ਏਅਰ ਇੰਡੀਆ ਜਹਾਜ਼ ਹਾਦਸੇ ਦਾ ਵੀਡੀਓ ਬਣਾਉਣ ਵਾਲੇ ਆਰਿਅਨ ਨੂੰ ਕਿਸ ਗੱਲ ਦਾ ਡਰ ਲੱਗਦਾ ਹੈ ਤੇ ਉਸ ਨੇ ਸ਼ਹਿਰ ਕਿਉਂ ਛੱਡ ਦਿੱਤਾ

ਆਰਿਅਨ ਅਸਾਰੀ ਆਪਣੇ ਪਿੰਡ ਵਿੱਚ ਆਪਣੇ ਪਰਿਵਾਰ ਨਾਲ

ਤਸਵੀਰ ਸਰੋਤ, Pavan Jaishwal

ਤਸਵੀਰ ਕੈਪਸ਼ਨ, ਆਰਿਅਨ ਅਸਾਰੀ ਆਪਣੇ ਪਿੰਡ ਵਿੱਚ ਆਪਣੇ ਪਰਿਵਾਰ ਨਾਲ
    • ਲੇਖਕ, ਰੌਕਸੀ ਗਾਗਡੇਕਰ ਛਾਰਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

17 ਸਾਲ ਦੇ ਆਰਿਅਨ ਹੁਣ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿੰਦੇ ਹਨ। 12 ਜੂਨ 2025 ਨੂੰ ਜਦੋਂ ਆਰਿਅਨ ਅਹਿਮਦਾਬਾਦ ਪਹੁੰਚੇ ਸੀ, ਤਾਂ ਉਨ੍ਹਾਂ ਨੇ ਇੱਕ ਜਹਾਜ਼ ਨੂੰ ਉੱਡਦੇ ਹੋਏ ਦੇਖਿਆ।

ਆਰਿਅਨ ਨੇ ਉਤਸ਼ਾਹੀ ਹੁੰਦਿਆਂ ਉਸ ਜਹਾਜ਼ ਦਾ ਵੀਡੀਓ ਬਣਾਉਣਾ ਸ਼ੁਰੂ ਕੀਤਾ ਅਤੇ ਕੁਝ ਹੀ ਸਕਿੰਟਾਂ ਵਿੱਚ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਕੁੱਲ 260 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਜਹਾਜ਼ ਵਿੱਚ ਸਵਾਰ 241 ਲੋਕ ਵੀ ਸ਼ਾਮਲ ਸਨ।

ਆਰਿਅਨ ਦੇ ਮੋਬਾਈਲ ਫ਼ੋਨ ਨਾਲ ਬਣਾਇਆ ਗਿਆ ਇਹ ਵੀਡੀਓ ਹਾਦਸੇ ਦਾ ਇਕੱਲਾ ਮਹੱਤਵਪੂਰਨ ਸਬੂਤ ਬਣ ਗਿਆ।

13 ਜੂਨ 2025 ਨੂੰ ਬੀਬੀਸੀ ਗੁਜਰਾਤੀ ਨੇ ਆਰਿਅਨ ਦਾ ਪਤਾ ਲਗਾਇਆ ਅਤੇ ਉਨ੍ਹਾਂ ਦਾ ਇੰਟਰਵਿਊ ਕੀਤਾ। ਹੁਣ ਇੱਕ ਸਾਲ ਬਾਅਦ ਆਰਿਅਨ ਆਪਣੇ ਪਿੰਡ ਵਿੱਚ ਰਹਿੰਦੇ ਹਨ ਅਤੇ ਜਹਾਜ਼ਾਂ ਦੇ ਵੀਡੀਓ ਬਣਾਉਣ ਤੋਂ ਡਰਦੇ ਹਨ।

