ਪਰਵਿੰਦਰ ਸਿੰਘ ਝੋਟਾ ਕਤਲ ਮਾਮਲਾ: ਅਮਿਤ ਸ਼ਾਹ ਨੇ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ, ਝੋਟਾ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਬਾਰੇ ਕਿਸ ਨੇ ਕੀ ਕਿਹਾ

ਤਸਵੀਰ ਸਰੋਤ, BJP Punjab/X
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 16 ਮਿੰਟ
ਆਪਣੀ ਪੰਜਾਬ ਫੇਰੀ ਦੌਰਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਪਰਵਿੰਦਰ ਸਿੰਘ ਝੋਟੇ ਦੇ ਮਾਮਲੇ ਦੀ ਜਾਂਚ ਸੀਬੀਆਈ ਸੌਂਪੀ ਹੈ ਉਸੇ ਤਰ੍ਹਾਂ ਦੂਜੇ ਮਾਮਲਿਆਂ ਦੀ ਜਾਂਚ ਵੀ ਸੌਂਪੀ ਜਾਵੀ।
ਕੇਂਦਰ ਅਮਿਤ ਸ਼ਾਹ ਨੇ ਪੰਜਾਬ ਫੇਰੀ ਸ਼ੁਰੂਆਤ ਗੁਰਦਾਸਪੁਰ ਵਿੱਚ ਬਿਕਰਮਜੀਤ ਸਿੰਘ ਦੇ ਪਰਿਵਾਰ ਅਤੇ ਬਾਅਦ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਵਣਜਾਰਾ ਪਹੁੰਚ ਕੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ।
ਇਸ ਤੋਂ ਉਹ ਮਾਨਸਾ ਪਹੁੰਚੇ ਅਤੇ ਮਰਹੂਮ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਮਾਨਸਾ ਵਿੱਚ ਮੁਲਾਕਾਤ ਕਰ ਕੇ ਇਨਸਾਫ ਦਿਵਾਉਣ ਦੀ ਗੱਲ ਆਖੀ
ਅਮਿਤ ਸ਼ਾਹ ਨੇ ਪੰਜਾਬ 'ਚ ਨਸ਼ਿਆਂ ਦੇ ਮੁੱਦੇ 'ਤੇ 'ਆਪ' ਸਰਕਾਰ ਨੂੰ ਘੇਰਿਆ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਅਤੇ ਤਿੰਨ ਮੌਤਾਂ ਦੇ ਮਾਮਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਵਿਧਾਨ ਸਭਾ ਅਤੇ ਲੋਕ ਸਭਾ ਦੀ ਸਿਆਸਤ ਵਿੱਚ ਸਰਗਰਮ ਹਨ। ਉਨ੍ਹਾਂ ਕਈ ਘਟਨਾਵਾਂ ਦੇਖੀਆਂ ਹਨ, ਪਰ ਪੰਜਾਬ ਵਿੱਚ ਵਾਪਰੀਆਂ ਇਨ੍ਹਾਂ ਤਿੰਨ ਘਟਨਾਵਾਂ ਨੇ ਉਨ੍ਹਾਂ ਨੂੰ ਬਹੁਤ ਦੁਖੀ ਕੀਤਾ ਹੈ।
ਅਮਿਤ ਸ਼ਾਹ ਨੇ ਸਵਾਲ ਕੀਤਾ ਕਿ ਇਨ੍ਹਾਂ ਮੌਤਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਕੋਲ ਕੀ ਜਵਾਬ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਕਾਰ ਬਹਾਨੇ ਬਣਾਉਂਦੀ ਹੈ, ਪਰ ਲੋਕਾਂ ਨੂੰ ਜਵਾਬ ਨਹੀਂ ਦਿੰਦੀ।
ਉਨ੍ਹਾਂ ਨੇ ਕਿਹਾ, "ਮੈਂ ਪਹਿਲਾਂ ਜਲੰਧਰ ਰੈਲੀ ਵਿੱਚ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਬੋਲਣ ਆਇਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਲਟਾ ਮੇਰੇ 'ਤੇ ਹੀ ਨਸ਼ਿਆਂ ਨਾਲ ਜੁੜੇ ਇਲਜ਼ਾਮ ਲਾਏ। ਅੱਜ ਮੇਰਾ ਪੰਜਾਬ ਆਉਣਾ ਕੋਈ ਸਿਆਸੀ ਸਟੰਟ ਨਹੀਂ ਹੈ, ਫਿਰ ਵੀ ਸੂਬਾ ਸਰਕਾਰ ਮੇਰੇ 'ਤੇ ਇਲਜ਼ਾਮ ਲਾ ਰਹੀ ਹੈ।"
ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 20 ਹਜ਼ਾਰ ਕਿੱਲੋ ਨਸ਼ੀਲੇ ਪਦਾਰਥ ਫੜੇ ਜਾਣ ਦਾ ਹਵਾਲਾ ਦਿੰਦਿਆਂ ਅਮਿਤ ਸ਼ਾਹ ਨੇ ਕਿਹਾ, "ਕੀ ਅਸੀਂ ਨਸ਼ਾ ਨਹੀਂ ਫੜੀਏ?"
ਉਨ੍ਹਾਂ ਸਵਾਲ ਕੀਤਾ ਕਿ ਨਸ਼ਿਆਂ ਦੀਆਂ ਖੇਪਾਂ ਪੰਜਾਬ ਤੱਕ ਕਿਵੇਂ ਪਹੁੰਚ ਰਹੀਆਂ ਹਨ ਅਤੇ ਇਹ ਨੌਜਵਾਨਾਂ ਦੇ ਹੱਥਾਂ ਤੱਕ ਕਿਵੇਂ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਭ ਸਿਆਸੀ ਸ਼ਹਿ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ।
ਪਰਵਿੰਦਰ ਝੋਟਾ ਨਾਲ ਸਬੰਧਤ ਮਾਮਲੇ ਬਾਰੇ ਅਮਿਤ ਸ਼ਾਹ ਨੇ ਪੰਜਾਬ ਦੇ ਲੋਕਾਂ ਨਾਲ ਇਨਸਾਫ਼ ਦਾ ਵਾਅਦਾ ਕਰਦਿਆਂ ਕਿਹਾ, "ਜਿਹੜਾ ਕੇਸ ਪੰਜਾਬ ਸਰਕਾਰ ਨੇ ਸਾਨੂੰ ਸੌਂਪਿਆ ਹੈ, ਉਸ ਵਿੱਚ ਇਨਸਾਫ਼ ਕਰਾਂਗੇ ਅਤੇ ਮਾਮਲੇ ਨੂੰ ਅਦਾਲਤ ਤੱਕ ਲੈ ਕੇ ਜਾਵਾਂਗੇ।"
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਬਾਕੀ ਦੋ ਮਾਮਲੇ ਵੀ ਸੀਬੀਆਈ ਨੂੰ ਸੌਂਪੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਮਾਮਲਿਆਂ ਵਿੱਚ ਇਨਸਾਫ਼ ਨਹੀਂ ਕਰਵਾ ਰਹੀ।
ਅਮਿਤ ਸ਼ਾਹ ਨੇ ਪੰਜਾਬ ਸਰਕਾਰ ਤੋਂ ਪਿਟ ਐੱਨਡੀਪੀਐੱਸ ਕਾਨੂੰਨ ਤਹਿਤ ਫੜੇ ਗਏ ਨਸ਼ਾ ਤਸਕਰਾਂ ਦੀ ਗਿਣਤੀ ਬਾਰੇ ਵੀ ਜਵਾਬ ਮੰਗਿਆ। ਉਨ੍ਹਾਂ ਦਾਅਵਾ ਕੀਤਾ ਕਿ "ਇੱਕ ਵੀ ਤਸਕਰ ਨਹੀਂ ਫੜਿਆ ਇਨ੍ਹਾਂ ਨੇ।"
ਉਨ੍ਹਾਂ ਸਵਾਲ ਕੀਤਾ ਕਿ ਕੀ ਪੰਜਾਬ ਸਰਕਾਰ ਨੂੰ ਪਤਾ ਹੈ ਕਿ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਨਸ਼ਾ ਕਾਰੋਬਾਰੀਆਂ ਨੂੰ ਸਿਆਸੀ ਸ਼ਹਿ ਮਿਲ ਰਹੀ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ

