ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਨਾਲ ਕੀ ਗ਼ਿਲਾ ਹੈ

ਤਸਵੀਰ ਸਰੋਤ, Akali Dal/BBC
- ਲੇਖਕ, ਸੁਰਿੰਦਰ ਸਿੰਘ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ 'ਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਧਾਰਮਿਕ ਸਜ਼ਾ ਭੁਗਤੀ ਜਾ ਰਹੀ ਹੈ।
ਦੂਜੇ ਪਾਸੇ ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਮਾਰੇ ਗਏ ਸਿੱਖ ਪ੍ਰਦਰਸ਼ਨਕਾਰੀਆਂ ਦੇ ਪਰਿਵਾਰਾਂ ਦੇ ਜ਼ਖਮ ਮੁੜ 'ਹਰੇ' ਹੋ ਗਏ ਹਨ।
14 ਅਕਤੂਬਰ 2015 ਨੂੰ ਪੰਜਾਬ ਪੁਲਿਸ ਵੱਲੋਂ ਜ਼ਿਲਾ ਫਰੀਦਕੋਟ ਅਧੀਨ ਪੈਂਦੇ ਪਿੰਡ ਬਹਿਬਲ ਕਲਾਂ ਨੇੜੇ ਸਿੱਖ ਪ੍ਰਦਰਸ਼ਨਕਾਰੀਆਂ ਉੱਪਰ ਗੋਲੀ ਚਲਾ ਦਿੱਤੀ ਗਈ ਸੀ, ਜਿਸ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੀ ਮੌਤ ਹੋ ਗਈ ਸੀ।
ਉਸ ਵੇਲੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕ ਬਠਿੰਡਾ-ਕੋਟਕਪੁਰਾ ਮੁੱਖ ਮਾਰਗ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ 'ਇਨਸਾਫ' ਲੈਣ ਲਈ ਪ੍ਰਦਰਸ਼ਨ ਕਰ ਰਹੇ ਸਨ।

ਕ੍ਰਿਸ਼ਨ ਭਗਵਾਨ ਸਿੰਘ ਜ਼ਿਲ੍ਹਾ ਫ਼ਰੀਦਕੋਟ ਅਧੀਨ ਪੈਂਦੇ ਪਿੰਡ ਬਹਿਬਲ ਖੁਰਦ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਜ਼ਿਲ੍ਹਾ ਫ਼ਰੀਦਕੋਟ ਦੇ ਹੀ ਪਿੰਡ ਸਰਾਵਾਂ ਦੇ ਵਸਨੀਕ ਸਨ।
ਹੁਣ ਜਿਵੇਂ ਹੀ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਪੇਸ਼ ਹੋ ਕੇ ਆਪਣੇ 'ਗੁਨਾਹਾਂ' ਦਾ ਕਬੂਲਨਾਮਾ ਕੀਤਾ ਤਾਂ ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤ ਪਰਿਵਾਰ ਆਪਣੀ ਗੱਲ ਰੱਖਣ ਲਈ ਸਾਹਮਣੇ ਆ ਗਏ।