ਆਰਿਅਨ ਆਪਣੇ ਮਾਤਾ-ਪਿਤਾ ਅਤੇ ਇੱਕ ਭੈਣ ਨਾਲ ਸਾਬਰਕਾਂਠਾ ਦੇ ਖਾਨਪੁਰ ਪਿੰਡ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਅਤੇ ਹੁਣ ਕਾਲਜ ਜਾਣ ਲਈ ਤਿਆਰ ਹਨ।

ਬੀਬੀਸੀ ਗੁਜਰਾਤੀ ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ਵਿੱਚ ਉਨ੍ਹਾਂ ਨੇ ਪਿਛਲੇ ਇੱਕ ਸਾਲ ਦੌਰਾਨ ਆਪਣੀ ਜ਼ਿੰਦਗੀ ਵਿੱਚ ਆਈਆਂ ਤਬਦੀਲੀਆਂ ਬਾਰੇ ਗੱਲ ਕੀਤੀ, ਖਾਸਕਰ ਇਲਾਕੇ ਵਿੱਚ ਮਿਲੇ ਆਪਣੇ ਨਵੇਂ ਨਾਂ ਬਾਰੇ ਵੀ ਦੱਸਿਆ। ਅੱਜ-ਕੱਲ੍ਹ ਉਨ੍ਹਾਂ ਦੇ ਦੋਸਤ ਅਤੇ ਆਲੇ-ਦੁਆਲੇ ਦੇ ਲੋਕ ਉਨ੍ਹਾਂ ਨੂੰ 'ਵੀਡੀਓ ਬੁਆਏ' ਦੇ ਨਾਂ ਨਾਲ ਜਾਣਦੇ ਹਨ।

ਆਰਿਅਨ

ਤਸਵੀਰ ਸਰੋਤ, Pavan Jaishwal

ਤਸਵੀਰ ਕੈਪਸ਼ਨ, ਅੱਜਕੱਲ੍ਹ ਆਰਿਅਨ ਦੇ ਦੋਸਤ ਅਤੇ ਆਲੇ-ਦੁਆਲੇ ਦੇ ਲੋਕ ਉਨ੍ਹਾਂ ਨੂੰ 'ਵੀਡੀਓ ਬੁਆਏ' ਦੇ ਨਾਂ ਨਾਲ ਜਾਣਦੇ ਹਨ

ਚਾਹੇ ਵਿਆਹ ਹੋਵੇ ਜਾਂ ਕਾਲਜ ਦਾ ਕੋਈ ਪ੍ਰੋਗਰਾਮ, ਵੀਡੀਓ ਦੇਖਣ ਤੋਂ ਬਾਅਦ ਲੋਕਾਂ ਦਾ ਪਹਿਲਾ ਸਵਾਲ ਇਹੀ ਹੁੰਦਾ ਹੈ ਕਿ ਵੀਡੀਓ ਕਿਵੇਂ ਬਣਾਇਆ ਸੀ ਅਤੇ ਉਨ੍ਹਾਂ ਨੇ ਅਸਲ ਵਿੱਚ ਵੀਡੀਓ ਵਿੱਚ ਕੀ ਦੇਖਿਆ।

ਆਰਿਅਨ ਬਹੁਤ ਸ਼ਾਂਤ ਸੁਭਾਅ ਦੇ ਹਨ ਅਤੇ ਘੱਟ ਬੋਲਦੇ ਹਨ। ਉਨ੍ਹਾਂ ਨੂੰ ਆਪਣੇ ਮੋਬਾਈਲ 'ਤੇ ਤਰ੍ਹਾਂ-ਤਰ੍ਹਾਂ ਦੇ ਵੀਡੀਓ ਬਣਾਉਣ ਦਾ ਸ਼ੌਕ ਹੈ। ਜਦੋਂ ਵੀ ਉਹ ਘਰ ਤੋਂ ਬਾਹਰ ਨਿਕਲਦੇ ਹਨ, ਆਪਣੇ ਮੋਬਾਈਲ ਨਾਲ ਕਈ ਛੋਟੀਆਂ-ਵੱਡੀਆਂ ਘਟਨਾਵਾਂ ਦੇ ਵੀਡੀਓ ਰਿਕਾਰਡ ਕਰਦੇ ਹਨ।