ਤਸਵੀਰ ਸਰੋਤ, BJP Punjab
ਅਮਿਤ ਸ਼ਾਹ ਨੇ ਗੁਰਦਾਸਪੁਰ ਦੇ ਪਿੰਡ ਮਾੜੀ ਪੰਨੂਆਂ ਵਿੱਚ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਇਹ ਮੁਲਾਕਾਤ ਕਰੀਬ 15 ਮਿੰਟ ਚੱਲੀ। ਇਸ ਦੌਰਾਨ ਪਰਿਵਾਰ ਨੇ ਉਨ੍ਹਾਂ ਨੂੰ ਮੰਗ ਪੱਤਰ ਵੀ ਸੌਂਪਿਆ।
ਪਰਿਵਾਰ ਨੇ ਇਲਜ਼ਾਮ ਲਾਇਆ ਕਿ ਬਿਕਰਮਜੀਤ ਸਿੰਘ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਹ ਪਿੰਡ ਵਿੱਚ ਨਸ਼ਿਆਂ ਦੀ ਵਰਤੋਂ ਦਾ ਵਿਰੋਧ ਕਰਦਾ ਸੀ। ਹਾਲਾਂਕਿ, ਪੁਲਿਸ ਮੁਤਾਬਕ ਕਤਲ ਦਾ ਮਾਮਲਾ ਮੋਬਾਈਲ ਫੋਨ ਦੀ ਚੋਰੀ ਦੇ ਦੋਸ਼ਾਂ ਨਾਲ ਜੁੜਿਆ ਹੋਇਆ ਹੈ।
ਅਮਿਤ ਸ਼ਾਹ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਫ਼ੈਸਲਾਕੁਨ ਲੜਾਈ ਲੜਨ ਦੀ ਗੱਲ ਵੀ ਕਹੀ।

ਤਸਵੀਰ ਸਰੋਤ, Kulveer Singh/BBC
ਇਸ ਤੋਂ ਬਾਅਦ ਅਮਿਤ ਸ਼ਾਹ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰ ਵਣਜਾਰਾ ਵਿੱਚ ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪਰਿਵਾਰ ਨੇ ਉਨ੍ਹਾਂ ਸਾਹਮਣੇ ਇਨਸਾਫ਼ ਦੀ ਮੰਗ ਰੱਖੀ।
ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਦੀ ਰਿਪੋਰਟ ਮੁਤਾਬਕ, ਪਰਿਵਾਰ ਨੇ ਦੱਸਿਆ ਕਿ ਅਮਿਤ ਸ਼ਾਹ ਨੇ ਦੋ ਮਹੀਨਿਆਂ ਦੇ ਅੰਦਰ ਕਾਰਵਾਈ ਕਰਨ ਅਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਦਮ ਚੁੱਕਣ ਦਾ ਭਰੋਸਾ ਦਿੱਤਾ।
ਪੰਜਾਬ ਭਾਜਪਾ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਪਰਿਵਾਰ ਦੇ ਹਵਾਲੇ ਨਾਲ ਸੀਬੀਆਈ ਜਾਂਚ ਦਾ ਭਰੋਸਾ ਦਿੱਤੇ ਜਾਣ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਅਮਿਤ ਸ਼ਾਹ ਦੀ ਫੇਰੀ ਬਾਰੇ ਕੀ ਬੋਲੇ ਮਾਨ

