ਸਵਰਾ ਭਾਸਕਰ ਨੇ ਕੀ 'ਜੌਹਰ ਨੂੰ ਕਾਇਰਤਾ' ਦੱਸਿਆ ਸੀ, ਹੁਣ ਕੀ ਬੋਲੇ?

ਸਵਰਾ ਭਾਸਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਬਿਆਨ ਤੋਂ ਬਾਅਦ ਸਵਰਾ ਭਾਸਕਰ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਅਦਾਕਾਰਾ ਸਵਰਾ ਭਾਸਕਰ ਦੇ ਇੱਕ ਹਾਲੀਆ ਬਿਆਨ 'ਤੇ ਵਿਵਾਦ ਵਧਣ ਤੋਂ ਬਾਅਦ ਉਨ੍ਹਾਂ ਨੇ ਸਫ਼ਾਈ ਦਿੱਤੀ ਹੈ।

31 ਅਗਸਤ ਨੂੰ ਦਿੱਲੀ ਵਿੱਚ ਇੱਕ ਪ੍ਰੋਗਰਾਮ ਵਿੱਚ ਸਵਰਾ ਭਾਸਕਰ ਨੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤ' ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਇਹ ਬਿਆਨ ਦਿੱਤਾ ਸੀ।

ਇਸ ਬਿਆਨ ਤੋਂ ਬਾਅਦ ਸਵਰਾ ਭਾਸਕਰ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ।

ਕਈ ਯੂਜ਼ਰਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ 'ਜੌਹਰ ਕਰਨ ਵਾਲੀਆਂ ਔਰਤਾਂ' ਨੂੰ ਕਾਇਰ ਕਿਹਾ ਸੀ।

ਸਵਰਾ ਭਾਸਕਰ ਨੇ ਆਖ਼ਿਰ ਕੀ ਕਿਹਾ ਸੀ?

ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿੱਚ 'ਵੁਮਨ ਲਾਈਫ਼ ਫ਼੍ਰੀਡਮ ਟਾਕ' ਨਾਮ ਦੇ ਪ੍ਰੋਗਰਾਮ ਵਿੱਚ ਸਵਰਾ ਭਾਸਕਰ ਨੇ ਕਿਹਾ ਸੀ, "ਜਦੋਂ ਮੈਂ ਫ਼ਿਲਮ ਦਾ ਉਹ ਸੀਨ ਦੇਖ ਰਹੀ ਸੀ ਜਿਸ ਵਿੱਚ ਸਾਰੀਆਂ 800 ਔਰਤਾਂ ਜੌਹਰ ਕਰਦੀਆਂ ਹਨ ਤਾਂ ਮੈਂ ਸੋਚਿਆ ਕਿ ਯਾਰ, ਰੱਬ ਨਾ ਕਰੇ ਪਰ ਜੇ ਮੈਂ ਰੇਪ ਸਰਵਾਈਵਰ ਹੁੰਦੀ ਤਾਂ ਇਹ ਫ਼ਿਲਮ ਆਖ਼ਿਰ ਮੈਨੂੰ ਕੀ ਸੁਨੇਹਾ ਦੇ ਰਹੀ ਹੈ?"

"ਮੈਂ ਕਾਇਰ ਵਰਗਾ ਮਹਿਸੂਸ ਕਰਦੀ ਕਿ ਮੈਂ ਖ਼ੁਦ ਦੀ ਇੱਜ਼ਤ ਬਚਾਉਣ ਲਈ ਆਪਣੀ ਜਾਨ ਨਹੀਂ ਲਈ। ਕੀ ਤੁਸੀਂ ਸਾਡੇ ਵਰਗੇ ਸਮਾਜ ਵਿੱਚ ਇਹੀ ਸੁਨੇਹਾ ਦੇਣਾ ਚਾਹੁੰਦੇ ਹੋ, ਜਿੱਥੇ ਵੈਸੇ ਵੀ ਮੈਨੂੰ ਲੱਗਦਾ ਹੈ ਕਿ ਬਲਾਤਕਾਰ ਇੱਕ ਮਹਾਮਾਰੀ ਵਾਂਗ ਫੈਲ ਰਿਹਾ ਹੈ?"