ਸੁਖਬੀਰ ਬਾਦਲ ਅਤੇ ਅਕਾਲੀ ਦਲ ਉੱਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਸਾਲ 2007 ਤੋਂ ਲੈ ਕੇ 2017 ਤੱਕ ਪੰਜਾਬ ਦੀ ਸੱਤਾ ਵਿੱਚ ਰਹਿੰਦਿਆਂ ਸਿੱਖ ਸਿਧਾਂਤਾਂ ਅਤੇ ਪੰਥਕ ਭਾਵਨਾਵਾਂ ਦੇ ਉਲਟ ਕੰਮ ਕੀਤਾ।
'ਅਕਾਲ ਤਖ਼ਤ ਦੇ ਜਥੇਦਾਰ ਨਾਲ ਇੱਕ ਦਰਦ ਭਰਿਆ ਗਿਲਾ'

ਤਸਵੀਰ ਸਰੋਤ, SurinderMann/BBC
ਇਸ 'ਕਬੂਲਨਾਮੇ' ਅਤੇ ਧਾਰਮਿਕ ਸਜ਼ਾ ਦੇਣ ਵਿਚਾਲੇ ਗੋਲੀ ਕਾਂਡ 'ਚ ਮਾਰੇ ਗਏ ਗੁਰਜੀਤ ਸਿੰਘ ਬਿੱਟੂ ਦੇ ਪਰਿਵਾਰ ਨੇ ਅਕਾਲ ਤਖ਼ਤ ਦੇ ਜਥੇਦਾਰ ਨਾਲ ਇੱਕ ਦਰਦ ਭਰਿਆ ਗਿਲਾ ਕੀਤਾ ਹੈ।
ਸੁਖਰਾਜ ਸਿੰਘ ਪਿੰਡ ਬਹਿਬਲ ਖੁਰਦ ਨਿਆਮੀਵਾਲਾ ਦੇ ਵਸਨੀਕ ਹਨ ਅਤੇ ਉਹ ਗੋਲੀਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸੁਖਰਾਜ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖ਼ਤ ਉੱਪਰ ਕੀਤਾ ਗਿਆ ਕਬੂਲਨਾਮਾ ਸਮੇਂ ਦੀਆਂ ਸਰਕਾਰਾਂ ਦੇ ਮੂੰਹ ਉੱਪਰ ਇੱਕ ਕਰਾਰੀ 'ਚਪੇੜ' ਹੈ।
ਸੁਖਰਾਜ ਸਿੰਘ ਨੇ ਕਿਹਾ, "ਪਿਛਲੇ ਕਰੀਬ 10 ਸਾਲ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਅਤੇ ਗੋਲੀਕਾਂਡ ਦਾ ਨਿਆਂ ਦਵਾਉਣ ਦੇ ਵਾਅਦੇ ਅਤੇ ਗਰੰਟੀਆਂ ਦੇ ਕੇ ਸੱਤਾ ਵਿੱਚ ਆਈਆਂ।"
ਉਹਨਾਂ ਕਿਹਾ, "ਪਰ ਸਾਡੇ ਲਈ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਕਿਸੇ ਵੀ ਸਿਆਸੀ ਆਗੂ ਨੇ ਇਸ ਬਾਰੇ ਅੱਜ ਤੱਕ ਕੁਝ ਨਹੀਂ ਕੀਤਾ।"

ਤਸਵੀਰ ਸਰੋਤ, SurinderMann/BBC