ਤਸਵੀਰ ਸਰੋਤ, Bhagawant Mann/YT
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਲਾਈਵ ਹੋ ਕੇ ਕਿਹਾ ਹੈ ਕਿ ਅਮਿਤ ਸ਼ਾਹ ਦੀ ਫੇਰੀ ਸਿਰਫ਼ ਵੋਟਾਂ ਲਈ ਹੈ। ਚੋਣਾਂ ਨੇੜੇ ਹੋਣ ਕਾਰਨ ਹੀ ਉਨ੍ਹਾਂ ਨੂੰ ਪੰਜਾਬ ਦੀ ਯਾਦ ਕਿਉਂ ਆਉਂਦੀ ਹੈ।
ਉਨ੍ਹਾਂ ਨੇ ਕਿਹਾ, "2007 ਤੋਂ 2017 ਦੌਰਾਨ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਸੀ। ਭਾਜਪਾ ਨੇ ਉਸ ਵੇਲੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਭਾਜਪਾ ਸ਼ਾਸ਼ਤ ਸੂਬਿਆਂ ਤੋਂ ਨਸ਼ੇ ਦਾ ਵਪਾਰ ਚੱਲ ਰਿਹਾ ਹੈ, ਉੱਥੇ ਕਾਰਵਾਈ ਕਿਉਂ ਨਹੀਂ ਕਰ ਰਹੀ?"
"ਡੇਢ ਸਾਲ ਕਿਸਾਨ ਦਿੱਲੀ ਬਾਰਡਰ ਉੱਤੇ ਬੈਠੇ ਰਹੇ, 700 ਕਿਸਾਨ ਸ਼ਹੀਦ ਹੋਏ। ਉਸ ਵੇਲੇ ਅਮਿਤ ਸ਼ਾਹ ਕਿਸਾਨ ਪਰਿਵਾਰਾਂ ਨੂੰ ਕਿਉਂ ਨਹੀਂ ਮਿਲੇ। ਜਦੋਂ ਪੰਜਾਬ ਕੋਲੋਂ ਚੰਡੀਗੜ੍ਹ, ਬੀਬੀਐੱਮਬੀ ਅਤੇ ਪਾਣੀਆਂ ਦੇ ਹੱਕ ਖੋਹੇ ਗਏ, ਉਸ ਵੇਲੇ ਅਮਿਤ ਸ਼ਾਹ ਕਿੱਥੇ ਸੀ? ਅਮਿਤ ਸ਼ਾਹ ਦੀਆਂ ਇਹ ਮੁਲਾਕਾਤਾਂ ਸਿਰਫ਼ ਵੋਟਾਂ ਦੀ ਰਾਜਨੀਤੀ ਲਈ ਹਨ।"
ਝੋਟਾ ਕਤਲ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਸੀਬੀਆਈ ਜਾਂਚ ਦਾ ਐਲਾਨ

ਤਸਵੀਰ ਸਰੋਤ, PARVINDER SINGH JHOTA/getty
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਿੰਦਰ ਝੋਟਾ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਐਲਾਨ ਕੀਤਾ ਹੈ।
ਮਾਨ ਨੇ ਐਕਸ 'ਤੇ ਲਿਖਿਆ, "ਨਸ਼ਿਆਂ ਖ਼ਿਲਾਫ਼ ਲੜ ਰਹੇ ਪਰਵਿੰਦਰ ਝੋਟਾ ਦੇ ਪਿਤਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਸੀਂ ਹਰ ਸਮੇਂ ਡਟ ਕੇ ਖੜ੍ਹੇ ਹਾਂ। ਪਰਿਵਾਰ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਅਸੀਂ ਇਹ ਕੇਸ ਸੀਬੀਆਈ ਨੂੰ ਸੌਂਪ ਰਹੇ ਹਾਂ।"
"ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਸਾਡੀ ਲੜਾਈ ਆਰ-ਪਾਰ ਦੀ ਹੈ। ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਸਾਨੂੰ ਜੋ ਵੀ ਸਖ਼ਤ ਕਦਮ ਚੁੱਕਣਾ ਪਿਆ, ਅਸੀਂ ਪਿੱਛੇ ਨਹੀਂ ਹਟਾਂਗੇ।"

ਇਸ ਮਗਰੋਂ ਭਾਜਪਾ ਆਗੂ ਰਵਨੀਤ ਬਿੱਟੂ ਨੇ ਕਿਹਾ, "ਸਾਢੇ ਚਾਰ ਸਾਲ ਪੰਜਾਬ ਨੂੰ 'ਚਿੱਟੇ' ਤੇ ਗੈਂਗਸਟਰਾਂ ਹਵਾਲੇ ਰੱਖਿਆ, ਪਰ ਹੁਣ ਜਦੋਂ ਦੁਸਹਿਰੇ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬੀਆਂ ਦੀ ਮੰਗ ਪੂਰੀ ਕਰਕੇ ਚਿੱਟੇ ਨੂੰ ਜੜ੍ਹੋਂ ਪੁੱਟਣ ਦਾ ਪ੍ਰਣ ਲੈਣ ਆ ਰਹੇ ਹਨ, ਤਾਂ ਉਸੇ ਡਰੋਂ ਆਪਣੀਆਂ ਨਾਕਾਮੀਆਂ ਲੁਕਾਉਣ ਲਈ 'ਝੋਟਾ ਕੇਸ' ਮਜਬੂਰੀ ਵੱਸ ਰਾਤੋ-ਰਾਤ ਸੀਬੀਆਈ ਨੂੰ ਸੌਂਪ ਦਿੱਤਾ!"

ਝੋਟਾ ਕਤਲਕਾਂਡ ਲਈ ਬਣਾਈ ਗਈ ਇਨਸਾਫ ਐਕਸ਼ਨ ਕਮੇਟੀ ਦੇ ਮੈਂਬਰ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ, "ਸੀਬੀਆਈ ਨੂੰ ਜਾਂਚ ਸੌਂਪਣ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਸਰਕਾਰ ਨਾਲ ਡੈੱਡਲਾਕ ਟੁੱਟ ਗਿਆ ਹੈ, ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਹੋਈ ਹੈ।"
"ਪੰਜਾਬ ਸਰਕਾਰ ਗੱਲਬਾਤ ਲਈ ਖ਼ੁਦ ਅੱਗੇ ਨਹੀਂ ਆ ਰਹੀ, ਬਲਕਿ ਪ੍ਰਸ਼ਾਸਨ ਨੂੰ ਅੱਗੇ ਕਰ ਰਹੀ ਹੈ। ਸਿਰਫ਼ ਚੋਣਾਂ ਵੇਲੇ ਪਾਰਟੀਆਂ ਸਰਗਰਮ ਹੁੰਦੀਆਂ ਹਨ, ਅਮਿਤ ਸ਼ਾਹ ਦੀ ਫੇਰੀ ਵੀ ਸਿਆਸੀ ਫੇਰੀ ਹੈ। ਅਮਿਤ ਸ਼ਾਹ ਸਿਰਫ਼ ਪਰਿਵਾਰ ਨਾਲ ਮੁਲਾਕਾਤ ਕਰਨਗੇ।"
ਝੋਟਾ ਕਤਲਕਾਂਡ ਲਈ ਬਣਾਈ ਗਈ ਇਨਸਾਫ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਨੇ ਬੀਬੀਸੀ ਸਹਿਯੋਗੀ ਕੁਲਵੀਰ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ, "8 ਦਿਨ ਬਾਅਦ ਸੂਬਾ ਸਰਕਾਰ ਦੀ ਅੱਖ ਖੁੱਲ੍ਹੀ ਹੈ।"
"ਕ੍ਰੈਡਿਟ ਲੈਣ ਲਈ ਪੰਜਾਬ ਸਰਕਾਰ ਵੱਲੋਂ ਸੀਬੀਆਈ ਨੂੰ ਜਾਂਚ ਸੌਂਪੀ ਗਈ ਹੈ। ਕੇਂਦਰ ਅਤੇ ਸੂਬਾ ਸਰਕਾਰ ਪਰਵਿੰਦਰ ਝੋਟਾ ਦੇ ਕਤਲ ਕੇਸ ਵਿੱਚ ਵੋਟਾਂ ਲੈਣ ਦਾ ਜ਼ਰੀਆ ਬਣਾ ਰਹੀਆਂ ਹਨ।"

