ਸੁਣਨ 'ਚ ਦਿੱਕਤ ਆਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਵੋ, ਕਿਉਂਕਿ ਸੁਣਨ ਸ਼ਕਤੀ 'ਇੱਕ ਵਾਰ ਚਲੀ ਗਈ ਤਾਂ ਸਮਝੋ ਹਮੇਸ਼ਾ ਲਈ ਚਲੀ ਗਈ'

ਕੰਨ ਦਾ ਰੰਗ ਬਿਰੰਗਾ ਚਿਤਰ

ਤਸਵੀਰ ਸਰੋਤ, BBC/ Serenity Strull/ Getty Images

    • ਲੇਖਕ, ਐਲੀਜ਼ਾਬੈਥ ਐਨ ਬਰਾਊਨ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਸਿਰਫ਼ ਰੌਕਟ ਲਾਂਚ ਅਤੇ ਸੰਗੀਤ ਦੇ ਪ੍ਰੋਗਰਾਮ ਹੀ ਸੁਣਨ ਸ਼ਕਤੀ ਦੇ ਨੁਕਸਾਨ ਦਾ ਕਾਰਨ ਨਹੀਂ ਬਣਦੇ। ਰੋਜ਼ਾਨਾ ਜ਼ਿੰਦਗੀ ਦੀਆਂ ਸਾਡੀਆਂ ਕਈ ਗਤੀਵਿਧੀਆਂ ਵੀ ਕੰਨਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਆਉਣ ਵਾਲੇ ਦਹਾਕਿਆਂ ਤੱਕ ਆਪਣੇ ਕੰਨਾਂ ਦੀ ਸੁਰੱਖਿਆ ਲਈ ਤੁਸੀਂ ਕੀ ਕਰ ਸਕਦੇ ਹੋ, ਉਹ ਇੱਥੇ ਦੱਸਿਆ ਗਿਆ ਹੈ।

ਜੇ ਤੁਸੀਂ ਕਸਰਤ ਦੇ ਰੂਟੀਨ ਵਿਚ ਅਣਗਹਿਲੀ ਕਰਦੇ ਹੋ ਤਾਂ ਕੁਝ ਮਹੀਨਿਆਂ ਵਿਚ ਹੀ ਪਸੀਨਾ ਵਹਾਉਣ ਅਤੇ ਲਗਨ ਨਾਲ ਆਪਣੀਆਂ ਮਾਸਪੇਸ਼ੀਆਂ ਨੂੰ ਦੁਬਾਰਾ ਬਣਾ ਸਕਦੇ ਹੋ। ਪਰ ਤੁਹਾਡੀ ਸੁਣਨ ਸ਼ਕਤੀ ਦਾ ਕੀ ਹੋਵੇਗਾ? ਇਹ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਦੁਬਾਰਾ ਠੀਕ ਨਹੀਂ ਕਰ ਸਕਦੇ।

ਅਮਰੀਕਾ ਦੇ ਓਹਾਈਓ ਵਿਚ ਕਲੀਵਲੈਂਡ ਕਲੀਨਿਕ ਵਿਖੇ ਇੱਕ ਆਡੀਓਲੋਜਿਸਟ ਅਤੇ ਸੁਣਨ ਸ਼ਕਤੀ ਦੇ ਨੁਕਸਾਨ ਦੀ ਮਾਹਿਰ ਵੈਲਰੀ ਪਾਵਲੋਵਿਚ ਰਫ ਦਾ ਕਹਿਣਾ ਹੈ, "ਜੇ ਇੱਕ ਵਾਰ ਇਹ ਚਲੀ ਗਈ ਤਾਂ ਹਮੇਸ਼ਾ ਲਈ ਚਲੀ ਗਈ।"

ਭਾਵੇਂ ਕਿ ਅਸੀਂ ਲੰਬੇ ਸਮੇਂ ਤੋਂ ਇਹ ਜਾਣਦੇ ਹਾਂ ਕਿ ਸਮੇਂ ਦੇ ਨਾਲ ਸਾਡੀ ਸੁਣਨ ਸ਼ਕਤੀ ਕਮਜ਼ੋਰ ਹੁੰਦੀ ਜਾਂਦੀ ਹੈ ਪਰ ਕੰਨਾਂ ਦੇ ਮਾਹਿਰ ਹੁਣ ਛੋਟੀ ਤੋਂ ਛੋਟੀ ਉਮਰ ਦੇ ਮਰੀਜ਼ਾਂ ਵਿੱਚ ਵੀ ਸੁਣਨ ਸ਼ਕਤੀ ਕਮਜ਼ੋਰ ਹੋਣ ਦੇ ਸਬੂਤ ਦੇਖ ਰਹੇ ਹਨ, ਜਿਨ੍ਹਾਂ ਵਿੱਚ ਕਿਸ਼ੋਰ ਉਮਰ ਅਤੇ ਦਸ ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸ਼ਾਮਲ ਹਨ।

ਅਮਰੀਕਾ ਦੇ ਐਰੀਜ਼ੋਨਾ ਵਿੱਚ ਮੇਓ ਕਲੀਨਿਕ ਵਿਚ ਇੱਕ ਆਡੀਓਲੋਜਿਸਟ ਜੈਮੀ ਬੋਗਲ ਦਾ ਕਹਿਣਾ ਹੈ, "ਛੋਟੀ ਉਮਰ ਵਿੱਚ ਅਸੀਂ ਸਾਰੇ ਆਪਣੇ ਕੰਨਾਂ ਦੀ ਸੁਰੱਖਿਆ ਦੇ ਮਾਮਲੇ 'ਚ ਲਾਪਰਵਾਹ ਹੁੰਦੇ ਹਾਂ।"

"ਪਰ ਇਹ ਛੋਟੀਆਂ ਛੋਟੀਆਂ ਘਟਨਾਵਾਂ ਸਮੇਂ ਦੇ ਨਾਲ ਇਕੱਠੀਆਂ ਹੁੰਦੀਆਂ ਜਾਂਦੀਆਂ ਹਨ, ਇਸ ਲਈ ਜੋ ਚੀਜ਼ਾਂ ਅਸੀਂ ਛੋਟੀ ਉਮਰ ਵਿਚ ਕੀਤੀਆਂ ਹੁੰਦੀਆਂ ਹਨ, ਉਨ੍ਹਾਂ ਦੇ ਮਾੜੇ ਨਤੀਜੇ ਜ਼ਿੰਦਗੀ ਵਿੱਚ ਬਾਅਦ 'ਚ ਸਾਹਮਣੇ ਆ ਸਕਦੇ ਹਨ।"

ਅਤੇ ਇਹ ਸਿਰਫ਼ ਰੌਕਟ ਲਾਂਚ ਅਤੇ ਡੈਥ ਮੈਟਲ ਸੰਗੀਤ ਪ੍ਰੋਗਰਾਮ ਹੀ ਨਹੀਂ ਹਨ ਜਿਨ੍ਹਾਂ ਦੀ ਤੁਹਾਨੂੰ ਚਿੰਤਾ ਕਰਨੀ ਚਾਹੀਦੀ ਹੈ। ਆਮ ਜ਼ਿੰਦਗੀ ਦੀਆਂ ਸਾਡੀਆਂ ਕਈ ਗਤੀਵਿਧੀਆਂ ਵੀ ਲੰਬੇ ਸਮੇਂ ਦੀ ਸੁਣਨ ਸ਼ਕਤੀ 'ਤੇ ਹੈਰਾਨੀਜਨਕ ਅਸਰ ਪਾ ਸਕਦੀਆਂ ਹਨ।

ਸੁਣਨ ਸ਼ਕਤੀ ਕਿਵੇਂ ਕੰਮ ਕਰਦੀ ਹੈ ?