ਸ਼ਾਇਦ ਇਸੇ ਆਦਤ ਕਰਕੇ ਉਨ੍ਹਾਂ ਨੇ ਏਅਰ ਇੰਡੀਆ ਫ਼ਲਾਈਟ 171 ਦੇ ਹਾਦਸੇ ਦਾ ਵੀਡੀਓ ਵੀ ਰਿਕਾਰਡ ਕਰ ਲਿਆ ਹੋਣਾ।

ਜਹਾਜ਼ ਦਾ ਵੀਡੀਓ ਕਿਵੇਂ ਬਣਾਇਆ? ਆਰਿਅਨ ਨੇ ਕੀ ਦੱਸਿਆ?

ਆਰਿਅਨ ਆਪਣੀ ਭੈਣ ਨਾਲ

ਤਸਵੀਰ ਸਰੋਤ, Pavan Jaishwal

ਤਸਵੀਰ ਕੈਪਸ਼ਨ, ਆਰਿਅਨ ਆਪਣੀ ਭੈਣ ਨਾਲ

ਬੀਬੀਸੀ ਗੁਜਰਾਤੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਆਰਿਅਨ ਨੇ ਦੱਸਿਆ ਕਿ ਉਹ ਮੇਘਾਨੀਨਗਰ ਵਿੱਚ ਆਪਣੇ ਘਰ ਦੀ ਛੱਤ 'ਤੇ ਸੀ।

ਉਨ੍ਹਾਂ ਕਿਹਾ, "ਮੈਂ ਅਤੇ ਮੇਰੀ ਭੈਣ ਉਸੇ ਸਮੇਂ ਪਿੰਡ ਤੋਂ ਬੱਸ ਰਾਹੀਂ ਆਏ ਸੀ। ਮੈਂ ਛੱਤ 'ਤੇ ਬਾਹਰ ਖੜ੍ਹਾ ਸੀ ਅਤੇ ਮੇਰੀ ਭੈਣ ਛੱਤ 'ਤੇ ਬਣੇ ਇੱਕ ਕਮਰੇ ਵਿੱਚ ਸੀ। ਪਾਪਾ ਉਸ ਵੇਲੇ ਕੰਮ 'ਤੇ ਗਏ ਹੋਏ ਸਨ। ਅਸੀਂ ਸਵੇਰੇ ਨਿਕਲੇ ਸੀ ਅਤੇ ਦੁਪਹਿਰ ਨੂੰ ਇੱਥੇ ਪਹੁੰਚੇ ਸੀ। ਮੈਂ ਆਲੇ-ਦੁਆਲੇ ਦੀਆਂ ਇਮਾਰਤਾਂ ਦੀਆਂ ਤਸਵੀਰਾਂ ਲੈ ਰਿਹਾ ਸੀ।"

ਆਰਿਅਨ ਦਾ ਘਰ ਹਵਾਈ ਅੱਡੇ ਦੇ ਰਨਵੇ ਦੇ ਬਹੁਤ ਨੇੜੇ ਸਥਿਤ ਹੈ। ਉਨ੍ਹਾਂ ਦੇ ਘਰ ਦੇ ਪਿਛਲੇ ਇੱਕ ਪਾਸੇ ਹਵਾਈ ਅੱਡੇ ਦਾ ਰਨਵੇ ਹੈ ਅਤੇ ਦੂਜੇ ਪਾਸੇ ਆਈਜੀ ਪਰਿਸਰ ਹੈ, ਜਿੱਥੇ ਏਅਰ ਇੰਡੀਆ ਫ਼ਲਾਈਟ 171 ਹਾਦਸਾਗ੍ਰਸਤ ਹੋਈ ਸੀ।