ਉਧਰ ਅੱਜ ਆਪਣੇ ਪੰਜਾਬ ਦੌਰੇ ਦੌਰਾਨ ਅਮਿਤ ਸ਼ਾਹ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਘਰ ਜਾਣਗੇ ਅਤੇ ਝੋਟਾ ਦੇ ਪਿਤਾ, ਪਤਨੀ ਅਤੇ ਪੁੱਤਰਾਂ ਨੂੰ ਮਿਲਣਗੇ। ਹਾਲਾਂਕਿ ਐਕਸ਼ਨ ਕਮੇਟੀ ਫਾਰ ਜਸਟਿਸ ਫਾਰ ਝੋਟਾ ਇਸਦਾ ਵਿਰੋਧ ਕਰ ਰਹੀ ਹੈ, ਪਰ ਉਨ੍ਹਾਂ ਦੇ ਪਿਤਾ ਭੀਮ ਸਿੰਘ ਉਨ੍ਹਾਂ ਨੂੰ ਮਿਲਣ ਲਈ ਤਿਆਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਹ ਦਾ ਵਿਰੋਧ ਕਰਨਾ ਮੇਰਾ ਵਿਰੋਧ ਹੋਵੇਗਾ।
ਉਹ ਸੰਗਰੂਰ ਦੇ ਦਿੜਬਾ ਦੇ ਪਿੰਡ ਤੂਰ ਬਣਜਾਰਾ ਵੀ ਜਾਣਗੇ, ਜਿੱਥੇ ਗੁਲਜ਼ਾਰ ਸਿੰਘ ਨੇ 'ਆਪ' ਮੰਤਰੀ ਹਰਪਾਲ ਚੀਮਾ ਤੋਂ ਪੁੱਛਗਿੱਛ ਕਰਨ 'ਤੇ ਤੰਗ-ਪਰੇਸ਼ਾਨ ਕੀਤੇ ਜਾਣ ਦੇ ਇਲਜ਼ਾਮ ਲਗਾਉਂਦਿਆਂ ਖੁਦਕੁਸ਼ੀ ਕਰ ਲਈ ਸੀ।

ਤਸਵੀਰ ਸਰੋਤ, CHARANJEEV KAUSHAL/BBC
ਸ਼ਾਮ ਨੂੰ, ਉਹ ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਦੁਸਹਿਰਾ ਮੇਲੇ ਵਿੱਚ ਹਿੱਸਾ ਲੈਣਗੇ ਅਤੇ ਰਾਵਣ ਦਹਿਨ ਕਰਨਗੇ।
ਖ਼ਾਸ ਗੱਲ ਇਹ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਪੰਜਾਬ ਸਰਕਾਰ ਤੋਂ ਤਿੰਨੋਂ ਮ੍ਰਿਤਕਾਂ ਦੇ ਕਤਲ ਅਤੇ ਖੁਦਕੁਸ਼ੀ ਬਾਰੇ ਰਿਪੋਰਟ ਮੰਗੀ ਹੈ, ਜਿਨ੍ਹਾਂ ਦੇ ਘਰਾਂ ਵਿੱਚ ਅਮਿਤ ਸ਼ਾਹ ਆ ਰਹੇ ਹਨ।
ਅਮਨ ਅਰੋੜਾ ਨੇ ਪੁੱਛੇ ਅਮਿਤ ਸ਼ਾਹ ਨੂੰ ਸਵਾਲ

ਤਸਵੀਰ ਸਰੋਤ, aman arora/fb
1. ਪੰਜਾਬ ਵਿੱਚ 543 ਕਿਲੋਮੀਟਰ ਲੰਬਾ ਅੰਤਰਰਾਸ਼ਟਰੀ ਸਰਹੱਦੀ ਖੇਤਰ ਹੈ ਜਿਸ ਦੇ 50 ਕਿਲੋਮੀਟਰ ਦੇ ਘੇਰੇ ਨੂੰ ਬੀਐੱਸਐੱਫ ਵੇਖਦੀ ਹੈ। ਕੇਂਦਰ ਸਰਕਾਰ ਅੰਤਰਰਾਸ਼ਟਰੀ ਬਾਰਡਰ ਤੇ ਨਸ਼ਾ ਰੋਕਣ ਵਿੱਚ ਨਾਕਾਮ ਕਿਉਂ ਰਹੀ ਹੈ?
2. ਗੁਜਰਾਤ ਜਿੱਥੇ ਲੰਬੇ ਸਮੇਂ ਤੋਂ ਭਾਜਪਾ ਦੀ ਸਰਕਾਰ ਹੈ, ਮੁੰਦਰਾ ਪੋਰਟ ਤੋਂ 3000 ਕਿਲੋਗ੍ਰਾਮ ਹੈਰੋਇਨ ਤੱਕ ਫੜੀ ਜਾਂਦੀ ਹੈ ਉਸ ਬਾਰੇ ਅਮਿਤ ਸ਼ਾਹ ਕੀ ਕਹਿਣਗੇ?
3. ਪੰਜਾਬ ਵਿੱਚ ਚਿੱਟਾ ਸ਼ਬਦ ਪਹਿਲੀ ਵਾਰ 2007 ਦੇ ਨੇੜੇ ਤੇੜੇ ਸੁਣਿਆ ਗਿਆ ਸੀ, ਜਿਸ ਸਮੇਂ ਭਾਜਪਾ ਅਕਾਲੀ ਦਲ ਨਾਲ ਮਿਲ ਕੇ ਪੰਜਾਬ ਵਿੱਚ ਸਰਕਾਰ ਚਲਾ ਰਹੀ ਸੀ ਉਸ ਸਮੇਂ ਬੀਜੇਪੀ ਕਿਉਂ ਚੁੱਪ ਰਹੀ?
4. ਪੰਜਾਬ ਉੱਤੇ ਕਿੰਤੂ ਪ੍ਰੰਤੂ ਕਰਨ ਵਾਲੇ ਅਮਿਤ ਸ਼ਾਹ ਇਹ ਦੱਸਣ ਕਿ ਭਾਜਪਾ ਸ਼ਾਸਤ ਸੂਬੇ ਮਹਾਰਾਸ਼ਟਰ, ਹਰਿਆਣਾ, ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ਵਿੱਚ ਕਾਨੂੰਨ ਤੇ ਨਿਆਂ-ਵਿਵਸਥਾ ਦੀ ਕੀ ਹਾਲਤ ਹੈ? ਕਿਉਂ ਹਰਿਆਣਾ ਗੈਂਗਸਟਰਾਂ ਦੀ ਨਰਸਰੀ ਬਣਿਆ ਹੋਇਆ ਹੈ?
ਚੀਮਾ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਨੂੰ ਐੱਨਡੀਪਸੀਐੱਸ ਐਕਟ ਅਧੀਨ ਲਿਆਉਣ ਦੀ ਮੰਗ