ਸੁਖਰਾਜ ਸਿੰਘ ਆਪਣੀ ਗੱਲ ਜਾਰੀ ਰੱਖਦੇ ਹੋਏ ਕਹਿੰਦੇ ਹਨ, "ਜਿਹੜੇ ਸੁਖਬੀਰ ਸਿੰਘ ਬਾਦਲ ਇਹਨਾਂ ਘਟਨਾਵਾਂ ਨੂੰ ਲੈ ਕੇ ਆਪਣੇ ਪੈਰ ਉੱਪਰ ਪਾਣੀ ਨਹੀਂ ਪੈਣ ਦਿੰਦੇ ਸਨ, ਅੱਜ ਉਹ ਅਕਾਲ ਤਖਤ ਅੱਗੇ ਸਾਰੇ ਗੁਨਾਹ ਮੰਨ ਗਏ ਹਨ।"
"ਮੈਨੂੰ ਸਮਝ ਨਹੀਂ ਆ ਰਹੀ ਕਿ ਸਰਕਾਰਾਂ ਹੁਣ ਕਿਸ ਗੱਲ ਦੀ ਉਡੀਕ ਕਰ ਰਹੀਆਂ ਹਨ ਜਦੋਂ ਦੋਸ਼ੀ ਨੇ ਗੁਨਾਹ ਮੰਨ ਲਿਆ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ।"
"ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਅਤੇ ਆਪਣੇ ਪਿਤਾ ਦੇ ਕਾਤਲਾਂ ਨੂੰ ਸਜ਼ਾ ਦਵਾਉਣ ਲਈ 9 ਸਾਲਾਂ ਤੋਂ ਅਦਾਲਤਾਂ ਦੇ ਚੱਕਰ ਕੱਟ ਰਿਹਾ ਹਾਂ।"
"ਇੱਥੇ ਹੀ ਬੱਸ ਨਹੀਂ। ਸਮੁੱਚੇ ਸਿਆਸੀ ਦਲਾਂ ਦੇ ਆਗੂਆਂ ਕੋਲ ਜਾ ਕੇ ਮੈਂ ਨਿਆਂ ਦੀ ਮੰਗ ਕੀਤੀ ਹੈ। ਹਰ ਬੰਦੇ ਨੇ ਭਰੋਸਾ ਦਿੱਤਾ ਪਰ ਵਾਅਦਿਆਂ ਵਿੱਚੋਂ ਨਿਕਲਿਆ ਕੁਝ ਵੀ ਨਹੀਂ।"
ਉਹ ਕਹਿੰਦੇ ਹਨ, "ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਹੈ ਕਿ ਜੇ ਕਿਸੇ ਆਮ ਸਿੱਖ ਖਿਲਾਫ਼ ਕੋਈ ਜੁਰਮ ਕੱਢਣਾ ਹੋਵੇ ਤਾਂ ਸਮੇਂ ਦੀਆਂ ਸਰਕਾਰਾਂ ਇੱਕ ਮਿੰਟ ਦਾ ਸਮਾਂ ਵੀ ਨਹੀਂ ਲਾਉਂਦੀਆਂ ਹਨ।"
"ਪਰ ਜਦੋਂ ਹੁਣ ਉੱਚਾ ਸਿਆਸੀ ਰੁਤਬਾ ਰੱਖਣ ਵਾਲੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਗੁਨਾਹ ਮੰਨ ਲਿਆ ਹੈ ਤਾਂ ਫਿਰ ਸਰਕਾਰ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਵਿਚ ਦੇਰੀ ਕਿਉਂ ਕਰ ਰਹੀ ਹੈ।"
'ਵਾਹਿਗੁਰੂ ਦੀ ਅਦਾਲਤ ਤੋਂ ਨਿਆ ਦੀ ਆਸ'
ਸੁਖਰਾਜ ਸਿੰਘ ਬੇਅਦਬੀ ਅਤੇ ਗੋਲੀਕਾਂਡ ਨੂੰ ਲੈ ਕੇ ਬਹਿਬਲ ਕਲਾਂ ਵਿਖੇ ਲਗਾਤਾਰ ਧਰਨੇ ਉੱਪਰ ਬੈਠੇ ਰਹੇ ਹਨ।
ਉਨਾਂ ਨੂੰ 2015 ਵਿੱਚ ਗੋਲੀ ਚਲਾਉਣ ਵੇਲੇ ਤਾਇਨਾਤ ਰਹੇ ਪੁਲਿਸ ਅਧਿਕਾਰੀਆਂ ਅਤੇ ਪੰਜਾਬ ਦੇ ਡੀਜੀਪੀ ਸੁਮੇਧ ਸੈਣੀ ਖਿਲਾਫ਼ ਵੀ ਗਿਲਾ ਹੈ।