ਸੁਣਨ ਲਈ ਕੰਨ ਕੋਲ ਹੱਥ ਰੱਖ ਕੇ ਖੜੀ ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਖੋਜਾਂ ਨੇ ਉਮਰ ਵਧਣ ਵਾਲ ਕਮਜ਼ੋਰ ਹੁੰਦੀ ਸੁਣਨ ਸ਼ਕਤੀ ਨੂੰ ਮਾਨਸਿਕ ਕਮਜ਼ੋਰੀ ਜਾਂ ਡਿਮੈਂਸ਼ੀਆ ਨਾਲ ਵੀ ਜੋੜਿਆ ਹੈ।

ਤੁਹਾਡੇ ਕੰਨ ਦੇ ਪਰਦੇ ਤੋਂ ਅੱਗੇ ਤੇ ਅੰਦਰੂਨੀ ਕੰਨ ਦੇ ਡੂੰਘੇ ਹਿੱਸੇ ਵਿੱਚ ਇੱਕ ਤਰਲ ਪਦਾਰਥ ਨਾਲ ਭਰਿਆ ਖਾਨਾ ਹੁੰਦਾ ਹੈ ਜਿਸ ਨੂੰ ਕੋਕਲੀਆ ਕਿਹਾ ਜਾਂਦਾ ਹੈ। ਇਸ ਦੇ ਅੰਦਰ ਹਜ਼ਾਰਾਂ ਬਾਰੀਕ ਰੋਮਾਂ(ਵਾਲਾਂ) ਵਾਲੇ ਸੈੱਲ ਹੁੰਦੇ ਹਨ।

ਹਰ ਇੱਕ ਸੈੱਲ ਦੇ ਉੱਤੇ ਦਰਜਨਾਂ ਨਾਜ਼ੁਕ ਛੋਟੇ ਛੋਟੇ ਰੋਮਾਂ ਦਾ ਇੱਕ ਗੁੱਛਾ ਹੁੰਦਾ ਹੈ ਅਤੇ ਹੱਲੇ ਪਾਸੇ ਇੱਕ ਨਿਉਰੋਨ ਹੁੰਦਾ ਹੈ ਜੋ ਸੁਣਨ ਸ਼ਕਤੀ ਵਾਲੀ ਨਾੜੀ ਨਾਲ ਜੁੜਦਾ ਹੈ, ਜੋ ਦਿਮਾਗ਼ ਤੱਕ ਇਲੈਕਟ੍ਰੀਕਲ ਸਿਗਨਲਜ਼ ਨੂੰ ਲੈ ਕੇ ਜਾਂਦੀ ਹੈ।

ਜਿਵੇਂ ਹੀ ਅਵਾਜ਼ ਦਬਾਅ ਦੀਆਂ ਤਰੰਗਾਂ ਵਜੋਂ ਕੰਨ ਵਿੱਚ ਦਾਖਲ ਹੁੰਦੀ ਹੈ ਇਹ ਬਾਰੀਕ ਰੋਮ ਹਵਾ ਵਿੱਚ ਰੁੱਖਾਂ ਦੀ ਤਰ੍ਹਾਂ ਝੂਲਦੇ ਹਨ। ਇਨ੍ਹਾਂ ਰੋਮਾਂ ਦੀ ਹਿਲਜੁਲ ਇਲੈਕਟ੍ਰੀਕਲ ਸਿਗਨਲਜ਼ ਵਿੱਚ ਬਦਲ ਜਾਂਦੀ ਹੈ ਜਿਸ ਨੂੰ ਸਾਡਾ ਦਿਮਾਗ਼ ਅਵਾਜ਼ ਵਜੋਂ ਸਮਝਦਾ ਹੈ।

ਬਹੁਤ ਜ਼ਿਆਦਾ ਉੱਚੀ ਅਵਾਜ਼ ਦੇ ਸੰਪਰਕ ਵਿਚ ਲੰਬੇ ਸਮੇਂ ਤੱਕ ਰਹਿਣਾ ਤੇਜ਼ ਹਨੇਰੀ ਵਜੋਂ ਕੰਮ ਕਰਦਾ ਹੈ ਜੋ ਇਨ੍ਹਾਂ ਬਾਰੀਕ ਰੋਮਾਂ ਨੂੰ ਵਿੰਗਾਂ ਕਰ ਦਿੰਦਾ ਹੈ ਜਾਂ ਤੋੜ ਦਿੰਦਾ ਹੈ। ਤੁਹਾਡੀਆਂ ਅੱਖਾਂ ਦੀਆਂ ਪਲਕਾਂ ਦੇ ਉਲਟ ਇਹ ਰੋਮ ਦੁਬਾਰਾ ਨਹੀਂ ਉੱਘਦੇ।

ਪਾਵਲੋਵਿਚ ਦਾ ਕਹਿਣਾ ਹੈ, "ਮਨੁੱਖੀ ਕੰਨ ਵਿਚ ਉਹ ਸਾਰੇ ਰੋਮ ਸੈੱਲ ਤੁਹਾਡੇ ਜਨਮ ਦੇ ਦਿਨ ਤੋਂ ਹੀ ਮੌਜੂਦ ਹੁੰਦੇ ਹਨ ਜੋ ਤੁਹਾਨੂੰ ਪੂਰੀ ਜ਼ਿੰਦਗੀ ਲਈ ਚਾਹੀਦੇ ਹੁੰਦੇ ਹਨ। ਇੱਕ ਵਾਰ ਜਦੋਂ ਤੁਸੀਂ ਇਨ੍ਹਾਂ ਸੈੱਲਾਂ ਨੂੰ ਗੁਆ ਦਿੰਦੇ ਹੋ ਤਾਂ ਇਹ ਨੁਕਸਾਨ ਹਮੇਸ਼ਾ ਲਈ ਹੁੰਦਾ ਹੈ। ਇਸ ਨੂੰ ਦੁਬਾਰਾ ਠੀਕ ਨਹੀਂ ਕੀਤਾ ਜਾ ਸਕਦਾ।"

ਖੋਜਕਰਤਾ ਇਨ੍ਹਾਂ ਬਾਰੀਕ ਰੋਮਾਂ ਨੂੰ ਦੁਬਾਰਾ ਉਗਾਉਣ ਲਈ ਜੀਨ ਥੈਰੇਪੀ 'ਤੇ ਕੰਮ ਕਰ ਰਹੇ ਹਨ ਜੋ ਕਿ ਕੁਝ ਜਾਨਵਰਾਂ, ਜਿਵੇਂ ਕਿ ਜ਼ੈਬਰਾਫਿਸ਼ ਅਤੇ ਮੁਰਗੀਆਂ ਵਿੱਚ ਰੋਮ ਸੈੱਲਾਂ ਦੇ ਕੁਦਰਤੀ ਤੌਰ 'ਤੇ ਦੁਬਾਰਾ ਉੱਗਣ ਦੇ ਤਰੀਕੇ ਤੋਂ ਪ੍ਰੇਰਿਤ ਹੈ।