ਉਨ੍ਹਾਂ ਦੱਸਿਆ, "ਮੈਂ ਰਨਵੇ ਤੋਂ ਇੱਕ ਜਹਾਜ਼ ਨੂੰ ਉਡਾਣ ਭਰਦੇ ਦੇਖਿਆ। ਉਤਸੁਕਤਾ ਵਸ਼ ਮੈਂ ਉਸ ਦਾ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਜਹਾਜ਼ ਥੋੜ੍ਹਾ ਉੱਪਰ ਚੜ੍ਹਿਆ ਅਤੇ ਫਿਰ ਹੇਠਾਂ ਆ ਗਿਆ, ਫਿਰ ਇੱਕ ਵਾਰ ਉੱਪਰ ਉੱਠਿਆ ਅਤੇ ਫਿਰ ਅੱਗੇ ਜਾ ਕੇ ਹੇਠਾਂ ਡਿੱਗ ਗਿਆ। ਤੁਰੰਤ ਹੀ ਅੱਗ ਲੱਗ ਗਈ ਅਤੇ ਕੁਝ ਹੀ ਪਲਾਂ ਵਿੱਚ ਧੂੰਆਂ ਦਿਖਾਈ ਦੇਣ ਲੱਗ ਪਿਆ। ਇਹ ਦੇਖ ਕੇ ਮੈਂ ਬਹੁਤ ਡਰ ਗਿਆ ਸੀ।"

ਇਸ ਤੋਂ ਬਾਅਦ ਉਹ ਤੁਰੰਤ ਆਪਣੀ ਭੈਣ ਨੀਲਮ ਅਸਾਰੀ ਕੋਲ ਗਏ ਅਤੇ ਉਨ੍ਹਾਂ ਨੂੰ ਦੱਸਿਆ ਕਿ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਜਦੋਂ ਉਨ੍ਹਾਂ ਦੀ ਭੈਣ ਨੇ ਦੇਖਿਆ ਤਾਂ ਸਾਹਮਣੇ ਸਿਰਫ਼ ਧੂੰਆਂ ਹੀ ਧੂੰਆਂ ਸੀ।

ਬੀਬੀਸੀ ਨਾਲ ਗੱਲ ਕਰਦਿਆਂ ਨੀਲਮ ਕਹਿੰਦੇ ਹਨ, "ਮੈਂ ਤੁਰੰਤ ਆਪਣੇ ਪਿਤਾ ਨੂੰ ਫ਼ੋਨ ਕੀਤਾ। ਉਹ ਥੋੜ੍ਹੀ ਦੇਰ ਵਿੱਚ ਹੀ ਘਰ ਆ ਗਏ। ਉਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ।"

ਹੁਣ ਲੋਕ ਆਰਿਅਨ ਨੂੰ 'ਵੀਡੀਓ ਬੁਆਏ' ਕਹਿ ਕੇ ਬੁਲਾਉਂਦੇ ਹਨ

ਆਰਿਅਨ ਅਸਾਰੀ
ਅਹਿਮਦਾਬਾਦ ਜਹਾਜ਼ ਹਾਦਸੇ ਦਾ ਵੀਡੀਓ ਬਣਾਉਣ ਵਾਲਾ ਮੁੰਡਾ

ਹਾਲਾਂਕਿ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਬੀਬੀਸੀ ਨੇ ਆਰਿਅਨ ਨਾਲ ਸੰਪਰਕ ਕੀਤਾ। ਉਹ ਕਹਿੰਦੇ ਹਨ, "ਵੀਡੀਓ ਤੋਂ ਬਾਅਦ ਸਭ ਤੋਂ ਪਹਿਲਾਂ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਕੁਝ ਲੋਕ ਆਏ। ਉਨ੍ਹਾਂ ਨੇ ਮੇਰੇ ਕੋਲੋਂ ਵੀਡੀਓ ਬਾਰੇ ਜਾਣਕਾਰੀ ਮੰਗੀ ਅਤੇ ਫਿਰ ਬੀਬੀਸੀ ਗੁਜਰਾਤੀ ਦੀ ਟੀਮ ਨੇ ਮੇਰੇ ਨਾਲ ਸੰਪਰਕ ਕੀਤਾ।"

