ ਦੀ ਪਾਲਣਾ ਕਰ ਸਕਦੇ ਹਨ।
ਜੋਤੀਰਾਦਿੱਤਿਆ ਸਿੰਧਿਆ ਨੇ ਦੱਸਿਆ, "ਇਹ ਸਿਸਟਮ 2ਜੀ ਤੋਂ ਲੈਕੇ 5ਜੀ ਤੱਕ ਸਾਰੇ ਟਾਵਰ ਦਾ ਇਸਤੇਮਾਲ ਕਰਦਾ ਹੈ ਅਤੇ ਸਾਰੇ ਟੈਲੀਕਾਮ ਆਪ੍ਰੇਟਰ ਇਸਦਾ ਇਸਤੇਮਾਲ ਕਰ ਸਕਣਗੇ। ਸਾਨੂੰ ਯਕੀਨ ਹੈ ਕਿ ਇਹ ਤਮਾਮ ਲੋਕਾਂ ਅਤੇ ਐਨਡੀਆਰਐਫ ਦੀਆਂ ਟੀਮਾਂ ਜੋ ਐਮਰਜੈਂਸੀ ਦੇ ਹਾਲਾਤ 'ਚ ਲੋਕਾਂ ਦੀ ਜਾਨ ਬਣਾਉਣ ਦਾ ਕੰਮ ਕਰਦੀਆਂ ਹਨ, ਉਨ੍ਹਾਂ ਲਈ ਲਾਭਕਾਰੀ ਹੋਵੇਗਾ।"
ਸਰਕਾਰ ਨੇ ਕੀ ਦੱਸਿਆ?

ਤਸਵੀਰ ਸਰੋਤ, @DoT_India
29 ਅਪ੍ਰੈਲ ਨੂੰ ਕੇਂਦਰ ਨੇ ਦੱਸਿਆ ਕਿ ਲੋਕਾਂ ਤੱਕ ਆਫ਼ਤ ਨਾਲ ਜੁੜੇ ਸੁਨੇਹੇ ਤੁਰੰਤ ਭੇਜਣ ਲਈ ਸਵਦੇਸ਼ੀ ਸੈੱਲ ਬ੍ਰਾਡਕਾਸਟ ਸਿਸਟਮ ਦੀ ਟੈਸਟਿੰਗ ਚੱਲ ਰਹੀ ਹੈ।
ਇਹ ਟੈਸਟ ਮੈਸੇਜ ਮੋਬਾਈਲ ਫੋਨ 'ਤੇ ਅੰਗ੍ਰੇਜ਼ੀ, ਹਿੰਦੀ ਅਤੇ ਖੇਤਰੀ ਭਾਸ਼ਾਵਾਂ 'ਚ ਮਿਲ ਸਕਦੇ ਹਨ। ਇਸ ਤਰ੍ਹਾਂ ਦੇ ਮੈਸੇਜ ਰਿਸੀਵ ਕਰਨ ਵਾਲਿਆਂ ਨੂੰ ਅਪੀਲ ਹੈ ਕਿ ਉਹ ਟੈਸਟਿੰਗ ਦੌਰਾਨ ਮਿਲਣ ਵਾਲੇ ਅਲਰਟ ਨੂੰ ਲੈਕੇ ਕੋਈ ਐਕਸ਼ਨ ਨਾ ਲੈਣ, ਯਾਨੀ ਕੋਈ ਕਦਮ ਨਾ ਚੁੱਕਣ।
ਪੀਆਈਬੀ ਮੁਤਾਬਕ, ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ, ਦੂਰਸੰਚਾਰ ਮੰਤਾਰਾਲਾ ਅਤੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ, ਭਾਰਤ ਸਰਕਾਰ ਨਾਲ ਮਿਲ ਕੇ ਦੇਸ਼ ਭਰ 'ਚ ਮੋਬਾਈਲ ਅਧਾਰਿਤ ਡਿਜ਼ਾਸਟਰ ਕਮਿਊਨੀਕੇਸ਼ਨ ਸਿਸਟਮ ਨੂੰ ਬਿਹਤਰ ਬਣਾ ਰਿਹਾ ਹੈ।
ਇਸ ਦਾ ਮਕਸਦ ਆਮ ਲੋਕਾਂ ਤੱਕ ਸਮੇਂ 'ਤੇ ਜ਼ਰੂਰੀ ਜਾਣਕਾਰੀ ਪਹੁੰਚਾਉਣਾ ਹੈ।
ਐਨਡੀਐਮਏ ਨੇ ਸੈਂਟਰ ਫਾਰ ਡਿਵਲਪਮੈਂਟ ਆਫ ਟੈਲੀਮੈਟਿਕਸ (ਸੀ-ਡੌਟ) ਨਾਲ ਮਿਲ ਕੇ ਇਸ ਸਿਸਟਮ ਨੂੰ ਡਿਵਲਪ ਕੀਤਾ ਹੈ।
ਸੀ-ਡੌਟ ਦੂਰਸੰਚਾਰ ਵਿਭਾਗ ਦਾ ਸਭ ਤੋਂ ਵੱਡਾ ਰਿਸਰਚ ਐਂਡ ਡਿਵਲਪਮੈਂਟ ਸੈਂਟਰ ਹੈ।
ਸੈੱਲ ਬ੍ਰਾਡਕਾਸਟ ਅਲਰਟ ਸਿਸਟਮ ਕੀ ਹੈ?