ਪਰ ਜਦੋਂ ਤੱਕ ਇਹ ਸੰਭਵ ਨਹੀਂ ਹੁੰਦਾ, ਉਦੋਂ ਤੱਕ ਬਚਾਅ ਹੀ ਸਭ ਤੋਂ ਵਧੀਆ ਉਪਾਅ ਹੈ, ਪਾਵਲੋਵਿਚ ਰਫ ਦਾ ਕਹਿਣਾ ਹੈ ਜੋ ਕੁਝ ਤੁਹਾਡੇ ਕੋਲ ਹੈ, ਉਸ ਦੀ ਰੱਖਿਆ ਕਰੋ।

ਸੁਣਨ ਸ਼ਕਤੀ ਕਮਜ਼ੋਰ ਹੋਣ ਦੇ ਪ੍ਰਭਾਵ

ਜਿਵੇਂ ਸਾਡੀ ਉਮਰ ਵਧੀ ਹੈ, ਕਮਜ਼ੋਰ ਸੁਣਨ ਸ਼ਕਤੀ, ਸਮਾਜਿਕ ਤੌਰ 'ਤੇ ਅਲੱਗ ਥਲੱਗ ਹੋਣ ਦਾ ਕਾਰਨ ਬਣ ਸਕਦੀ ਹੈ।

ਪਾਵਲੋਵਿਚ ਰਫ ਕਹਿੰਦੇ ਹਨ ਕਿ ਲੋਕ ਗਲਤ ਸੁਣਨ ਦੇ ਡਰੋਂ ਕੋਈ ਗਲਤ ਗੱਲ ਕਹਿਣ ਬਾਰੇ ਚਿੰਤਤ ਹੁੰਦੇ ਹਨ। ਉਨ੍ਹਾਂ ਵਿੱਚ ਦੋਸਤੀਆਂ ਅਤੇ ਸਮਾਜਿਕ ਰਿਸ਼ਤਿਆਂ ਤੋਂ ਪਿੱਛੇ ਹਟਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਸਹਾਰਾ ਦਿੰਦੇ ਹਨ।

ਕਈ ਖੋਜਾਂ ਨੇ ਉਮਰ ਵਧਣ ਵਾਲ ਕਮਜ਼ੋਰ ਹੁੰਦੀ ਸੁਣਨ ਸ਼ਕਤੀ ਨੂੰ ਮਾਨਸਿਕ ਕਮਜ਼ੋਰੀ ਜਾਂ ਡਿਮੈਂਸ਼ੀਆ ਨਾਲ ਵੀ ਜੋੜਿਆ ਹੈ।

ਪਰ ਅੱਜ ਤੱਕ ਇਕੱਠੇ ਕੀਤੇ ਗਏ ਸਬੂਤ ਹਾਲੇ ਇਹ ਸਾਬਿਤ ਨਹੀਂ ਕਰਦੇ ਕਿ ਸੁਣਨ ਸ਼ਕਤੀ ਦਾ ਘਟਨਾ ਹੀ ਇਨ੍ਹਾਂ ਮਾਨਸਿਕ ਤਬਦੀਲੀਆਂ ਦਾ ਮੁੱਖ ਕਾਰਨ ਬਣਦਾ ਹੈ। ਇਸ ਦੀ ਬਜਾਏ ਸੁਣਨ ਸ਼ਕਤੀ ਦਾ ਘਟਨਾ ਅਤੇ ਡਿਮੈਂਸ਼ੀਆ ਦੋਹੇਂ ਹੀ ਅੰਦਰੂਨੀ ਤੌਰ 'ਤੇ ਅੰਦਰੂਨੀ ਤੌਰ 'ਤੇ ਕਮਜ਼ੋਰ ਹੋਣ ਦੀ ਇੱਕ ਹੀ ਪ੍ਰਕਿਰਿਆ ਦੇ ਲੱਛਣ ਹੋ ਸਕਦੇ ਹਨ।

ਪਾਵਲੋਵਿਚ ਕਹਿੰਦੇ ਹਨ, "ਸ਼ੁਰੂਆਤੀ ਦੌਰ ਵਿੱਚ ਇਨ੍ਹਾਂ ਦੋਹਾਂ ਵਿਚਕਾਰ ਅਕਸਰ ਭੁਲੇਖਾ ਲੱਗ ਸਕਦਾ ਹੈ। ਹੋ ਸਕਦਾ ਹੈ ਕਿ ਉਸ ਵਿਅਕਤੀ ਨੂੰ ਕੋਈ ਮਾਨਸਿਕ ਕਮਜ਼ੋਰੀ ਨਾ ਹੋਵੇ, ਬਲਕਿ ਇਹ ਵੀ ਹੋ ਸਕਦਾ ਹੈ ਕਿ ਉਹ ਸਿਰਫ਼ ਸੁਣਨ ਵਿੱਚ ਅਸਮਰਥ ਹੋਵੇ।"

ਮਿਊਜ਼ਿਕ ਕੰਸਰਟ ਅਤੇ ਹੈਡਫੋਨ

ਕੰਨਾਂ ਕੋਲ ਹੈਡਫੋਨ ਅਤੇ ਮਿਊਜ਼ਿਕ ਦੀਆਂ ਤਰੰਗਾਂ ਦਰਸਾਉਂਦਾ ਚਿਤਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, "ਕਿਸ਼ੋਰ ਅਤੇ ਛੋਟੇ ਬੱਚੇ ਬਹੁਤ ਲੰਬੇ ਸਮੇਂ ਤੱਕ ਉੱਚੀ ਅਵਾਜ਼ ਸੁਣਨ ਕਾਰਨ ਕਮਜ਼ੋਰ ਸੁਣਨ ਸ਼ਕਤੀ ਦਾ ਸਾਹਮਣਾ ਕਰਨ ਲੱਗੇ ਹਨ।"

ਪਾਵਲੋਵਿਚ ਰਫ ਨੇ ਕਿਹਾ, "ਲਾਈਵ ਮਿਊਜ਼ਿਕ ਆਮ ਤੌਰ 'ਤੇ ਵੱਧ ਅਵਾਜ਼ ਵਾਲਾ ਹੁੰਦਾ ਹੈ ਅਤੇ ਇਹ ਹਮੇਸ਼ਾ ਹੀ ਬਹੁਤ ਉੱਚਾ ਹੁੰਦਾ ਹੈ।"

ਉਹ ਸਮਝਾਉਂਦੀ ਹੈ ਕਿ ਜਿਸ ਅਵਾਜ਼ ਵਿੱਚ ਕਈ ਥਾਂਵਾਂ 'ਤੇ ਸੰਗੀਤ ਵਜਾਇਆ ਜਾਂਦਾ ਹੈ, ਉਸ ਨਾਲ ਤੁਹਾਡੇ ਅੰਦਰੂਨੀ ਕੰਨ 'ਤੇ ਪੈਣ ਵਾਲੇ ਲਗਾਤਾਰ ਬੋਝ ਮਹਿਜ਼ 10-15 ਮਿੰਟਾਂ ਵਿੱਚ ਹੀ ਨੁਕਸਾਨਦੇਹ ਹੋ ਜਾਂਦਾ ਹੈ।