ਇਸ ਤੋਂ ਬਾਅਦ ਆਰਿਅਨ ਦਾ ਵੀਡੀਓ ਵਾਇਰਲ ਹੋ ਗਿਆ ਅਤੇ ਉਹ ਰਾਤੋਂ-ਰਾਤ ਮੀਡੀਆ ਦੀ ਨਜ਼ਰ ਵਿੱਚ ਆ ਗਏ।

ਉਨ੍ਹਾਂ ਦੇ ਪਿਤਾ ਮਗਨਭਾਈ ਅਸਾਰੀ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਉਸ 'ਤੇ ਮੀਡੀਆ ਦਾ ਇੰਨਾ ਜ਼ਿਆਦਾ ਧਿਆਨ ਸੀ ਕਿ ਸਾਨੂੰ ਉਸ ਨੂੰ ਅਹਿਮਦਾਬਾਦ ਤੋਂ ਸਾਬਰਕਾਂਠਾ ਸਥਿਤ ਆਪਣੇ ਪਿੰਡ ਵਾਪਸ ਭੇਜਣਾ ਪਿਆ। ਉਹ ਮੀਡੀਆ ਕਰਮੀਆਂ ਨਾਲ ਗੱਲ ਕਰਦੇ-ਕਰਦੇ ਥੱਕ ਗਿਆ ਸੀ ਅਤੇ ਉਸ ਨੂੰ ਕਿਸੇ ਨਾਲ ਵੀ ਗੱਲ ਕਰਨਾ ਪਸੰਦ ਨਹੀਂ ਸੀ, ਇਸ ਲਈ ਅਸੀਂ ਉਸ ਨੂੰ ਪਿੰਡ ਲੈ ਆਏ।"

ਹਾਲਾਂਕਿ ਆਰਿਅਨ ਪਿੰਡ ਵਿੱਚ ਵੀ ਕਾਫ਼ੀ ਮਸ਼ਹੂਰ ਹੋ ਗਏ। ਨੀਲਮ ਕਹਿੰਦੇ ਹਨ, "ਸਾਰੇ ਲੋਕ ਉਸ ਨੂੰ 'ਵੀਡੀਓ ਵਾਲਾ ਮੁੰਡਾ' ਕਹਿ ਕੇ ਬੁਲਾਉਂਦੇ ਸਨ।"

ਆਰਿਅਨ ਹੁਣ ਜਹਾਜ਼ਾਂ ਦੇ ਵੀਡੀਓ ਕਿਉਂ ਨਹੀਂ ਬਣਾਉਂਦੇ?

ਆਰਿਅਨ ਅਸਾਰੀ ਦੇ ਫ਼ੋਨ 'ਤੇ ਕੈਦ ਹੋਈ ਅਹਿਮਦਾਬਾਦ ਜਹਾਜ਼ ਹਾਦਸੇ ਦੀ ਦੁਰਘਟਨਾ
ਤਸਵੀਰ ਕੈਪਸ਼ਨ, ਆਰਿਅਨ ਅਸਾਰੀ ਦੇ ਫ਼ੋਨ 'ਤੇ ਕੈਦ ਹੋਈ ਅਹਿਮਦਾਬਾਦ ਜਹਾਜ਼ ਹਾਦਸੇ ਦੀ ਦੁਰਘਟਨਾ

ਆਰਿਅਨ ਨੇ ਕਿਹਾ, "ਸਾਰੇ ਲੋਕ ਮੈਨੂੰ ਕਹਿ ਰਹੇ ਸਨ ਕਿ ਤੂੰ ਮਸ਼ਹੂਰ ਹੋ ਗਿਆ ਹੈਂ। ਮੇਰੇ ਅਧਿਆਪਕਾਂ ਨੇ ਮੈਨੂੰ ਕਿਹਾ ਕਿ ਮੈਂ ਬਹੁਤ ਵਧੀਆ ਕੰਮ ਕੀਤਾ ਹੈ, ਮੈਂ ਮੀਡੀਆ ਦੀ ਮਦਦ ਕੀਤੀ ਹੈ। ਉਹ ਲੋਕ ਇਸ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਮੈਂ ਉਨ੍ਹਾਂ ਦੀ ਮਦਦ ਕਰ ਰਿਹਾ ਹਾਂ। ਇਹ ਸਭ ਸੁਣ ਕੇ ਮੈਨੂੰ ਚੰਗਾ ਲੱਗਿਆ, ਪਰ ਨਾਲ ਹੀ ਇਸ ਘਟਨਾ ਕਾਰਨ ਮੈਨੂੰ ਦੁੱਖ ਵੀ ਹੋਇਆ।"

ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਕਿਸੇ ਵੀ ਜਹਾਜ਼ ਦਾ ਵੀਡੀਓ ਨਹੀਂ ਬਣਾਇਆ। ਉਹ ਕਹਿੰਦੇ ਹਨ, "ਮੈਨੂੰ ਡਰ ਹੈ ਕਿ ਜੇ ਮੈਂ ਕਿਸੇ ਜਹਾਜ਼ ਦਾ ਵੀਡੀਓ ਬਣਾਵਾਂਗਾ, ਤਾਂ ਉਹ ਫਿਰ ਤੋਂ ਡਿੱਗ ਜਾਵੇਗਾ ਅਤੇ ਫਿਰ ਤੋਂ ਲੋਕ ਮਰ ਜਾਣਗੇ, ਇਸ ਲਈ ਮੈਂ ਹੁਣ ਜਹਾਜ਼ਾਂ ਦੇ ਵੀਡੀਓ ਨਹੀਂ ਬਣਾਉਂਦਾ।"

ਹਾਲਾਂਕਿ ਆਰਿਅਨ ਲਗਾਤਾਰ ਹਰ ਮੌਕੇ ਦੇ ਵੀਡੀਓ ਅਪਲੋਡ ਕਰਦੇ ਰਹਿੰਦੇ ਹਨ।

ਉਨ੍ਹਾਂ ਦੇ ਫ਼ੋਨ ਵਿੱਚ ਆਖ਼ਰੀ ਵੀਡੀਓ ਅਹਿਮਦਾਬਾਦ ਤੋਂ ਆਪਣੇ ਪਿੰਡ ਵਾਪਸੀ ਦੌਰਾਨ ਦਾ ਹੈ। ਉਨ੍ਹਾਂ ਨੇ ਹਾਈਵੇ ਦੇ ਆਲੇ-ਦੁਆਲੇ ਦੀ ਹਰਿਆਵਲ ਅਤੇ ਵਾਹਨਾਂ ਦੇ ਵੀਡੀਓ ਬਣਾਏ ਸਨ।

ਉਹ ਕਹਿੰਦੇ ਹਨ, "ਹਾਲ ਹੀ ਵਿੱਚ ਮੈਂ ਇੱਕ ਵਿਆਹ 'ਤੇ ਗਿਆ ਸੀ ਅਤੇ ਸਾਰੇ ਲੋਕਾਂ ਨੇ ਮੈਨੂੰ ਘੇਰ ਲਿਆ। ਹਰ ਕੋਈ ਮੈਨੂੰ ਵੀਡੀਓ ਬਾਰੇ ਸਵਾਲ ਪੁੱਛ ਰਿਹਾ ਸੀ, ਕਹਿ ਰਿਹਾ ਸੀ ਕਿ ਮੈਂ ਬਹੁਤ ਮਸ਼ਹੂਰ ਹੋ ਗਿਆ ਹਾਂ। ਇਹ ਸਭ ਸੁਣ ਕੇ ਮੈਨੂੰ ਚੰਗਾ ਲੱਗਦਾ ਹੈ ਕਿ ਮੈਂ ਕੁਝ ਅਜਿਹਾ ਕੀਤਾ ਹੈ, ਜੋ ਕਿਸੇ ਹੋਰ ਨੇ ਨਹੀਂ ਕੀਤਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)