"ਕੀ ਅਸੀਂ ਆਪਣੀਆਂ ਰੇਪ ਸਰਵਾਈਵਰਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਹਾਨੂੰ ਜਿਊਣ ਦਾ ਹੱਕ ਨਹੀਂ ਹੈ... ਕਿ ਜੇ ਉਹ ਇੱਜ਼ਤਦਾਰ ਅਤੇ ਬਹਾਦਰ ਔਰਤਾਂ ਹੁੰਦੀਆਂ ਤਾਂ ਉਹ ਆਪਣੀ ਜਾਨ ਦੇ ਦਿੰਦੀਆਂ। ਕੀ ਅਸੀਂ ਕਿਸੇ ਔਰਤ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਰੇਪ ਉਸ ਦੀ ਜ਼ਿੰਦਗੀ ਦਾ ਅੰਤ ਹੈ? ਬਹੁਤ ਸਾਰੀਆਂ ਚੀਜ਼ਾਂ ਹਨ ਜੋ ਪਰੇਸ਼ਾਨ ਕਰਨ ਵਾਲੀਆਂ ਹਨ।"

ਸਵਰਾ ਭਾਸਕਰ ਨੇ ਬਿਆਨ 'ਤੇ ਹੁਣ ਕੀ ਕਿਹਾ?

ਸਵਰਾ ਭਾਸਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਵਰਾ ਭਾਸਕਰ ਤੋਂ ਸਾਲ 2018 ਵਿੱਚ 'ਪਦਮਾਵਤ' ਫ਼ਿਲਮ ਨੂੰ ਲੈ ਕੇ ਲਿਖੇ ਗਏ ਖੁੱਲ੍ਹੇ ਖ਼ਤ ਬਾਰੇ ਸਵਾਲ ਕੀਤਾ ਗਿਆ ਸੀ

ਬਿਆਨ 'ਤੇ ਵਿਵਾਦ ਤੋਂ ਬਾਅਦ ਹੁਣ ਸਵਰਾ ਭਾਸਕਰ ਨੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ ਐਕਸ 'ਤੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਇਸ ਪੂਰੇ ਮੁੱਦੇ 'ਤੇ ਆਪਣੀ ਗੱਲ ਰੱਖੀ ਹੈ।

ਉਨ੍ਹਾਂ ਨੇ ਕਿਹਾ, "ਸੋਸ਼ਲ ਮੀਡੀਆ 'ਤੇ ਮੇਰਾ ਇੱਕ ਵੀਡੀਓ ਕਲਿੱਪ ਵਾਇਰਲ ਹੈ, ਜੋ ਇੱਕ ਇਵੈਂਟ ਵਿੱਚ ਮੈਂ ਕਿਹਾ ਸੀ। ਮੈਨੂੰ ਪੁੱਛਿਆ ਗਿਆ ਸੀ ਕਿ ਸੰਜੇ ਲੀਲਾ ਭੰਸਾਲੀ ਸਰ ਨੂੰ ਜੋ ਓਪਨ ਲੈਟਰ ਮੈਂ ਪਦਮਾਵਤ ਫ਼ਿਲਮ ਨੂੰ ਲੈ ਕੇ ਲਿਖਿਆ ਸੀ, ਉਹ ਮੈਂ ਕਿਉਂ ਲਿਖਿਆ ਸੀ?"

"ਤਾਂ ਉਹ ਜਵਾਬ ਦੇਣ ਵਿੱਚ ਜਦੋਂ ਮੈਂ ਸਮਝਾ ਰਹੀ ਸੀ ਕਿ ਉਹ ਲੈਟਰ ਮੈਂ ਕਿਉਂ ਲਿਖਿਆ ਸੀ, ਮੇਰੀ ਦਿੱਕਤ ਕੀ ਸੀ? ਮੈਂ ਕੁਝ ਕਿਹਾ ਸੀ, ਜੋ ਹੁਣ ਸਰਾਸਰ ਗ਼ਲਤ ਤਰੀਕੇ ਨਾਲ ਅਨੁਵਾਦਿਤ ਹੋ ਰਿਹਾ ਹੈ।"