ਤਸਵੀਰ ਸਰੋਤ, Getty Images
ਪੀਆਈਬੀ ਮੁਤਾਬਕ ਇੰਟੀਗ੍ਰੇਟਿਡ ਅਲਰਟ ਸਿਸਟਮ (ਐਸਏਸੀਐਚਈਟੀ) ਨੂੰ ਸਫਲਤਾਪੂਰਵਕ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਭਾਰਤ ਦੇ ਸਾਰੇ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੰਮ ਕਰ ਰਿਹਾ ਹੈ ਅਤੇ ਭੂਗੋਲਿਕ ਆਧਾਰ 'ਤੇ ਵੱਖ-ਵੱਖ ਇਲਾਕਿਆਂ 'ਚ ਮੋਬਾਈਲ ਯੂਜ਼ਰਸ ਨੂੰ ਐਸਐਮਐਸ ਜ਼ਰੀਏ ਆਫ਼ਤ ਅਤੇ ਐਮਰਜੈਂਸੀ ਨਾਲ ਜੁੜੇ ਅਲਰਟ ਭੇਜ ਸਕਦਾ ਹੈ।
ਅੰਗ੍ਰੇਜ਼ੀ ਅਖ਼ਬਾਰ ਦਿ ਹਿੰਦੂ ਮੁਤਾਬਕ ਸ਼ਨੀਵਾਰ 2 ਮਈ ਨੂੰ ਦਿੱਲੀ-ਐਨਸੀਆਰ, ਹਰ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਾਜਧਾਨੀ 'ਚ ਇਹ ਟੈਸਟ ਮੈਸੇਜ ਭੇਜਿਆ ਗਿਆ, ਹਾਲਾਂਕਿ ਸਰਹੱਦੀ ਸੂਬਿਆਂ ਅਤੇ ਚੋਣਾਵੀਂ ਸੂਬਿਆਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ।
ਫੋਨ 'ਤੇ ਮਿਲਣ ਵਾਲੇ ਸਧਾਰਨ ਟੈਸਟ ਮੈਸੇਜ ਤੋਂ ਵੱਖ ਸੈੱਲ ਬ੍ਰਾਡਕਾਸਟ ਮੈਸੇਜ ਨੂੰ ਕਿਸੇ ਖਾਸ ਭੂਗੋਲਿਕ ਇਲਾਕੇ 'ਚ ਹਰ ਮੋਬਾਈਲ ਫੋਨ ਤੱਕ ਇਕੱਠੇ ਭੇਜਿਆ ਜਾ ਸਕਦਾ ਹੈ।
ਇਸ ਤਰ੍ਹਾਂ ਦੇ ਮੈਸੇਜ ਦਾ ਇਸਤੇਮਾਲ ਸਰਕਾਰੀ ਏਜੰਸੀਆਂ ਵੱਲੋਂ ਲੋਕਾਂ ਨੂੰ ਚਿਤਾਵਨੀ ਵਾਲੇ ਮੈਸੇਜ ਭੇਜਣ ਲਈ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਸੈੱਲ ਬ੍ਰਾਡਕਾਸਟ ਜ਼ਰੀਏ ਲੋਕਾਂ ਤੱਕ ਤੁਰੰਤ ਹੀ ਕੋਈ ਅਹਿਮ ਜਾਣਕਾਰੀ ਵੀ ਪਹੁੰਚਾਈ ਜਾ ਸਕਦੀ ਹੈ।
ਇਹ ਕੰਮ ਕਿਵੇਂ ਕਰਦਾ ਹੈ ?