ਸੁਖਰਾਜ ਸਿੰਘ ਕਹਿੰਦੇ ਹਨ, "ਇਸ ਗੱਲ ਨਾਲ ਸਾਡੇ ਪਰਿਵਾਰ ਨੂੰ ਕੁਝ ਤਸੱਲੀ ਮਿਲੀ ਹੈ ਕਿ ਗੁਨਾਹਗਾਰ ਨੇ ਆਪਣਾ ਗੁਨਾਹ ਕਬੂਲ ਕਰ ਰਿਹਾ ਹੈ। ਪਰ ਨਿਆ ਦੀ ਆਸ ਤਾਂ ਸਾਨੂੰ ਵਾਹਿਗੁਰੂ ਦੀ ਅਦਾਲਤ ਵਿੱਚ ਹੀ ਹੈ।"
ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਰਿਵਾਰਾਂ ਦੇ ਦਿਲਾਂ ਵਿਚ ਇਸ ਗੱਲ ਦਾ ਮਲਾਲ ਵੀ ਹੈ ਕਿ ਰਾਜਨੀਤਕ ਦਲ ਇਸ ਧਾਰਮਿਕ ਅਤੇ ਸੰਵੇਦਨਸ਼ੀਦ ਮੁੱਦੇ ਉੱਪਰ ਕਥਿਤ ਤੌਰ 'ਤੇ ਸਿਰਫ਼ 'ਰਾਜਨੀਤੀ' ਕਰਦੇ ਆ ਰਹੇ ਹਨ।

ਤਸਵੀਰ ਸਰੋਤ, SurinderMann/BBC
'ਦੁਨਿਆਵੀ ਅਦਾਲਤ ਵਿੱਚ ਵੀ ਆਪਣਾ ਗੁਨਾਹ ਕਬੂਲ ਕਰੇ'
ਵੀਰਪਾਲ ਕਾਰ ਗੋਲੀਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪਤਨੀ ਹਨ।
ਉਹ ਆਪਣੇ ਪਤੀ ਨੂੰ ਯਾਦ ਕਰਦੇ ਹੋਏ ਭਾਵਕ ਹੋ ਜਾਂਦੇ ਹਨ।
ਉਹ ਕਹਿੰਦੇ ਹਨ, "ਮੈਨੂੰ ਇਸ ਗੱਲ ਵਿੱਚ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਮੇਰੇ ਪਤੀ ਕ੍ਰਿਸ਼ਨ ਭਗਵਾਨ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਲੜਾਈ ਲੜਦਿਆਂ ਸ਼ਹੀਦੀ ਦਿੱਤੀ।"
"ਸੁਖਬੀਰ ਸਿੰਘ ਬਾਦਲ ਤਾਂ ਪਹਿਲਾਂ ਹੀ ਗੁਨਾਹਗਾਰ ਸੀ ਪਰ ਉਹ ਮੰਨ ਨਹੀਂ ਰਿਹਾ ਸੀ। ਚਲੋ ਚੰਗਾ ਹੋਇਆ, ਗੁਰੂ ਨੇ ਉਸ ਨੂੰ ਸੁਮੱਤ ਬਖਸ਼ੀ ਤੇ ਉਸ ਨੇ ਗੁਰੂ ਦੀ ਕਚਹਿਰੀ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ।"
"ਹੁਣ ਚੰਗਾ ਹੋਵੇ, ਸੁਖਬੀਰ ਸਿੰਘ ਬਾਦਲ ਦੁਨਿਆਵੀ ਅਦਾਲਤ ਵਿੱਚ ਵੀ ਆਪਣਾ ਗੁਨਾਹ ਕਬੂਲ ਕਰ ਲਵੇ ਅਤੇ ਕਾਨੂੰਨ ਉਸ ਨੂੰ ਬਣਦੀ ਸਜ਼ਾ ਦੇਵੇ।"