ਉਹ ਕਹਿੰਦੇ ਹਨ, "ਇਸ ਲਈ ਜੇਕਰ ਤੁਸੀਂ ਪੂਰੇ ਕੰਸਰਟ ਲਈ ਰੁਕਣਾ ਚਾਹੁੰਦੇ ਹੋ ਤਾਂ ਤੁਹਾਨੂੰ ਈਅਰਪਲੱਗ ਪਾਉਣੇ ਚਾਹੀਦੇ ਹਨ। ਪਰ ਫ਼ੋਮ ਵਾਲੇ ਈਅਰਪਲੱਗ ਅਸਲ ਵਿੱਚ ਮਿਊਜ਼ਿਕ ਦੀ ਅਵਾਜ਼ ਨੂੰ ਖਰਾਬ ਕਰ ਦਿੰਦੇ ਹਨ।"

ਇਸ ਦੀ ਬਜਾਏ 'ਹਾਈ-ਫਿਡੇਲਿਟੀ ਪਲੱਗਜ਼' ਦੀ ਭਾਲ ਕਰੋ ਜੋ ਅਵਾਜ਼ ਦੇ ਅਸਲ ਰੂਪ ਨੂੰ ਬਦਲੇ ਬਿਨ੍ਹਾਂ ਹੀ ਉਸ ਨੂੰ ਹਲਕਾ ਕਰ ਦਿੰਦੇ ਹਨ। ਪਾਵਲੋਵਿਚ ਕਹਿੰਦੇ ਹਨ, "ਤੁਸੀਂ ਲਗਭਗ 25 ਡਾਲਰ ਜਾਂ ਇਸ ਤੋਂ ਘੱਟ ਵਿਚ ਬਹੁਤ ਹੀ ਵਧੀਆ ਹਾਈ-ਫਿਡੇਲਿਟੀ ਪਲੱਗਜ਼ ਖਰੀਦ ਸਕਦੇ ਹੋ।"

ਉਹ ਕਹਿੰਦੇ ਹਨ ਕਿ ਸੰਗੀਤ ਦੇ ਅਸਲ ਸ਼ੌਕੀਨ ਕਸਟਮ ਮਿਊਜ਼ੀਸ਼ੀਅਨ ਈਅਰਪਲੱਗਾਂ 'ਤੇ ਪੈਸੇ ਲਗਾ ਸਕਦੇ ਹਨ, ਜਿਨ੍ਹਾਂ ਦੀ ਕੀਮਤ ਲਗਭਗ 175 ਡਾਲਰ ਹੁੰਦੀ ਹੈ ਅਤੇ ਇਹ ਕੰਨਾਂ ਦੇ ਮਾਹਿਰਾਂ ਵੱਲੋਂ ਤੁਹਾਡੇ ਕੰਨ ਦੇ ਨਾਪ ਮੁਤਾਬਕ ਤਿਆਰ ਕੀਤੇ ਜਾਂਦੇ ਹਨ।

ਖੇਡ ਮੁਕਾਬਲਿਆਂ ਲਈ ਵੀ ਇਹੀ ਲਾਗੂ ਹੁੰਦਾ ਹੈ। ਕਿਉਂਕਿ ਸਟੇਡੀਅਮ ਅਕਸਰ ਆਪਣੇ ਪ੍ਰਸ਼ੰਸਕਾਂ ਦੀਆਂ ਚੀਕਾਂ ਦੇ ਡੈਸੀਬਲ ਪੱਧਰ 'ਤੇ ਮਾਣ ਕਰਦੇ ਹਨ।

ਪਾਵਲੋਵਿਚ ਦਾ ਕਹਿਣਾ ਹੈ, "ਮੈਂ ਅਕਸਰ ਖੇਡ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਕੰਨਾਂ ਦੀ ਸੁਰੱਖਿਆ ਵਾਲੇ ਈਅਰ ਮਫਸ ਪਾਏ ਦੇਖਦੀ ਹਾਂ ਪਰ ਮਾਪਿਆਂ ਨੇ ਖੁਦ ਨਹੀਂ ਪਾਏ ਹੁੰਦੇ। ਤੁਹਾਡੇ ਆਪਣੇ ਕੰਨਾਂ ਦਾ ਕੀ ? ਕੀ ਤੁਸੀਂ ਇਸ ਬੱਚੇ ਦੀ ਅਵਾਜ਼ ਉਦੋਂ ਨਹੀਂ ਸੁਣਨਾ ਚਾਹੁੰਦੇ ਜਦੋਂ ਉਹ ਵੱਡਾ ਹੋ ਜਾਵੇਗਾ?"

ਇੱਕ ਮਹਿਲਾ ਦੇ ਕੰਨ ਚੈੱਕ ਕਰਦੀ ਡਾਕਟਰ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਖੋਜਾਂ ਨੇ ਉਮਰ ਵਧਣ ਵਾਲ ਕਮਜ਼ੋਰ ਹੁੰਦੀ ਸੁਣਨ ਸ਼ਕਤੀ ਨੂੰ ਮਾਨਸਿਕ ਕਮਜ਼ੋਰੀ ਜਾਂ ਡਿਮੈਂਸ਼ੀਆ ਨਾਲ ਵੀ ਜੋੜਿਆ ਹੈ।

ਫਿਰ ਵੀ ਸਾਡੇ ਵਿੱਚੋਂ ਬਹੁਤੇ ਲੋਕ ਕਦੇ ਕਦਾਈਂ ਹੀ ਸੰਗੀਤਕ ਪ੍ਰੋਗਰਾਮਾਂ ਅਤੇ ਖੇਡ ਮੁਕਾਬਲਿਆਂ ਵਿੱਚ ਜਾਂਦੇ ਹਨ। ਇਸ ਦੀ ਬਜਾਏ, ਸੰਗੀਤ ਅਤੇ ਉੱਚੀਆਂ ਅਵਾਜ਼ਾਂ ਨਾਲ ਸਾਡਾ ਮੁੱਖ ਸੰਪਰਕ ਸਾਡੇ ਹੈੱਡਫੋਨਾਂ ਰਾਹੀਂ ਹੁੰਦਾ ਹੈ।

ਪਾਵਲੋਵਿਚ ਰਫ ਕਹਿੰਦੀ ਹੈ, "ਕਿਸ਼ੋਰ ਅਤੇ ਛੋਟੇ ਬੱਚੇ ਬਹੁਤ ਲੰਬੇ ਸਮੇਂ ਤੱਕ ਉੱਚੀ ਅਵਾਜ਼ ਸੁਣਨ ਕਾਰਨ ਕਮਜ਼ੋਰ ਸੁਣਨ ਸ਼ਕਤੀ ਦਾ ਸਾਹਮਣਾ ਕਰਨ ਲੱਗੇ ਹਨ।"

