ਆਈਪੀਐੱਲ ਫਾਈਨਲ 2026: ਆਰਸੀਬੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ

ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁੱਭਮਨ ਗਿੱਲ ਤੇ ਆਰ ਸੀ ਬੀ ਦੇ ਕਪਤਾਨ ਰਜਤ ਪਾਟੀਦਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਈਪੀਐੱਲ ਦਾ ਫਾਈਨਲ ਰਾਇਲ ਚੈਂਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਖੇਡਿਆ ਜਾਣਾ ਹੈ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਆਈਪੀਐੱਲ 2026 ਦਾ ਫਾਈਨਲ ਗੁਜਰਾਤ ਟਾਈਟਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਇਸ ਮੁਕਾਬਲੇ ਵਿੱਚ ਆਰਸੀਬੀ ਦੇ ਕਪਤਾਨ ਰਜਤ ਪਾਟੀਦਾਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ।

ਹਾਲਾਂਕਿ ਟਾਸ ਹਾਰਨ ਮਗਰੋਂ ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਜੇਕਰ ਉਹ ਵੀ ਟਾਸ ਜਿੱਤਦੇ ਤਾਂ ਉਹ ਬੱਲੇਬਾਜ਼ੀ ਹੀ ਕਰਦੇ। ਇਹ ਮੈਚ 7:30 ਵਜੇ ਸ਼ੁਰੂ ਹੋਵੇਗਾ।

ਜੇਕਰ ਆਰਸੀਬੀ ਦੀ ਗੱਲ ਕਰੀਏ ਤਾਂ ਉਹ ਪਹਿਲੇ ਕੁਆਲੀਫਾਇਰ ਵਿੱਚ ਜੀਟੀ ਨੂੰ ਹਰਾ ਕੇ ਹੀ ਫਾਈਨਲ ਵਿੱਚ ਪੁੱਜੀ ਹੈ।

ਦੂਜੇ ਪਾਸੇ ਗੁਰਜਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਨੂੰ ਕੁਆਲੀਫਾਇਰ 2 ਵਿੱਚ ਹਰਾ ਕੇ ਫਾਈਨਲ ਦਾ ਟਿਕਟ ਹਾਸਿਲ ਕੀਤਾ ਸੀ।

ਆਰਸੀਬੀ ਲਗਾਤਾਰ ਦੂਜੇ ਸੀਜ਼ਨ ਆਈਪੀਐੱਲ ਦਾ ਫਾਈਨਲ ਮੁਕਾਬਲਾ ਖੇਡ ਰਹੀ ਹੈ। ਬੀਤੇ ਸੀਜ਼ਨ ਦੇ ਫਾਈਨਲ ਵਿੱਚ ਆਰਸੀਬੀ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣੀ ਸੀ।

ਦੂਜੇ ਪਾਸੇ ਗੁਜਰਾਤ ਟਾਈਟਨਜ਼ 2022 ਵਿੱਚ ਆਪਣੇ ਪਹਿਲੇ ਹੀ ਸੀਜ਼ਨ ਵਿੱਚ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ ਸੀ।

ਇਹ ਦੋਨੋਂ ਫਾਈਨਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੀ ਖੇਡੇ ਗਏ ਸਨ।

ਆਈਪੀਐੱਲ 2026 ਵਿੱਚ ਦੋਨਾਂ ਟੀਮਾਂ ਦੀ ਟੱਕਰ

ਜੇਕਰ ਦੋਨੋਂ ਟੀਮਾਂ ਦੇ ਇਸ ਸੀਜ਼ਨ ਵਿੱਚ ਹੋਏ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ ਆਰਸੀਬੀ ਅੱਗੇ ਹੈ। ਇਸ ਸੀਜ਼ਨ ਵਿੱਚ ਦੋਨੋਂ ਟੀਮਾਂ ਤਿੰਨ ਵਾਰ ਆਹਮੋ ਸਾਹਮਣੇ ਹੋਈਆਂ।