ਤਸਵੀਰ ਸਰੋਤ, Getty Images
ਅਮਿਤ ਸ਼ਾਹ ਦੇ ਦੌਰੇ ਤੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਚੀਮਾ ਨੇ ਕਿਹਾ ਕਿ 'ਪੰਜਾਬ ਵਿੱਚ ਚੱਲ ਰਹੇ ਕੈਮੀਕਲ ਨਸ਼ੇ ਵਿੱਚ ਕੁਝ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਹੋ ਰਹੀ ਹੈ।
ਇਹ ਦਵਾਈਆਂ ਡਾਕਟਰ ਦੀ ਸਿਫ਼ਾਰਸ਼ 'ਤੇ ਮਿਲ ਸਕਦੀਆਂ ਹਨ, ਪਰ ਬਿਨ੍ਹਾਂ ਇਜਾਜ਼ਤ ਵੇਚੇ ਜਾਣ 'ਤੇ ਇਨ੍ਹਾਂ ਦੀ ਵਰਤੋਂ ਨਸ਼ੇ ਵਜੋਂ ਹੋਣ ਲੱਗਦੀ ਹੈ। ਇਨ੍ਹਾਂ ਦਵਾਈਆਂ ਦੀ ਇੱਕ ਵੀ ਫੈਕਟਰੀ ਪੰਜਾਬ ਵਿੱਚ ਨਹੀਂ ਹੈ। ਇਹ ਉਨ੍ਹਾਂ ਸੂਬਿਆਂ ਵਿੱਚ ਬਣਦੀਆਂ ਹਨ, ਜਿੱਥੇ ਭਾਜਪਾ ਜਾਂ ਕਾਂਗਰਸ ਦੀਆਂ ਸਰਕਾਰਾਂ ਹਨ।'
ਚੀਮਾ ਨੇ ਮੰਗ ਕੀਤੀ ਕਿ ਇਨ੍ਹਾਂ ਦਵਾਈਆਂ ਨੂੰ ਐੱਨਡੀਪਸੀਐੱਸ ਐਕਟ ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਚੀਮਾ ਨੇ ਦਾਅਵਾ ਕੀਤਾ ਕਿ ਇਨ੍ਹਾਂ ਦਵਾਈਆਂ ਨੂੰ ਐਕਟ ਦੇ ਅਧੀਨ ਲਿਆਉਣ ਲਈ 'ਅਸੀਂ ਕੇਂਦਰ ਸਰਕਾਰ ਨੂੰ ਦੋ ਪੱਤਰ ਲਿਖੇ, ਪਰ ਕੋਈ ਜਵਾਬ ਨਹੀਂ ਆਇਆ।
ਸਿਹਤ ਮੰਤਰੀ ਨੂੰ ਵੀ ਇੱਕ ਹੋਰ ਪੱਤਰ ਲਿਖਿਆ ਗਿਆ ਹੈ। ਪਰ ਕੇਂਦਰ ਸਰਕਾਰ ਜਵਾਬ ਨਹੀਂ ਦੇ ਰਹੀ। ਮਿਥਾਈਲ ਅਲਕੋਹਲ ਬਾਰੇ ਵੀ ਅਸੀਂ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ, ਪਰ ਉਸ ਨੇ ਕੋਈ ਕਾਰਵਾਈ ਕਰਨੀ ਜ਼ਰੂਰੀ ਨਹੀਂ ਸਮਝੀ।'
ਚੀਮਾ ਨੇ ਕਿਹਾ, "ਅਸੀਂ ਨਸ਼ਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰ ਰਹੇ ਹਾਂ। ਐੱਨਡੀਪਸੀਐੱਸ ਐਕਟ ਕੇਂਦਰ ਸਰਕਾਰ ਦੇ ਅਧੀਨ ਹੈ। ਇਸ ਦੇ ਤਹਿਤ ਅਸੀਂ 80 ਹਜ਼ਾਰ ਗ੍ਰਿਫ਼ਤਾਰੀਆਂ ਕੀਤੀਆਂ ਹਨ।"
ਚੀਮਾ ਨੇ ਕਿਹਾ ਕਿ ਕੇਂਦਰ ਨੇ 1952 ਦੇ ਐਕਟ ਅਤੇ 1934 ਦੇ ਐਕਟ ਤਹਿਤ ਕਾਰਵਾਈ ਕਰਨ ਲਈ ਕਿਹਾ ਹੈ। ਪਰ ਇਹ ਸਾਰੇ ਕਾਨੂੰਨ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਣਾਏ ਗਏ ਸਨ।
ਮਨੋਰੰਜਨ ਜਗਤ ਦੇ ਸਿਤਾਰੇ ਹਮਾਇਤ ਵਿੱਚ ਆਏ
ਪੰਜਾਬੀ ਮਨੋਰੰਜਨ ਜਗਤ ਦੇ ਕਈ ਮਸ਼ਹੂਰ ਸਿਤਾਰੇ ਅਤੇ ਨਾਮੀ ਹਸਤੀਆਂ ਵੀ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਲੱਗੇ ਮੋਰਚੇ ਦੀ ਹਮਾਇਤ ਵਿੱਚ ਉੱਤਰ ਆਈਆਂ ਹਨ।
ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ 13 ਅਕਤੂਬਰ ਤੋਂ ਮਾਨਸਾ ਦੇ ਤਿਕੋਣੀ ਚੌਕ ਅਤੇ ਸਿਵਲ ਹਸਪਤਾਲ ਦੇ ਬਾਹਰ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।
ਸਿਵਲ ਹਸਪਤਾਲ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਪਈ ਹੈ, ਜਦਕਿ ਤਿਕੋਣੀ ਚੌਕ ਵਿੱਚ ਇਨਸਾਫ਼ ਕਮੇਟੀ ਵੱਲੋਂ ਸਟੇਜ ਲਗਾਈ ਗਈ ਹੈ।
ਮਨੋਰੰਜਨ ਜਗਤ ਦੇ ਕਈ ਸਿਤਾਰੇ ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋ ਰਹੇ ਹਨ। ਕਿਸੇ ਨੇ ਆਪਣੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਰੱਦ ਕਰ ਦਿੱਤੇ ਹਨ, ਕਿਸੇ ਨੇ ਆਪਣੀ ਫ਼ਿਲਮ ਦੀ ਰਿਲੀਜ਼ ਰੋਕ ਦਿੱਤੀ ਹੈ ਅਤੇ ਕੋਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਇਨ੍ਹਾਂ ਸਿਤਾਰਿਆਂ ਵਿੱਚ ਅਦਾਕਾਰਾ ਨੀਰੂ ਬਾਜਵਾ, ਗਾਇਕ ਬੱਬੂ ਮਾਨ, ਰਣਜੀਤ ਬਾਵਾ ਅਤੇ ਆਰ ਨੇਤ ਸਣੇ ਹੋਰ ਕਈ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਉਨ੍ਹਾਂ ਦੇ 'ਸਾਈਨਡ ਟੂ ਗੌਡ' ਟੂਰ ਨੂੰ ਰੱਦ ਕਰ ਦਿੱਤਾ ਹੈ।