ਰਫ, ਇੱਕ ਛੇ ਸਾਲ ਦੇ ਬੱਚੇ ਨੂੰ ਯਾਦ ਕਰਦੀ ਹੈ ਜਿਸ ਦਾ ਕਲੀਨਿਕ ਵਿੱਚ ਹਾਲ ਹੀ ਵਿੱਚ ਕੀਤਾ ਹੈ। ਉਹ ਦੱਸਦੀ ਹੈ ਕਿ ਹਾਲਾਂਕਿ ਪਰਿਵਾਰ ਨੇ ਉਸ ਦੀ ਸੁਣਨ ਸ਼ਕਤੀ ਵਿਚ ਕੋਈ ਫਰਕ ਮਹਿਸੂਸ ਨਹੀਂ ਕੀਤਾ ਸੀ, ਪਰ ਪਾਵਲੋਵਿਚ ਨੇ ਉਸ ਦੇ ਸਕੂਲ ਦੇ ਲੈਪਟਾਪ ਦੀ ਬਹੁਤ ਵਧਾਈ ਹੋਈ ਅਵਾਜ਼ ਕਾਰਨ ਹੋਏ ਨੁਕਸਾਨ ਦੇ ਸਪਸ਼ਟ ਸਬੂਤ ਦੇਖੇ।

ਸਵੀਡਨ ਵਿੱਚ ਨੌ ਸਾਲ ਦੇ ਬੱਚਿਆਂ 'ਤੇ ਕੀਤੇ ਇੱਕ ਅਧਿਐਨ ਵਿੱਚ ਨਿਯਮਿਤ ਰੂਪ ਵਿੱਚ ਹੈੱਡਫੋਨ ਵਰਤਣ ਵਾਲੇ ਬੱਚਿਆਂ ਅਤੇ ਹੈੱਡਫੋਨ ਨਾ ਵਰਤਣ ਵਾਲੇ ਬੱਚਿਆਂ ਦੀ ਸੁਣਨ ਸ਼ਕਤੀ ਵਿੱਚ ਇੱਕ ਛੋਟਾ ਪਰ ਅੰਕੜਿਆਂ ਦੇ ਲਿਹਾਜ਼ ਨਾਲ ਵੱਡਾ ਫਰਕ ਪਾਇਆ ਗਿਆ।

ਖੋਜਕਰਤਾਵਾਂ ਦਾ ਅੰਦਾਜ਼ਾ ਹੈ ਕਿ ਸਦਾਈ ਹੋਈ ਅਵਾਜ਼ ਅਤੇ ਨਿੱਜੀ ਹੈੱਡਫੋਨਾਂ ਜਿਹੇ ਯੰਤਰਾਂ ਦੀ ਵਰਤੋਂ ਕਾਰਨ 35 ਸਾਲ ਤੋਂ ਘੱਟ ਉਮਰ ਦੇ ਲਗਭਗ 1.35 ਅਰਬ ਲੋਕ ਸਮੇਂ ਤੋਂ ਪਹਿਲਾਂ ਸੁਣਨ ਸ਼ਕਤੀ ਗੁਆਉਣ ਦੇ ਖਤਰੇ ਵਿਚ ਹੋ ਸਕਦੇ ਹਨ।

ਪਾਵਲੋਵਿਚ ਦਾ ਕਹਿਣਾ ਹੈ ਕਿ ਕਈ ਯੰਤਰ ਐਕਟਿਵ ਵੋਲਿਉਮ ਲਿਮਿਟਰਾਂ ਜ਼ਰੀਏ ਅਵਾਜ਼ ਨੂੰ ਸੁਰੱਖਿਅਤ ਪੱਧਰ 'ਤੇ ਸੀਮਤ ਰੱਖਦੇ ਹਨ ਅਤੇ ਇਨ੍ਹਾਂ ਸੁਰੱਖਿਆ ਨਿਯਮਾਂ ਦਾ ਪਾਲਣ ਕਰਨਾ ਮਹੱਤਵਪੂਰਨ ਹੈ।

ਉਹ ਕਹਿੰਦੇ ਹਨ, "ਜੇ ਤੁਸੀਂ ਹੈੱਡਫੋਨ ਪਾਏ ਹੋਏ ਹਨ ਅਤੇ ਤੁਸੀਂ ਹਾਲੇ ਵੀ ਆਪਣੇ ਬਹੁਤ ਨੇੜੇ ਖੜ੍ਹੇ ਕਿਸੇ ਵਿਅਕਤੀ ਨਾਲ ਗੱਲਬਾਤ ਕਰ ਸਕਦੇ ਹੋ ਤਾਂ ਸਭ ਠੀਕ ਹੈ। ਪਰ ਜੇਕਰ ਕਿਸੇ ਨੂੰ ਤੁਹਾਡੇ ਨਾਲ ਚੀਕ ਕੇ ਗੱਲ ਕਰਨੀ ਪੈ ਰਹੀ ਹੈ ਜਾਂ ਤੁਸੀਂ ਉਨ੍ਹਾ ਨੂੰ ਬਿਲਕੁਲ ਸੁਣ ਨਹੀਂ ਪਾ ਰਹੇ ਤਾਂ ਇਹ ਅਵਾਜ਼ ਸ਼ਾਇਦ ਬਹੁਤ ਜ਼ਿਆਦਾ ਉੱਚੀ ਹੈ।"

ਬਾਗਵਾਨੀ, ਘਰ ਦੀ ਮੁਰੰਮਤ ਅਤੇ ਸਫਰ ਲਈ ਨਿਕਲਣਾ

ਘਾਹ ਕੱਟਣ ਵਾਲੀ ਮਸ਼ੀਨ, ਪੱਤੇ ਸਾਫ਼ ਕਰਨ ਵਾਲਾ ਬਲੋਅਰ, ਲਾਅਨਮੋਵਰ ਅਤੇ ਤੁਹਾਡੇ ਤਾਜ਼ਾ ਘਰੇਲੂ ਕੰਮ ਲਈ ਵਰਤੀ ਜਾਣ ਵਾਲੀ ਆਰੀ- ਬਾਗਵਾਨੀ ਅਤੇ ਘਰ ਦੀ ਮੁਰੰਮਤ ਦੇ ਇਹ ਕੰਮ ਹੈਰਾਨੀਜਨਕ ਰੂਪ ਵਿੱਚ ਬਹੁਤ ਉੱਚੀ ਅਵਾਜ਼ ਵਾਲੇ ਹੋ ਸਕਦੇ ਹਨ।

ਸ਼ੁਕਰ ਹੈ ਕਿ ਅਮਰੀਕਾ ਵਿੱਚ ਕਈ ਖੇਤਰਾਂ ਦੀਆਂ ਸਰਕਾਰਾਂ ਹੁਣ ਜ਼ਿਆਦਾ ਅਵਾਜ਼ ਵਾਲੇ ਗੈਸ-ਪੈਟਰੋਲ ਵਾਲੇ ਸੰਦਾਂ ਦੀ ਬਜਾਏ ਘੱਟ ਅਵਾਜ਼ ਵਾਲੇ ਇਲੈਕਟ੍ਰਿਕ ਸੰਦਾਂ ਦੀ ਵਰਤੋਂ ਨੂੰ ਲਾਜ਼ਮੀ ਕਰ ਰਹੀਆਂ ਹਨ।