"ਜੋ ਇੱਕ ਝੂਠ ਬਣਾ ਕੇ ਫੈਲਾਇਆ ਜਾ ਰਿਹਾ ਹੈ ਕਿ ਮੈਂ ਇਹ ਕਿਹਾ ਕਿ ਰਾਣੀ ਪਦਮਾਵਤੀ ਅਤੇ ਬਾਕੀ ਔਰਤਾਂ ਜਿਨ੍ਹਾਂ ਨੇ ਜੌਹਰ ਕੀਤਾ ਸੀ ਉਹ ਕਾਇਰ ਹਨ। ਮੈਂ ਸਾਫ਼ ਤੌਰ 'ਤੇ ਕਹਿ ਰਹੀ ਹਾਂ ਕਿ ਮੈਂ ਬਿਲਕੁਲ ਅਜਿਹਾ ਨਹੀਂ ਕਿਹਾ ਕਿ ਰਾਣੀ ਪਦਮਾਵਤੀ ਕਾਇਰ ਸਨ ਅਤੇ ਮੈਂ ਇਹ ਵੀ ਨਹੀਂ ਕਿਹਾ ਕਿ ਉਹ ਬਾਕੀ ਔਰਤਾਂ, ਉਹ ਰਾਣੀਆਂ ਜਿਨ੍ਹਾਂ ਨੇ ਜੌਹਰ ਕੀਤਾ ਸੀ ਉਹ ਕਾਇਰ ਸਨ।"

ਸਵਰਾ ਭਾਸਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਵਰਾ ਭਾਸਕਰ ਨੇ ਆਪਣੇ ਪੂਰੇ ਬਿਆਨ ਨੂੰ ਲੈ ਕੇ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ

"ਮੈਂ ਕੀ ਕਿਹਾ... ਇੰਗਲਿਸ਼ ਵਿੱਚ ਕਿਹਾ ਸੀ ਅਤੇ ਮੈਂ ਉਸ ਦਾ ਅਨੁਵਾਦ ਖ਼ੁਦ ਕਰਕੇ ਦੱਸ ਦਿੰਦੀ ਹਾਂ ਕਿਉਂਕਿ ਜਦੋਂ ਭਾਸ਼ਾ ਸਮਝ ਨਹੀਂ ਆਉਂਦੀ ਹੈ ਤਾਂ ਪੁੱਛ ਲੈਣਾ ਚਾਹੀਦਾ ਹੈ, ਚੈੱਕ ਕਰ ਲੈਣਾ ਚਾਹੀਦਾ ਹੈ। ਮਨਘੜਤ ਝੂਠ ਬਣਾ ਕੇ ਫੈਲਾਉਣਾ ਨਹੀਂ ਚਾਹੀਦਾ ਅਤੇ ਲੋਕਾਂ ਨੂੰ ਉਤੇਜਿਤ ਨਹੀਂ ਕਰਨਾ ਚਾਹੀਦਾ। ਜੋ ਲੋਕ ਮੈਨੂੰ ਗਾਲ੍ਹਾਂ ਦੇਣਾ ਚਾਹੁੰਦੇ ਹਨ, ਦਿਓ ਪਰ ਸਹੀ ਚੀਜ਼ 'ਤੇ ਦਿਓ।"

"ਮੈਂ ਕੀ ਕਿਹਾ ਸੀ- ਜਦੋਂ ਮੈਂ ਕਲਾਈਮੈਕਸ ਦੇਖ ਰਹੀ ਸੀ, ਮੈਨੂੰ ਲੱਗਾ ਕਿ ਰੱਬ ਨਾ ਕਰੇ ਮੈਂ ਇੱਕ ਰੇਪ ਪੀੜਤਾ ਹੁੰਦੀ, ਮੈਂ ਕਾਇਰ ਮਹਿਸੂਸ ਕਰਦੀ ਕਿ ਮੈਂ ਆਪਣੀ ਜਾਨ ਨਹੀਂ ਲੈ ਲਈ। ਭਾਵ ਕਿ ਮੈਂ ਅਜਿਹਾ ਮਹਿਸੂਸ ਕਰਦੀ ਕਿ ਬਲਾਤਕਾਰ ਤੋਂ ਬਾਅਦ ਮੈਂ ਜ਼ਿੰਦਾ ਬਚ ਗਈ ਤਾਂ ਮੈਂ ਇੱਕ ਕਾਇਰ ਸੀ। ਮੈਂ ਅਜਿਹਾ ਕਿਉਂ ਕਿਹਾ... ਸਾਡਾ ਸਮਾਜ ਇੱਕ ਅਜਿਹਾ ਸਮਾਜ ਹੈ ਜਿੱਥੇ ਰੇਪ ਇੱਕ ਮਹਾਮਾਰੀ ਵਾਂਗ ਫੈਲਿਆ ਹੋਇਆ ਹੈ।"