ਤਸਵੀਰ ਸਰੋਤ, Charanjeev Kaushal/BBC
ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਸਾਂਝੀ ਕਰ ਕੇ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਪੰਜਾਬੀ ਫ਼ਿਲਮ 'ਥਾਪੀ' ਦੀ ਰਿਲੀਜ਼ ਉੱਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝੀ ਕੀਤੀ। ਇਹ ਫ਼ਿਲਮ 16 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ।
ਹੁਣ ਤੱਕ ਕੀ-ਕੀ ਹੋਇਆ?

- 13 ਅਕਤੂਬਰ: ਮਾਨਸਾ ਦੇ ਤਿਕੋਣੀ ਚੌਕ ਅਤੇ ਸਿਵਲ ਹਸਪਤਾਲ ਦੇ ਬਾਹਰ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਸ਼ੁਰੂ ਹੋਇਆ। ਵਾਰਦਾਤ ਵਾਲੇ ਦਿਨ ਹੀ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੇ ਇੱਕ ਸਾਥੀ ਨੂੰ ਕਾਬੂ ਕਰ ਲਿਆ ਗਿਆ।
- 14 ਅਕਤੂਬਰ: ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਅਸ਼ਵਨੀ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸੇ ਦਿਨ ਅਸ਼ਵਨੀ ਕੁਮਾਰ ਦੇ ਘਰ ਅਤੇ ਮੈਡੀਕਲ ਸਟੋਰ ਉੱਤੇ ਬੁਲਡੋਜ਼ਰ ਰਾਹੀਂ ਕਾਰਵਾਈ ਵੀ ਕੀਤੀ ਗਈ।
- 15 ਅਕਤੂਬਰ: ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਇਸੇ ਦਿਨ ਅਸ਼ਵਨੀ ਕੁਮਾਰ ਦੀ ਪਤਨੀ ਅਤੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ।
- 16 ਅਕਤੂਬਰ: ਅਸ਼ਵਨੀ ਕੁਮਾਰ ਦਾ ਅਸਲਾ ਲਾਇਸੈਂਸ ਰੱਦ ਕਰ ਦਿੱਤਾ ਗਿਆ। ਇਸੇ ਦਿਨ ਪੁਲਿਸ ਨੇ ਭੰਨਤੋੜ ਕਰਨ, ਇੱਕ ਦੁਕਾਨਦਾਰ ਦੇ ਖੋਖੇ ਦਾ ਸਾਮਾਨ ਸਾੜਨ ਅਤੇ ਭੜਕਾਊ ਭਾਸ਼ਣ ਦੇਣ ਦੇ ਇਲਜ਼ਾਮਾਂ ਤਹਿਤ ਤਿੰਨ ਵੱਖ-ਵੱਖ ਕੇਸ ਦਰਜ ਕੀਤੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ।

ਤਸਵੀਰ ਸਰੋਤ, Charanjeev Kaushal/BBC
- 17 ਅਕਤੂਬਰ: ਕੇਂਦਰੀ ਗ੍ਰਹਿ ਮੰਤਰਾਲੇ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਅਤੇ ਪੰਜਾਬ ਵਿੱਚ ਵਾਪਰੀਆਂ ਹੋਰ ਘਟਨਾਵਾਂ ਬਾਰੇ ਰਿਪੋਰਟ ਮੰਗੀ। ਇਸੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਐਲਾਨ ਕੀਤਾ।
- 18 ਅਕਤੂਬਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਰਵਿੰਦਰ ਸਿੰਘ ਝੋਟਾ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਵਾਪਰੀਆਂ ਘਟਨਾਵਾਂ ਦੇ ਪੀੜਤਾਂ ਨਾਲ 20 ਅਕਤੂਬਰ ਨੂੰ ਮੁਲਾਕਾਤ ਕਰਨ ਦਾ ਐਲਾਨ ਕੀਤਾ।
- 19 ਅਕਤੂਬਰ: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਗਏ। ਪੰਜਾਬ ਸਰਕਾਰ ਨੇ ਐਕਸ਼ਨ ਕਮੇਟੀ ਨਾਲ ਗੱਲਬਾਤ ਵਾਸਤੇ ਤਿੰਨ ਮਹਿਲਾ ਆਈਏਐੱਸ ਅਧਿਕਾਰੀਆਂ ਦੀ ਕਮੇਟੀ ਬਣਾਈ ਹੈ। ਇਨ੍ਹਾਂ ਵਿੱਚ ਕੰਵਲਪ੍ਰੀਤ ਕੌਰ ਬਰਾੜ, ਅਪਨੀਤ ਰਿਆਤ ਅਤੇ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਸ਼ਾਮਲ ਹਨ।
ਪੇਚ ਕਿੱਥੇ ਫਸਿਆ?