ਪਾਵਲੋਵਿਚ ਅਤੇ ਬੋਗਲ ਦਾ ਕਹਿਣਾ ਹੈ ਕਿ ਇਨ੍ਹਾਂ ਕੰਮਾਂ ਦੌਰਾਨ ਕੰਨਾਂ ਦੀ ਸੁਰੱਖਿਆ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨਾ ਮਹੱਤਵਪੂਰਨ ਹੈ ਭਾਵੇਂ ਉਹ ਈਅਰਪਲੱਗ ਹੋਣ, ਕੰਨਾਂ 'ਤੇ ਪਾਏ ਈਅਰਮਫਸ ਹੋਣ ਜਾਂ ਦੋਹੇਂ ਹੋਣ।

ਆਮ ਤੌਰ 'ਤੇ ਸਭ ਤੋਂ ਉੱਚੀ 'ਨੋਇਜ਼ ਰਿਡਕਸ਼ਨ ਰੇਟਿੰਗ' ਨੂੰ ਚੁਣਨਾ ਸਭ ਤੋਂ ਵਧੀਆ ਹੈ ਜਿੰਨੀ ਤੁਸੀਂ ਸਹਿ ਸਕਦੇ ਹੋ। ਐਨਆਰਆਰ ਦਾ ਹਰ ਇੱਕ ਪੁਆਇੰਟ ਲਗਭਗ ਇੱਕ ਡੈਸੀਬਲ ਅਵਾਜ਼ ਨੂੰ ਖਤਮ ਕਰ ਦਿੰਦਾ ਹੈ।

ਬੋਗਲ ਕਹਿੰਦੇ ਹਨ, "ਈਅਰਮਫਸ ਅਕਾਰ ਵਿੱਚ ਥੋੜ੍ਹੇ ਵੱਡੇ ਹੁੰਦੇ ਹਨ, ਉਹ ਤੁਹਾਨੂੰ ਸ਼ੋਰ ਤੋਂ ਥੋੜ੍ਹੀ ਜ਼ਿਆਦਾ ਸੁਰੱਖਿਆ ਦਿੰਦੇ ਹਨ ਅਤੇ ਉਹ ਅਸਾਨੀ ਨਾਲ ਸਹੀ ਤਰ੍ਹਾਂ ਫਿੱਟ ਹੋ ਜਾਂਦੇ ਹਨ।"

ਬੋਗਲ ਅਤੇ ਪਾਵਲੋਵਿਚ ਰਫ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਹ ਸ਼ੋਰ ਸ਼ਰਾਬੇ ਵਾਲੇ ਘਰੇਲੂ ਕੰਮ ਕਰਦੇ ਸਮੇਂ ਮਿਊਜ਼ਿਕ ਜਾਂ ਕੋਈ ਪੌਡਕਾਸਟ ਸੁਣਨਾ ਚਾਹੁੰਦੇ ਹੋ ਤਾਂ ਨੌਇਜ਼ ਕੈਂਸਲਿੰਗ ਈਅਰਮਫਸ ਪਾਓ।

ਜਦੋਂ ਮੌਸਮ ਸੁਹਾਵਣਾ ਹੁੰਦਾ ਹੈ ਤਾਂ ਕਾਰ ਦਾ ਸ਼ੀਸ਼ਾ ਹੇਠਾਂ ਕਰਕੇ ਤਾਜ਼ੀ ਹਵਾ ਲੈਣ ਦਾ ਮਨ ਕਰਦਾ ਹੈ। ਹਾਲਾਂਕਿ ਸ਼ਾਂਤ ਸੜਕਾਂ 'ਤੇ ਅਜਿਹਾ ਕਰਨਾ ਠੀਕ ਹੈ ਪਰ ਪਾਵਲੋਵਿਚ ਰਫ ਚੇਤਾਵਨੀ ਦਿੰਦੀ ਹੈ ਕਿ ਹਾਈਵੇਅ 'ਤੇ ਸ਼ੀਸ਼ਾ ਹੇਠਾਂ ਕਰਕੇ ਗੱਡੀ ਚਲਾਉਣਾ ਤੁਹਾਡੀ ਸੁਣਨ ਸ਼ਕਤੀ ਲਈ ਨੁਕਸਾਨਦੇਹ ਹੋ ਸਕਦਾ ਹੈ।

ਉਹ ਕਹਿੰਦੇ ਹਨ ਕਿ ਹਵਾ ਦਾ ਉਹ ਤੇਜ਼ ਵੇਗ ਤੁਹਾਡੀ ਸੋਚ ਨਾਲੋਂ ਕਿਤੇ ਜ਼ਿਆਦਾ ਉੱਚਾ ਹੁੰਦਾ ਹੈ ਅਤੇ ਕੰਨਾਂ ਦੇ ਮਾਹਿਰ ਉਨ੍ਹਾਂ ਲੋਕਾਂ ਵਿੱਚ ਇੱਕ ਪਾਸੇ ਦੀ ਸੁਣਨ ਸ਼ਕਤੀ ਦਾ ਨੁਕਸਾਨ ਦੇਖਦੇ ਹਨ ਜਿਨ੍ਹਾਂ ਨੂੰ ਸ਼ੀਸ਼ਾ ਹੇਠਾਂ ਕਰਕੇ ਗੱਡੀ ਚਲਾਉਣ ਦੀ ਆਦਤ ਹੁੰਦੀ ਹੈ।

ਇਸ ਸਮੱਸਿਆ ਨੂੰ ਹੋਰ ਵਧਾਉਂਦਾ ਹੈ ਸਾਡਾ ਪੁਰਾਣਾ ਦੋਸਤ ਰੋਡੀਓ- ਅਸੀਂ ਹਵਾ ਦੇ ਸ਼ੋਰ ਦੇ ਉੱਤੇ ਅਵਾਜ਼ ਸੁਣਨ ਲਈ ਅਣਜਾਣੇ ਵਿੱਚ ਹੀ ਸੰਗੀਤ ਨੂੰ ਬਹੁਤ ਉੱਚਾ ਕਰ ਦਿੰਦੇ ਹਾਂ। ਪਾਵਲੋਵਿਚ ਦਾ ਕਹਿਣਾ ਹੈ ਕਿ ਇਹ ਦੋਹਰੀ ਮਾਰ ਹੈ।

ਉਹ ਇਹ ਵੀ ਕਹਿੰਦੀ ਹੈ ਕਿ ਮੋਟਰਸਾਈਕਲ ਚਲਾਉਣ ਵਾਲਿਆਂ ਨੂੰ ਹਮੇਸ਼ਾ ਈਅਰਪਲੱਗ ਵਰਤਣੇ ਚਾਹੀਦੇ ਹਨ। ਪਰ ਇਹ ਯਕੀਨੀ ਬਣਾਓ ਕਿ ਉਹ ਹਾਈ ਫਿ਼ਡੇਲਟੀ ਪਲੱਗ ਹੋਣ ਤਾਂ ਜੋ ਕੱਸੀਂ ਐਮਰਜੈਂਸੀ ਵਾਹਨਾਂ ਅਤੇ ਹੋਰ ਟਰੈਫਿਕ ਦੀਆਂ ਅਵਾਜ਼ਾਂ ਨੂੰ ਸੁਣ ਸਕੋ ਅਤੇ ਇਹ ਤੁਹਾਡੀ ਹਾਰਲੇ ਦੀ ਪਹਾੜ ਜਿਹੀ ਅਵਾਜ਼ ਨੂੰ ਇੱਕ ਸ਼ਆਂਤ ਅਤੇ ਹਲਕੀ ਅਵਾਜ਼ ਵਿੱਚ ਬਦਲ ਦੇਣਗੇ।