"ਕੱਲ੍ਹ ਹੀ ਦਿੱਲੀ ਵਿੱਚ ਇੱਕ ਬਹੁਤ ਹੀ ਵਹਿਸ਼ੀ ਅਤੇ ਹਿੰਸਕ ਗੈਂਗਰੇਪ ਦੀ ਘਟਨਾ ਹੋਈ ਹੈ। ਜਿੱਥੇ ਇੱਕ ਬੱਚੀ ਦੇ ਨਾਲ 46 ਕਿਲੋਮੀਟਰ ਤੱਕ ਗੈਂਗਰੇਪ ਹੋਇਆ, ਇੱਕ ਗੱਡੀ ਵਿੱਚ। ਇਹ ਅਸਲੀਅਤ ਹੈ ਸਾਡੇ ਦੇਸ਼ ਦੀ।"

"ਕੀ ਸਾਨੂੰ ਅਜਿਹੀਆਂ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ ਜਿੱਥੇ ਇਹ ਸੁਨੇਹਾ ਜਾ ਰਿਹਾ ਹੈ ਕਿ ਇੱਕ ਔਰਤ ਦੀ ਸਰੀਰਕ ਪਵਿੱਤਰਤਾ ਉਸ ਦੀ ਜ਼ਿੰਦਗੀ ਤੋਂ ਜ਼ਿਆਦਾ ਕੀਮਤੀ ਹੈ? ਕੀ ਸਾਨੂੰ ਜੋ ਸਾਡੇ ਰੇਪ ਸਰਵਾਈਵਰ ਹਨ, ਜੋ ਰੇਪ ਪੀੜਤ ਲੋਕ ਹਨ ਉਨ੍ਹਾਂ ਨੂੰ ਇਹ ਸੁਨੇਹਾ ਦੇਣਾ ਚਾਹੀਦਾ ਹੈ ਕਿ ਤੁਹਾਡੀ ਜਾਨ ਹੀ ਚਲੀ ਜਾਂਦੀ ਤਾਂ ਬਿਹਤਰ ਸੀ ਕਿ ਤੁਸੀਂ ਜ਼ਿੰਦਾ ਬਚ ਗਏ ਤਾਂ ਇਹ ਬੁਰੀ ਗੱਲ ਹੈ।"

"ਕੀ ਇੱਕ ਔਰਤ ਦੀ ਜ਼ਿੰਦਗੀ ਰੇਪ ਦੇ ਨਾਲ ਖ਼ਤਮ ਹੋ ਜਾਣੀ ਚਾਹੀਦੀ ਹੈ? ਮੇਰਾ ਸਵਾਲ ਇਹ ਹੈ। ਅਤੇ ਇਹ ਕਦੇ ਨਾ ਭੁੱਲਣਾ ਕਿ ਉਹ ਬਹਾਦਰ ਕੁੜੀ ਨਿਰਭਿਆ... ਉਸ ਨੇ ਆਪਣੇ ਛੇ ਬਲਾਤਕਾਰੀਆਂ ਨਾਲ ਮਰਦੇ ਦਮ ਤੱਕ ਲੜਾਈ ਲੜੀ।"

"ਉਸ ਵਿੱਚ ਇਸ ਤਰ੍ਹਾਂ ਜਿਊਣ ਦੀ ਲਾਲਸਾ ਸੀ। ਛੇ ਆਦਮੀਆਂ ਨੇ ਉਸ ਨਾਲ ਇੰਨੇ ਵਹਿਸ਼ੀ ਤਰੀਕੇ ਨਾਲ, ਇੰਨਾ ਤਸ਼ੱਦਦ ਕੀਤਾ... ਉਹ ਮਰ ਗਈ ਪਰ ਮਰਦੇ ਦਮ ਤੱਕ ਲੜੀ। ਇਸ ਲਈ ਕਦੇ ਵੀ ਔਰਤਾਂ ਦੀ ਜਿਊਣ ਦੀ ਇੱਛਾ ਅਤੇ ਲਾਲਸਾ ਨੂੰ ਕਦੇ ਵੀ ਘੱਟ ਨਾ ਸਮਝੋ।"

ਸਵਰਾ ਭਾਸਕਰ ਨੇ 2018 ਵਿੱਚ ਕੀ ਲਿਖਿਆ ਸੀ?