ਤਸਵੀਰ ਸਰੋਤ, Kulveer Singh/BBC
ਵਾਰਦਾਤ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਪਰਵਿੰਦਰ ਸਿੰਘ ਝੋਟਾ ਦਾ ਪਰਿਵਾਰ ਅਤੇ ਇਨਸਾਫ਼ ਕਮੇਟੀ ਆਪਣੀਆਂ ਮੰਗਾਂ ਉੱਤੇ ਅੜੇ ਹੋਏ ਹਨ। ਇਨ੍ਹਾਂ ਮੰਗਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਅਸਤੀਫ਼ੇ, ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਹੋਰ ਅਹਿਮ ਮੰਗਾਂ ਸ਼ਾਮਲ ਹਨ।
ਇਨਸਾਫ਼ ਕਮੇਟੀ ਅਤੇ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ।
ਹਾਲਾਂਕਿ, ਮਾਨਸਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਇਨਸਾਫ਼ ਕਮੇਟੀ ਨਾਲ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ।
ਕਤਲ ਦੀ ਵਾਰਦਾਤ ਕਿਵੇਂ ਵਾਪਰੀ ਸੀ?

ਤਸਵੀਰ ਸਰੋਤ, Parvinder singh jhota / fb
13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ਵਿੱਚ ਨਸ਼ੀਲੇ ਅਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਇਲਜ਼ਾਮਾਂ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਦੋਂ ਪਰਵਿੰਦਰ ਸਿੰਘ ਝੋਟਾ ਉੱਤੇ ਗੋਲੀਆਂ ਚਲਾਈਆਂ ਗਈਆਂ, ਉਸ ਸਮੇਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਾਈਵ ਪ੍ਰਸਾਰਨ ਕਰ ਰਹੇ ਸਨ। ਇਸ ਕਾਰਨ ਵਾਰਦਾਤ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।
ਇੱਕ ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਮੈਡੀਕਲ ਸਟੋਰ ਦੇ ਮਾਲਕ ਵਿਚਾਲੇ ਦੁਕਾਨ ਵਿੱਚ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਵੇਚਣ ਦੇ ਇਲਜ਼ਾਮ ਨੂੰ ਲੈ ਕੇ ਬਹਿਸ ਹੁੰਦੀ ਦਿਖਾਈ ਦਿੰਦੀ ਹੈ।
ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਖ਼ਿਲਾਫ਼ ਪੁਲਿਸ ਨੂੰ ਫ਼ੋਨ ਕਰਨ ਦੀ ਗੱਲ ਕਰਦੇ ਸੁਣਾਈ ਦਿੰਦੇ ਹਨ।
ਵੀਡੀਓ ਵਿੱਚ ਅਸ਼ਵਨੀ ਕੋਲ ਪਿਸਤੌਲ ਹੋਣ ਦਾ ਵੀ ਜ਼ਿਕਰ ਸੁਣਾਈ ਦਿੰਦਾ ਹੈ। ਇਸ ਦੌਰਾਨ ਝੋਟਾ ਦੁਕਾਨ ਦੇ ਮਾਲਕ ਨੂੰ ਪਿਸਤੌਲ ਨਾਲ ਫ਼ਾਇਰ ਕਰਨ ਲਈ ਲਲਕਾਰਦੇ ਵੀ ਸੁਣਾਈ ਦਿੰਦੇ ਹਨ।