ਬਹੁਤ ਜ਼ਿਆਦਾ ਈਅਰਪਲੱਗਿੰਗ

ਕੰਨ ਸਾਫ਼ ਕਰਦੀ ਮਹਿਲਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੰਨਾਂ ਵਿੱਚ ਕੁਝ ਲਗਾਉਣ ਵੇਲੇ ਹਮੇਸ਼ਾ ਸਾਵਧਾਨੀ ਵਰਤਣੀ ਚਾਹੀਦੀ ਹੈ।

ਜੇ ਇਹ ਪੜ੍ਹ ਕੇ ਤੁਹਾਨੂੰ ਅਹਿਸਾਸ ਹੋ ਰਿਹਾ ਹੈ ਕਿ ਤੁਹਾਨੂੰ ਈਅਰਪਲੱਗ ਦੀ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ ਤਾਂ ਤੁਸੀਂ ਇਕੱਲੇ ਨਹੀਂ ਹੋ। ਪਰ ਤੁਹਾਨੂੰ ਕੰਨਾਂ ਵਿੱਚ ਕੁਝ ਲਗਾਉਣ ਵੇਲੇ ਹਮੇਸ਼ਾ ਸਾਵਧਾਨੀ ਵਰਤਣੀ ਚਾਹੀਦੀ ਹੈ।

ਕੰਨ, ਆਪਣੇ ਆਪ ਸਾਫ਼ ਹੋਣ ਵਾਲੇ ਓਵਨ ਦੀ ਤਰ੍ਹਾਂ ਹੁੰਦੇ ਹਨ। ਇਹ ਕੰਨ ਦੀ ਨਲੀ ਨੂੰ ਮੁਲਾਇਮ ਬਣਾਉਣ ਦੇ ਨਾਲ ਨਾਲ ਮਰੀ ਹੋਈ ਦਮੜੀ ਅਤੇ ਇਕੱਠੇ ਹੋਏ ਬੈਕਟੀਰੀਆ ਨੂੰ ਬਾਹਰ ਕੱਢਣ ਲਈ ਕੰਨ ਦੀ ਮੈਲ ਦੀ ਵਰਤੋਂ ਕਰਦੇ ਹਨ।

ਚਮੜੀ ਦੀ ਇੱਕ ਕਨਵੇਅਰ ਬੈਲਟ ਅਤੇ ਜਦੋਂ ਤੁਸੀਂ ਗੱਲ ਕਰਦੇ ਹੋ ਜਾਂ ਚਬਾਉਂਦੇ ਹੋ ਤਾਂ ਤੁਹਾਡੇ ਕਬਾੜੇ ਦੀ ਹਿਲਜੁਲ ਸਦਕਾ, ਕੰਨ ਦੀ ਮੈਲ ਅਤੇ ਇਸ ਦੇ ਨਾਲ ਮੌਜੂਦ ਸਾਰੀ ਗੰਦਗੀ ਹੌਲੀ ਹੌਲੀ ਕੰਨ ਦੇ ਪਰਦੇ ਤੋਂ ਕੰਨ ਦੇ ਬਾਹਰੀ ਹਿੱਸੇ ਵੱਲ ਆ ਜਾਂਦਾ ਹੈ ਜਿੱਥੇ ਨਹਾਉਣ ਵੇਲੇ ਇਹ ਪਾਣੀ ਨਾਲ ਬਹਿ ਜਾਂਦਾ ਹੈ।

ਕੋਈ ਵੀ ਚੀਜ਼ ਜੋ ਅਸੀਂ ਕੰਨ ਦੀ ਨਲੀ ਵਿੱਚ ਪਾਉਂਦੇ ਹਾਂ ਜਿਵੇਂ ਕਿ ਕੰਨ ਸਾਫ਼ ਕਰਨ ਵਾਲੇ ਕਾਟਨ ਬਡਜ਼ ਜਾਂ ਈਅਰਪਲੱਗ, ਉਹ ਕੰਨ ਦੀ ਮੈਲ ਨੂੰ ਦਬਾ ਸਕਦੀਆਂ ਹਨ ਅਤੇ ਇਸ ਨੂੰ ਮੁੜ ਕੰਨ ਦੇ ਪਰਦੇ ਵੱਲ ਧੱਕ ਸਕਦੀਆਂ ਹਨ। ਇਸ ਨਾਲ ਖੁਰਕ ਜਾਂ ਭਾਰੀਪਣ ਮਹਿਸੂਸ ਹੋ ਸਕਦਾ ਹੈ।

ਸਮੇਂ ਦੇ ਨਾਲ ਇਹ ਇੱਕ ਅਜਿਹੀ ਰੁਕਾਵਟ ਬਣ ਸਕਦੀ ਹੈ ਜੋ ਅਵਾਜ਼ ਦੀਆਂ ਤਰੰਗਾਂ ਨੂੰ ਰੋਕਦੀ ਹੈ ਜਿਸ ਨਾਲ ਅਵਾਜ਼ਾਂ ਧੁੰਦਲੀਆਂ ਜਾਂ ਘੱਟ ਸੁਣਾਈ ਦਿੰਦੀਆਂ ਹਨ। ਇਹ ਸਾਰਾ ਇਕੱਠਾ ਹੋਇਆ ਬੈਕਟੀਰੀਆ ਅਤੇ ਅੰਦਰ ਫਸੀ ਨਮੀ ਕੰਨ ਵਿੱਚ ਇਨਫੈਕਸ਼ਨ ਦਾ ਕਾਰਨ ਵੀ ਬਣ ਸਕਦੀ ਹੈ।

ਜੇਕਰ ਤੁਹਾਨੂੰ ਕੰਨ ਵਿੱਚ ਮੈਲ ਜੰਮਣ ਦਾ ਸ਼ੱਕ ਹੈ ਤਾਂ ਸਭ ਤੋਂ ਵਧੀਆ ਇਹ ਹੈ ਕਿ ਤੁਸੀਂ ਕਿਸੇ ਡਾਕਟਰ ਜਾਂ ਕੰਨਾਂ ਦਾ ਮਾਹਿਰ ਨੂੰ ਇਹ ਰੁਕਾਵਟ ਸਾਫ਼ ਕਰਨ ਲਈ ਕਹੋ। ਪਰ ਕੰਨ ਦੀ ਮੈਲ ਨੂੰ ਨਰਮ ਕਰਨ ਲਈ ਬਿਨ੍ਹਾਂ ਪਰਚੀ ਤੋਂ ਮਿਲਣ ਵਾਲੀਆਂ ਦਵਾਈਆਂ ਵੀ ਉਪਲਬਧ ਹਨ, ਜਿਸ ਤੋਂ ਬਾਅਦ ਇੱਕ ਬਲਬ ਸਰਿੰਜ ਅਤੇ ਕੋਸੇ ਪਾਣੀ ਦੀ ਵਰਤੋਂ ਕਰਕੇ ਇਸ ਨੂੰ ਹੌਲੀ ਹੌਲੀ ਬਾਹਰ ਕੱਢਿਆ ਜਾ ਸਕਦਾ ਹੈ।