ਐਮਰਜੈਂਸੀ ਮੈਸੇਜ ਭੇਜਣ ਦਾ ਇਹ ਸਿਸਟਮ ਸੀਏਪੀ (ਕੌਮਨ ਅਲਰਟਿੰਗ ਪ੍ਰੋਟੋਕਾਲ) ਦੇ ਆਧਾਰ 'ਤੇ ਕੰਮ ਕਰਦਾ ਹੈ। ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧਿਆ ਨੇ ਦੱਸਿਆ ਹੈ ਕਿ ਇਸ ਦਾ ਸੁਝਾਅ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਵੱਲੋਂ ਦਿੱਤਾ ਗਿਆ ਹੈ।
ਇਹ ਸਿਸਟਮ ਹੁਣ ਭਾਰਤ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸ਼ੁਰੂ ਹੋ ਚੁੱਕਿਆ ਹੈ।
ਇਸ ਜ਼ਰੀਏ ਖਾਸ ਥਾਂਵਾਂ 'ਤੇ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਦੀ ਸੂਚਨਾ ਭੇਜੀ ਜਾ ਸਕਦੀ ਹੈ।
ਉਦਾਹਰਣ ਵਜੋਂ ਭੂਚਾਲ, ਹੜ੍ਹ, ਹਨੇਰੀ-ਝੱਖੜ ਜਾਂ ਜੰਗ ਵਰਗੇ ਹਾਲਾਤ 'ਚ ਲੋਕਾਂ ਨੂੰ ਐਮਰਜੈਂਸੀ ਦੀ ਸੂਚਨਾ ਭੇਜ ਕੇ ਉਨ੍ਹਾਂ ਨੂੰ ਅਲਰਟ ਕੀਤਾ ਜਾ ਸਕਦਾ ਹੈ।

ਸਰਕਾਰ ਮੁਤਾਬਕ ਲੋਕਾਂ ਨੂੰ ਐਮਰਜੈਂਸੀ ਦੀ ਸੂਚਨਾ ਮੈਸੇਜ ਜ਼ਰੀਏ ਪਹਿਲਾਂ ਤੋਂ ਹੀ ਭੇਜੀ ਜਾਂਦੀ ਰਹੀ ਹੈ ਪਰ ਇਸ ਨੂੰ ਹੋਰ ਬਿਹਤਰ ਕਰਨ ਲਈ ਹੁਣ ਮੋਬਾਈਲ 'ਤੇ ਮੈਸੇਜ ਭੇਜਣ ਦੇ ਨਾਲ ਹੀ ਇਹ ਅਲਰਟ ਦੀ ਨਵੀਂ ਸ਼ੁਰੂਆਤ ਕੀਤੀ ਗਈ ਹੈ।
ਇਸ ਦਾ ਇਸਤੇਮਾਲ ਬੇਹੱਦ ਅਹਿਮ ਅਤੇ ਤੁਰੰਤ ਐਮਰਜੈਂਸੀ ਖਤਰੇ ਦੀ ਸੂਚਨਾ ਲਈ ਕੀਤਾ ਜਾਂਦਾ ਹੈ। ਇਨ੍ਹਾਂ 'ਚ ਭੂਚਾਲ, ਸੁਨਾਮੀ, ਬਿਜਲੀ ਡਿੱਗਣਾ, ਗੈਸ ਲੀਕ ਹੋਣਾ, ਕੈਮੀਕਲ ਰਿਸਾਅ ਵਰਗੇ ਖਤਰੇ ਸ਼ਾਮਿਲ ਹਨ।
ਅਜਿਹੇ ਐਮਰਜੈਂਸੀ ਮੈਸੇਜ ਸਿਰਫ ਉਨ੍ਹਾਂ ਮੋਬਾਈਲ ਸੈਟ ਨੂੰ ਰਿਸੀਵ ਹੋਣਗੇ, ਜਿਨ੍ਹਾਂ 'ਚ ਸੈੱਲ ਬ੍ਰਾਡਕਾਸਟ ਟੈਸਟ ਚੈਨਲ ਨੂੰ ਆਨ ਜਾਂ ਇਨੇਬਲ ਰੱਖਿਆ ਜਾਂਦਾ ਹੈ। ਇਸ ਲਈ ਜੇਕਰ ਤੁਹਾਨੂੰ ਇਹ ਮੈਸੇਜ ਨਹੀਂ ਮਿਲਿਆ ਹੈ ਤਾਂ ਆਪਣੇ ਫੋਨ ਦੀ ਸੈਟਿੰਗਸ ਨੂੰ ਬਦਲ ਕੇ ਇਸ ਨੂੰ ਐਕਟਿਵ ਕਰ ਸਕਦੇ ਹੋ।
ਇਸ ਲਈ ਆਪਣੇ ਫੋਨ ਦੀ ਸੈਟਿੰਗਸ 'ਚ ਜਾਓ- ਫਿਰ ਸੇਫਟੀ ਐਂਡ ਐਮਰਜੈਂਸੀ ਆਪਸ਼ਨ ਖੋਲ੍ਹੋ- ਇਸ ਤੋਂ ਬਾਅਦ ਵਾਇਰਲੈੱਸ ਐਮਰਜੈਂਸੀ ਅਲਰਟਸ 'ਚ ਜਾਓ ਅਤੇ ਫਿਰ ਟੈਸਟ ਅਲਰਟਸ 'ਚ ਜਾ ਕੇ ਇਸ ਦੀ ਸੈਟਿੰਗਸ ਨੂੰ ਬਦਲੋ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ






