"ਸਾਨੂੰ ਇਸ ਗੱਲ ਦਾ ਗਿਲਾ ਹਮੇਸ਼ਾ ਰਹਿੰਦਾ ਹੈ ਕਿ ਗੁਰੂ ਦੇ ਨਾਂ ਉੱਤੇ ਅਕਾਲੀਆਂ ਨੇ ਹਮੇਸ਼ਾ ਸਰਕਾਰ ਬਣਾਈ ਅਤੇ ਉਸੇ ਹੀ ਸਰਕਾਰ ਵਿੱਚ ਗੁਰੂ ਦੀ ਬੇਅਦਬੀ ਹੋਈ।"
"ਸਾਨੂੰ ਵਾਹਿਗੁਰੂ ਉੱਪਰ ਭਰੋਸਾ ਹੈ, ਇਕ ਨਾ ਇਕ ਦਿਨ ਸਾਨੂੰ ਅਕਾਲ ਪੁਰਖ ਦੀ ਕਚਹਿਰੀ ਵਿੱਚੋਂ ਨਿਆ ਜਰੂਰ ਮਿਲੇਗਾ।"
ਵੀਰਪਾਲ ਕੌਰ ਕਹਿੰਦੇ ਹਨ, "ਮੇਰੇ ਘਰ ਦੀ ਦੀਵਾਰ ਉੱਪਰ ਕ੍ਰਿਸ਼ਨ ਭਗਵਾਨ ਸਿੰਘ ਦੀ ਟੰਗੀ ਹੋਈ ਤਸਵੀਰ ਸਾਨੂੰ ਹਰ ਵੇਲੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਲਈ ਮਜ਼ਬੂਰ ਕਰਦੀ ਹੈ ਕਿ ਨਿਆਂ ਅਕਾਲ ਪੁਰਖ ਦੀ ਕਚਹਿਰੀ ਵਿੱਚੋਂ ਮੰਗਿਆ ਜਾਵੇ।"

ਤਸਵੀਰ ਸਰੋਤ, SurinderMann/BBC
ਪੀੜਤ ਪਰਿਵਾਰਾਂ ਦਾ ਪੱਖ ਨਾ ਸੁਣੇ ਜਾਣ ਦੀ ਸ਼ਿਕਾਇਤ
ਦੂਜੇ ਪਾਸੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਮਠਾੜੂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਗਿਲਾ ਪ੍ਰਗਟ ਕੀਤਾ ਹੈ।
ਉਹਨਾਂ ਦਾ ਤਰਕ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਅਤੇ ਦੂਜੇ ਸਿੰਘ ਸਾਹਿਬਾਨਾਂ ਵੱਲੋਂ ਪੀੜਤ ਪਰਿਵਾਰਾਂ ਦਾ ਪੱਖ ਜ਼ਰੂਰ ਸੁਣਿਆ ਜਾਣਾ ਚਾਹੀਦਾ ਸੀ।
ਬਹਿਬਲ ਕਲਾਂ ਗੋਲੀ ਕਾਂਡ ਵਿੱਚ ਮਾਰੇ ਗਏ ਦੋ ਸਿੱਖਾਂ ਦੇ ਪਰਿਵਾਰਾਂ ਨੂੰ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਪਿਛਲੇ 9 ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਉਨਾਂ ਦੇ ਘਰ ਅਫ਼ਸੋਸ ਕਰਨ ਲਈ ਨਹੀਂ ਆਏ ਹਨ।
ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਇੱਥੇ ਹੀ ਬੱਸ ਨਹੀਂ ਅਕਾਲੀ ਦਲ ਦਾ ਕੋਈ ਹੇਠਲੇ ਪੱਧਰ ਦਾ ਆਗੂ ਵੀ ਉਨਾਂ ਦੇ ਘਰ ਮੌਤ ਉੱਪਰ ਅੱਜ ਤੱਕ ਹਮਦਰਦੀ ਪ੍ਰਗਟ ਕਰ ਨਹੀਂ ਆਇਆ