ਸਵਰਾ ਭਾਸਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਵਰਾ ਭਾਸਕਰ ਨੇ ਫ਼ਿਲਮ ਵਿੱਚ ਜੌਹਰ ਦੇ ਚਿੱਤਰਣ 'ਤੇ ਸਖ਼ਤ ਇਤਰਾਜ਼ ਜਤਾਇਆ ਸੀ

ਸਵਰਾ ਭਾਸਕਰ ਤੋਂ ਇਸ ਪ੍ਰੋਗਰਾਮ ਵਿੱਚ ਉਨ੍ਹਾਂ ਵੱਲੋਂ ਸੰਜੇ ਲੀਲਾ ਭੰਸਾਲੀ ਨੂੰ ਲਿਖੇ ਗਏ ਖੁੱਲ੍ਹੇ ਖ਼ਤ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ।

ਸਵਰਾ ਭਾਸਕਰ ਨੇ ਕਿਹਾ ਕਿ ਉਨ੍ਹਾਂ ਨੇ ਖੁੱਲ੍ਹਾ ਖ਼ਤ ਫ਼ਿਲਮ ਦੇਖਣ ਤੋਂ ਤੁਰੰਤ ਬਾਅਦ ਨਹੀਂ, ਸਗੋਂ ਪੰਜ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਲਿਖਿਆ ਸੀ। ਅਦਾਕਾਰਾ ਸਵਰਾ ਭਾਸਕਰ ਦੇ ਓਪਨ ਲੈਟਰ 'ਤੇ ਜ਼ਬਰਦਸਤ ਵਿਵਾਦ ਹੋਇਆ। ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਨਿੰਦਾ ਕੀਤੀ।

ਉਸ ਖ਼ਤ ਵਿੱਚ ਵੀ ਸਵਰਾ ਭਾਸਕਰ ਨੇ ਫ਼ਿਲਮ ਵਿੱਚ ਜੌਹਰ ਦੇ ਚਿੱਤਰਣ 'ਤੇ ਸਖ਼ਤ ਇਤਰਾਜ਼ ਜਤਾਇਆ ਸੀ।

ਸਵਰਾ ਨੇ ਚਿੱਠੀ ਵਿੱਚ ਕਿਹਾ ਸੀ ਕਿ ਇਸ ਸ਼ਾਨਦਾਰ ਫ਼ਿਲਮ ਦੇ ਆਖ਼ਿਰ ਵਿੱਚ ਉਨ੍ਹਾਂ ਨੇ ਖ਼ੁਦ ਨੂੰ ਮਹਿਜ਼ ਇੱਕ 'ਵਜਾਈਨਾ' (ਯੋਨੀ) ਵਿੱਚ ਸਿਮਟਿਆ ਹੋਇਆ ਪਾਇਆ।

ਸਵਰਾ ਦਾ ਕਹਿਣਾ ਸੀ ਕਿ 'ਪਦਮਾਵਤ' ਔਰਤ ਵਿਰੋਧੀ ਫ਼ਿਲਮ ਹੈ, ਜੋ ਸਾਲਾਂ ਤੋਂ ਚੱਲੀਆਂ ਆ ਰਹੀਆਂ ਰੂੜੀਵਾਦੀ ਅਤੇ ਵਿਤਕਰੇ ਭਰੀਆਂ ਧਾਰਨਾਵਾਂ ਨੂੰ ਉਤਸ਼ਾਹਿਤ ਕਰਦੀ ਹੈ।

ਉਨ੍ਹਾਂ ਨੇ ਲਿਖਿਆ, "ਅਜਿਹਾ ਲੱਗਦਾ ਹੈ ਕਿ ਤੁਹਾਡੀ ਫ਼ਿਲਮ ਸਾਡੇ ਸਾਹਮਣੇ ਹਨੇਰੇ ਯੁੱਗ ਦਾ ਉਹੀ ਸਵਾਲ ਸਾਹਮਣੇ ਲਿਆ ਖੜ੍ਹਾ ਕਰਦੀ ਹੈ- ਕੀ ਵਿਧਵਾ, ਬੁੱਢੀ, ਗਰਭਵਤੀ ਅਤੇ ਬਲਾਤਕਾਰ ਦੀ ਸ਼ਿਕਾਰ ਔਰਤਾਂ ਨੂੰ ਜਿਊਣ ਦਾ ਹੱਕ ਹੈ?"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)