ਪਾਵਲੋਵਿਚ ਦਾ ਕਹਿਣਾ ਹੈ ਕਿ ਕੰਨ ਦੀ ਮੈਲ ਜੰਮਣ ਅਤੇ ਇਨਫੈਕਸ਼ਨ ਦੇ ਖਤਰੇ ਕਾਰਨ ਹਰ ਰਾਤ ਈਅਰਪਲੱਗ ਨਾ ਪਾਉਣਾ ਹੀ ਸਭ ਤੋਂ ਵਧੀਆ ਹੈ।

ਪਰ ਉਹ ਕਹਿੰਦੀ ਹੈ ਕਿ ਥੋੜ੍ਹੇ ਸਮੇਂ ਲਈ ਜਿਵੇਂ ਕਿ ਕਿਸੇ ਸ਼ੋਰ ਸ਼ਰਾਬੇ ਵਾਲੇ ਇਲਾਕੇ ਵਿਚ ਛੁੱਟੀਆਂ ਮਨਾਉਣ ਦੌਰਾਨ ਜਾਂ ਰਾਤ ਦੀ ਫਲਾਈਟ ਵੇਲੇ ਇਹ ਪਾਉਣਾ ਬਿਲਕੁਲ ਠੀਕ ਹੈ। ਬਸ਼ਰਤੇ ਦਿਨ ਵੇਲੇ ਤੁਹਾਡੇ ਕੰਨਾਂ ਨੂੰ ਆਪਣੇ ਆਪ ਸਾਫ਼ ਹੋਣ ਦਾ ਮੌਕਾ ਮਿਲੇ।

ਸੁਣਨ ਸ਼ਕਤੀ ਲਈ ਟੈਸਟ ਕਰਵਾਉਣ ਦੀ ਲੋੜ ਕਦੋਂ ਹੈ?

ਤੁਸੀਂ ਕੰਨਾਂ ਵਿੱਚ ਈਅਰਪਲੱਗ ਪਾਉਣ ਦੇ ਮਾਮਲੇ ਵਿੱਚ ਕਾਫ਼ੀ ਸੁਚੇਤ ਰਹੇ ਹੋ ਪਰ ਫਿਰ ਵੀ ਤੁਸੀਂ ਭੀੜ ਵਾਲੇ ਕਮਰਿਆਂ ਵਿੱਚ ਲੋਕਾਂ ਦੀਆਂ ਗੱਲਾਂ ਨੂੰ ਸਮਝਣ ਵਿੱਚ ਮੁਸ਼ਕਲ ਮਹਿਸੂਸ ਕਰਨ ਲੱਗੇ ਹੋ। ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਹੁਣ ਕੰਨਾਂ ਦਾ ਟੈਸਟ ਕਰਵਾਉਣ ਦਾ ਸਮਾਂ ਆ ਗਿਆ ਹੈ ?

ਬੋਗਲ ਦਾ ਕਹਿਣਾ ਹੈ ਕਿ ਉਦਾਹਰਨ ਵਜੋਂ ਪੂਰੇ ਅਮਰੀਕਾ ਵਿੱਚ ਕਈ ਰਾਜ ਸਕੂਲਾਂ ਵਿੱਚ ਛੋਟੇ ਬੱਚਿਆਂ ਦੀ ਸੁਣਨ ਸ਼ਕਤੀ ਦਾ ਟੈਸਟ ਕਰਨ ਵਿੱਚ ਬਹੁਤ ਵਧੀਆ ਹੋ ਗਏ ਹਨ। ਪਰ ਜਿਵੇਂ ਹੀ ਸਾਡੀ ਉਮਰ ਵਧਦੀ ਹੈ ਅਸੀਂ ਅਸਲ ਵਿੱਚ ਉਦੋਂ ਤੱਕ ਕੋਈ ਟੈਸਟ ਨਹੀਂ ਕਰਵਾਉਂਦੇ ਜਦੋਂ ਤੱਕ ਸਾਨੂੰ ਕੋਈ ਸਮੱਸਿਆ ਮਹਿਸੂਸ ਨਹੀਂ ਹੁੰਦੀ।

ਰਵਾਇਤੀ ਸਲਾਹ ਇਹ ਹੈ ਕਿ 60 ਸਾਲ ਦੀ ਉਮਰ ਤੋਂ ਪਹਿਲਾਂ ਜਾਂਚ ਕਰਵਾ ਲੈਣੀ ਚਾਹੀਦੀ ਹੈ ਪਰ ਸੁਣਨ ਸ਼ਕਤੀ ਦਾ ਨੁਕਸਾਨ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ।

ਪਾਵਲੋਵਿਚ ਰਫ ਦਾ ਕਹਿਣਾ ਹੈ ਕਿ ਤੀਹ ਸਾਲ ਦੇ ਲੋਕਾਂ ਅਤੇ ਇਸ ਤੋਂ ਵੀ ਛੋਟੀ ਉਮਰ ਦੇ ਲੋਕਾਂ ਨੂੰ ਵੀ ਸੁਚੇਤ ਹੋ ਜਾਣਾ ਚਾਹੀਦਾ ਹੈ ਜੇਕਰ ਉਨ੍ਹਾਂ ਨੂੰ ਸ਼ੋਰ ਸ਼ਰਾਬੇ ਵਾਲੇ ਮਾਹੌਲ ਵਿੱਚ ਗੱਲਬਾਤ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ।

ਪਾਵਲੋਵਿਚ ਦਾ ਕਹਿਣਾ ਹੈ, "ਮੈਂ ਸੁਣਨ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦੇ ਪਹਿਲੇ ਸੰਕੇਤ 'ਤੇ ਹੀ ਟੈਸਟ ਕਰਵਾਉਣ ਦੀ ਸਲਾਹ ਦੇਵਾਂਗੀ। ਬਹੁਤ ਵਾਰ ਸ਼ੋਰ ਸ਼ਰਾਬੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਪਹਿਲਾਂ ਕੰਨਾਂ ਵਿੱਚ ਘੰਟੀਆਂ ਵੱਜਣ ਦੀ ਸਮੱਸਿਆ ਸ਼ੁਰੂ ਹੁੰਦੀ ਹੈ।"

"ਇਸ ਲਈ ਜੇਕਰ ਤੁਸੀਂ ਤੇਜ਼ ਅਵਾਜ਼ ਦੇ ਸੰਪਰਕ ਵਿੱਚ ਰਹੇ ਹੋ ਅਤੇ ਤੁਹਾਡੇ ਕੰਨਾਂ ਵਿੱਚ ਘੰਟੀਆਂ ਵੱਜ ਰਹੀਆਂ ਹਨ ਤਾਂ ਤੁਹਾਨੂੰ ਸ਼ਾਇਦ ਕੰਨਾਂ ਦਾ ਟੈਸਟ ਕਰਾਉਣ ਲਈ ਆਉਣਾ ਚਾਹੀਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)