ਸਾਧੂ ਸਿੰਘ ਮਠਾੜੂ ਕਹਿੰਦੇ ਹਨ, "ਦੁਨੀਆਂ ਦੀ ਹਰ ਕਚਹਿਰੀ ਦਾ ਜੱਜ ਦੋਸ਼ ਕਰਨ ਵਾਲੇ ਜਾਂ ਪੀੜਤ ਦਾ ਪੂਰਾ ਪੱਖ ਸੁਣਨ ਤੋਂ ਬਾਅਦ ਹੀ ਦੋਸ਼ੀ ਨੂੰ ਸਜ਼ਾ ਸੁਣਾਉਂਦਾ ਹੈ।"
"ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖਾਂ ਉੱਪਰ ਗੋਲੀ ਚਲਾਉਣ ਦੇ ਮਾਮਲੇ ਵਰਗੀ ਵੱਡੀ ਘਟਨਾ ਸਬੰਧੀ ਪੀੜਤ ਪਰਿਵਾਰਾਂ ਦਾ ਪੱਖ ਸਿੰਘ ਸਾਹਿਬਾਨਾਂ ਵੱਲੋਂ ਨਹੀਂ ਸੁਣਿਆ ਗਿਆ।"
"ਬਿਨਾਂ ਸ਼ੱਕ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਉੱਪਰ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੁਨਿਆਵੀ ਅਦਾਲਤ ਵਿੱਚ ਇਸ ਗੱਲ ਦੀ ਗਵਾਹੀ ਦੇਣਗੇ।"
"ਮੈਨੂੰ ਇਸ ਗੱਲ ਦਾ ਪੱਕਾ ਇਲਮ ਹੈ ਕਿ ਉਹ ਅਦਾਲਤ ਵਿੱਚ ਸੁਖਬੀਰ ਸਿੰਘ ਬਾਦਲ ਦੇ ਖਿਲਾਫ਼ ਗਵਾਹੀ ਨਹੀਂ ਦੇ ਸਕਣਗੇ।"
ਸਾਧੂ ਸਿੰਘ ਮਠਾੜੂ ਕਹਿੰਦੇ ਹਨ, "ਸਾਨੂੰ ਨਿਆਂ ਦੀ ਆਸ ਤਾਂ ਰੱਬ ਦੇ ਘਰ ਤੋਂ ਹੀ ਹੈ। ਸੁਖਬੀਰ ਸਿੰਘ ਬਾਦਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਗਵਾਚੀ ਹੋਈ ਆਪਣੀ ਸਿਆਸੀ ਜ਼ਮੀਨ ਲੱਭਣ ਦੀ ਲਈ ਡਰਾਮੇਬਾਜ਼ੀ ਕਰ ਰਹੇ ਹਨ।"

ਤਸਵੀਰ ਸਰੋਤ, SurinderMann/BBC
'ਅਕਾਲੀ ਦਲ ਨਾਲ ਜੁੜੇ ਲੋਕ ਸਾਨੂੰ ਓਪਰੀ ਨਜ਼ਰ ਨਾਲ ਦੇਖਦੇ ਹਨ'
ਸਾਧੂ ਸਿੰਘ ਮਠਾੜੂ ਸਵਾਲ ਚੁੱਕਦੇ ਹਨ, "ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਤੋਂ ਉੱਪਰ ਜਾ ਕੇ ਤਾਂ ਮੁਆਫ਼ੀ ਮੰਗ ਲਈ ਅਤੇ ਧਾਰਮਿਕ ਸਜਾ ਲਵਾ ਲਈ ਹੈ ਪਰ ਮੇਰੇ 25-26 ਸਾਲ ਦੇ ਨੌਜਵਾਨ ਪੁੱਤ ਦੇ ਪੁਲਿਸ ਵਾਲਿਆਂ ਨੇ ਪੁੜਪੜੀ ਵਿੱਚ ਗੋਲੀ ਮਾਰ ਕੇ ਸਿਵਿਆਂ ਵਿਚ ਭੇਜ ਦਿੱਤਾ ਸੀ, ਉਸ ਦਾ ਕੌਣ ਜਵਾਬਦੇਹ ਹੈ।"