ਜਿਨ੍ਹਾਂ ਵਿੱਚ ਆਰਸੀਬੀ ਨੇ ਦੋ ਜਦਕਿ ਜੀਟੀ ਨੇ ਇੱਕ ਮੁਕਾਬਲਾ ਜਿੱਤਿਆ। ਆਈਪੀਐੱਲ ਦੇ 19ਵੇਂ ਸੀਜ਼ਨ ਦੇ 34ਵੇਂ ਮੈਚ ਵਿੱਚ ਆਰਸੀਬੀ ਨੇ ਜੀਟੀ ਨੂੰ 5 ਵਿਕਟਾਂ ਨਾਲ ਹਰਾਇਆ ਸੀ।

ਜਦਕਿ ਸੀਜ਼ਨ ਦੇ 42ਵੇਂ ਮੈਚ ਵਿੱਚ ਗੁਜਰਾਤ ਟਾਈਟਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 4 ਵਿਕਟਾਂ ਨਾਲ ਹਰਾ ਕੇ 1-1 ਨਾਲ ਬਰਾਬਰੀ ਕੀਤੀ ਸੀ। ਪਰ ਕੁਆਲੀਫਾਇਰ 1 ਵਿੱਚ ਜੀਟੀ ਨੂੰ ਆਰਸੀਬੀ ਹੱਥੋਂ 92 ਦੌੜਾਂ ਨਾਲ ਵੱਡੀ ਹਾਰ ਮਿਲੀ।

ਹਾਲਾਂਕਿ ਗੁਜਰਾਤ ਦਾ ਪੱਲੜਾ ਭਾਰੀ ਮੰਨਿਆ ਜਾ ਸਕਦਾ ਹੈ ਕਿਉਂਕਿ ਉਹ ਆਪਣੇ ਘਰੇਲੂ ਮੈਦਾਨ ਉੱਤੇ ਫਾਈਨਲ ਖੇਡ ਰਹੀ ਹੈ ਤੇ ਇਸੇ ਮੈਦਾਨ 'ਤੇ ਉਹ ਆਰਸੀਬੀ ਨੂੰ ਇਸ ਸੀਜ਼ਨ ਵਿੱਚ ਹਰਾ ਚੁੱਕੀ ਹੈ।

ਜੇਕਰ ਦੋਨੋਂ ਟੀਮਾਂ ਵਿਚਾਲੇ ਆਈਪੀਐੱਲ ਵਿੱਚ ਹੋਏ ਮੁਕਾਬਲਿਆਂ ਦੀ ਗੱਲ ਕਰੀਏ ਤਾਂ 9 ਵਾਰ ਦੋਨੋਂ ਟੀਮਾਂ ਆਹਮੋ ਸਾਹਮਣੇ ਹੋਈਆਂ। ਇਨ੍ਹਾਂ 'ਚੋਂ 5 ਵਾਰ ਆਰੀਸੀਬੀ ਨੇ ਜਿੱਤ ਹਾਸਿਲ ਕੀਤੀ ਜਦਕਿ 4 ਵਾਰ ਜੀਟੀ ਨੂੰ ਜਿੱਤ ਨਸੀਬ ਹੋਈ।

ਭਾਰਤ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਕਹਿੰਦੇ ਹਨ ਕਿ ਸਾਲ 2018 ਤੋਂ ਜਿਹੜੀ ਟੀਮ ਕੁਆਲੀਫਾਇਰ-1 ਜਿੱਤ ਕੇ ਸਿੱਧੀ ਫਾਈਨਲ ਵਿੱਚ ਪਹੁੰਚ ਰਹੀ ਹੈ, ਓਹੀ ਟੀਮ ਖਿਤਾਬ ਜਿੱਤਣ ਵਿੱਚ ਕਾਮਯਾਬ ਰਹੀ ਹੈ। ਯਾਨਿ ਜੇਕਰ ਇਸ ਅੰਕੜੇ ਨੂੰ ਮੰਨਿਆ ਜਾਵੇ ਤਾਂ ਇਸ ਮੁਕਾਬਲੇ ਵਿੱਚ ਆਰਸੀਬੀ ਫੇਵਰਟ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)