ਉਹ ਕਹਿੰਦੇ ਹਨ, "ਪੰਜ ਸਿੰਘ ਸਾਹਿਬਾਨਾਂ ਨੂੰ ਚਾਹੀਦਾ ਸੀ ਕਿ ਉਹ 2015 ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੇ ਸਬੰਧ ਵਿੱਚ ਚਸ਼ਮਦੀਦਾਂ ਨੂੰ ਸੱਦ ਕੇ ਵੀ ਉਹਨਾਂ ਦੇ ਬਿਆਨ ਦਰਜ ਕਰਦੇ।"
"ਮੇਰਾ ਇਹ ਸਵਾਲ ਹਰ ਪੱਖ ਤੋਂ ਜਾਇਜ਼ ਹੈ। ਸਿੰਘ ਸਾਹਿਬਾਨ ਵੱਲੋਂ ਚਾਸ਼ਮਦੀਦਾਂ ਨੂੰ ਸੱਦਣਾ ਚਾਹੀਦਾ ਸੀ ਪਰ ਅਜਿਹਾ ਕਿਉਂ ਨਹੀਂ ਕੀਤਾ ਗਿਆ, ਇਸ ਦਾ ਜਵਾਬ ਤਾਂ ਅਕਾਲ ਤਖਤ ਦੇ ਜਥੇਦਾਰ ਹੀ ਦੇ ਸਕਦੇ ਹਨ।"
ਮਠਾੜੂ ਪਰਿਵਾਰ ਨੂੰ ਇਸ ਗੱਲ ਦਾ ਵੀ ਅਫ਼ਸੋਸ ਰਹਿੰਦਾ ਹੈ ਕਿ ਬਾਦਲ ਦਲ ਦੇ ਹੇਠਲੇ ਪੱਧਰ ਦੇ ਆਗੂ ਵੀ ਉਹਨਾਂ ਨੂੰ 'ਘੂਰ-ਘੂਰ' ਵੇਖਦੇ ਹਨ।
ਸਾਧੂ ਸਿੰਘ ਮਠਾੜੂ ਕਹਿੰਦੇ ਹਨ, "ਅਕਾਲੀ ਦਲ ਬਾਦਲ ਨਾਲ ਜੁੜੇ ਲੋਕ ਸਾਨੂੰ ਹਮੇਸ਼ਾ ਹੀ ਓਪਰੀ ਨਜ਼ਰ ਨਾਲ ਦੇਖਦੇ ਹਨ। ਉਨਾਂ ਨੂੰ ਸਾਡੇ ਨਾਲ ਇਸ ਗੱਲ ਦਾ ਰੰਜ ਹੈ ਕਿ ਅਸੀਂ ਆਪਣੇ ਪੁੱਤ ਦੀ ਸ਼ਹਾਦਤ ਲਈ ਇਨਸਾਫ਼ ਦੀ ਲੜਾਈ ਕਿਉਂ ਲੜ ਰਹੇ ਹਾਂ।"
"ਬਾਦਲ ਦਲ ਵਾਲੇ ਜੋ ਵੀ ਕਹਿਣ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਮੇਰਾ ਪੁੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਲਈ ਸ਼ਹੀਦ ਹੋਇਆ ਹੈ।"
ਉਹ ਕਹਿੰਦੇ ਹਨ, "ਮੇਰੇ ਘਰ ਦੇ ਕੰਧ ਉੱਪਰ ਪਿਛਲੇ 9 ਸਾਲਾਂ ਤੋਂ ਮੇਰੇ ਪੁੱਤਰ ਗੁਰਜੀਤ ਸਿੰਘ ਬਿੱਟੂ ਦੀ ਟੰਗੀ ਹੋਈ ਤਸਵੀਰ, ਮੈਨੂੰ ਨਿਆਂ ਲਈ ਹੋਰ ਅੱਗੇ ਵਧਣ ਲਈ ਮਜ਼ਬੂਤੀ ਪ੍ਰਦਾਨ ਕਰਦੀ ਰਹਿੰਦੀ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