ਕੁਝ ਸਮੇਂ ਬਾਅਦ ਗੋਲੀ ਚੱਲਦੀ ਹੈ, ਜੋ ਪਰਵਿੰਦਰ ਸਿੰਘ ਝੋਟਾ ਨੂੰ ਲੱਗਦੀ ਹੈ। ਇਸ ਤੋਂ ਬਾਅਦ ਉਹ ਮੈਡੀਕਲ ਸਟੋਰ ਤੋਂ ਬਾਹਰ ਨਿਕਲ ਕੇ ਕਿਸੇ ਹੋਰ ਦੁਕਾਨ ਵਿੱਚ ਲੁਕਣ ਲਈ ਕੋਸ਼ਿਸ਼ ਕਰਦੇ ਹਨ।
ਇੱਕ ਹੋਰ ਵੀਡੀਓ ਵਿੱਚ ਅਸ਼ਵਨੀ ਕੁਮਾਰ ਨਾਂ ਦਾ ਵਿਅਕਤੀ ਹੱਥ ਵਿੱਚ ਪਿਸਤੌਲ ਫੜ੍ਹ ਕੇ ਬਾਜ਼ਾਰ ਵਿੱਚ ਉਨ੍ਹਾਂ ਦੇ ਪਿੱਛੇ ਜਾਂਦਾ ਦਿਖਾਈ ਦਿੰਦਾ ਹੈ। ਇਸ ਵੀਡੀਓ ਵਿੱਚ ਗੋਲੀ ਚੱਲਣ ਦੀ ਇੱਕ ਹੋਰ ਆਵਾਜ਼ ਸੁਣਾਈ ਦਿੰਦੀ ਹੈ। ਇਸ ਤੋਂ ਬਾਅਦ ਉਹ ਵਿਅਕਤੀ ਪਿਸਤੌਲ ਲੈ ਕੇ ਵਾਪਸ ਮੈਡੀਕਲ ਸਟੋਰ ਵੱਲ ਮੁੜ ਜਾਂਦਾ ਹੈ।
ਜਾਣਕਾਰੀ ਮੁਤਾਬਕ, ਜ਼ਖ਼ਮੀ ਹਾਲਤ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪਰਵਿੰਦਰ ਸਿੰਘ ਝੋਟਾ ਦੱਖਣੀ ਪੰਜਾਬ ਦੇ ਸ਼ਹਿਰ ਮਾਨਸਾ ਦੇ ਰਹਿਣ ਵਾਲੇ ਸਨ। ਉਹ ਫ੍ਰੀਸਟਾਈਲ ਕਬੱਡੀ ਖਿਡਾਰੀ ਵੀ ਰਹੇ ਸਨ।
ਉਹ ਕੁਝ ਸਾਲ ਪਹਿਲਾਂ 'ਐਂਟੀ ਡਰੱਗ ਟਾਸਕ ਫੋਰਸ' ਬਣਾਉਣ ਤੋਂ ਬਾਅਦ ਚਰਚਾ ਵਿੱਚ ਆਏ ਸਨ। ਉਨ੍ਹਾਂ ਨੇ ਆਪਣਾ ਸੰਗਠਨ ਬਣਾ ਕੇ ਕਥਿਤ ਤੌਰ 'ਤੇ ਨਸ਼ੇ ਵੇਚਣ ਵਾਲਿਆਂ ਨੂੰ ਰੋਕਣ ਦੀ ਮੁਹਿੰਮ ਸ਼ੁਰੂ ਕੀਤੀ ਸੀ।
ਉਨ੍ਹਾਂ ਖ਼ਿਲਾਫ਼ ਕਈ ਮਾਮਲੇ ਵੀ ਦਰਜ ਕੀਤੇ ਗਏ ਸਨ ਅਤੇ ਕੁਝ ਮਾਮਲਿਆਂ ਵਿੱਚ ਉਨ੍ਹਾਂ ਨੂੰ ਸਜ਼ਾ ਵੀ ਹੋਈ ਸੀ। ਹਾਲਾਂਕਿ, ਕਈ ਹੋਰ ਮਾਮਲਿਆਂ ਵਿੱਚ ਉਹ ਬਰੀ ਵੀ ਹੋਏ ਸਨ।
ਐੱਸਜੀਪੀਸੀ ਨੇ ਕੀ ਐਲਾਨ ਕੀਤੇ?

ਤਸਵੀਰ ਸਰੋਤ, Shiromani Gurdwara Parbandhak Committee
17 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨਾਲ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦੁੱਖ ਸਾਂਝਾ ਕੀਤਾ।
ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੀ ਯਾਦ ਨੂੰ ਸਤਿਕਾਰ ਸਹਿਤ ਸੰਭਾਲਣ ਦਾ ਐਲਾਨ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਉਨ੍ਹਾਂ ਦੀ ਤਸਵੀਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ।
ਉਨ੍ਹਾਂ ਕਿਹਾ ਸੀ ਕਿ ਇਹ ਉਪਰਾਲਾ ਭਾਈ ਝੋਟਾ ਵੱਲੋਂ ਨਸ਼ਿਆਂ ਵਿਰੁੱਧ ਕੀਤੇ ਗਏ ਸੰਘਰਸ਼ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੇ ਉਦੇਸ਼ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਯਾਦ ਰੱਖਣ ਦਾ ਪ੍ਰਤੀਕ ਹੋਵੇਗਾ।
ਇਸ ਤੋਂ ਇਲਾਵਾ, ਹਰਜਿੰਦਰ ਸਿੰਘ ਧਾਮੀ ਨੇ ਜ਼ਖ਼ਮੀ ਨੌਜਵਾਨਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਐਲਾਨ ਕੀਤਾ ਕਿ ਐੱਸਜੀਪੀਸੀ ਵੱਲੋਂ ਹਰੇਕ ਜ਼ਖ਼ਮੀ ਨੌਜਵਾਨ ਨੂੰ ਪੰਜ-ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ?

ਇਸ ਮਾਮਲੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅਸ਼ਵਨੀ ਕੁਮਾਰ ਦੀ ਪਤਨੀ ਵੀ ਸ਼ਾਮਲ ਹੈ।
ਵੀਰਵਾਰ ਸ਼ਾਮ ਨੂੰ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਸੀ ਕਿ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ, "ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਅਸ਼ਵਨੀ ਦੀ ਪਤਨੀ ਨੀਲਮ ਅਤੇ ਵਿਪਨ ਗਰਗ ਦੀ ਵੀ ਇਸ ਵਾਰਦਾਤ ਵਿੱਚ ਭੂਮਿਕਾ ਸੀ।"
"ਵਿਪਨ ਗਰਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਨੀਲਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੀ ਪੁਲਿਸ ਸਫ਼ਲ ਰਹੀ ਹੈ।"

ਪੁਲਿਸ ਮੁਤਾਬਕ, ਅਸ਼ਵਨੀ ਕੁਮਾਰ ਨੂੰ ਰਾਜਸਥਾਨ ਤੋਂ ਕਾਬੂ ਕੀਤਾ ਗਿਆ ਸੀ। ਵਾਰਦਾਤ ਤੋਂ ਬਾਅਦ ਲਾਡੀ ਨਾਂ ਦੇ ਵਿਅਕਤੀ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਦਾ ਦਾਅਵਾ ਹੈ ਕਿ ਵਿਪਨ ਗਰਗ ਨੇ ਅਸ਼ਵਨੀ ਨੂੰ ਫ਼ਰਾਰ ਹੋਣ ਵਿੱਚ ਮਦਦ ਕੀਤੀ ਅਤੇ ਉਸ ਨੂੰ ਸਹਾਇਤਾ ਮੁਹੱਈਆ ਕਰਵਾਈ ਸੀ।
ਐੱਸਐੱਸਪੀ ਨੇ ਅੱਗੇ ਕਿਹਾ ਸੀ, "ਉਸ ਦੀ ਪਤਨੀ ਨੂੰ ਉਸ ਦੀ ਮੰਸ਼ਾ ਅਤੇ ਸੋਚ ਬਾਰੇ ਜਾਣਕਾਰੀ ਸੀ। ਉਸ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਨੀਲਮ ਰਾਣੀ ਦੀ ਵੀ ਇਸ ਮਾਮਲੇ ਵਿੱਚ ਭੂਮਿਕਾ ਸੀ।"
ਕੌਣ ਹੈ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ?
ਅਸ਼ਵਨੀ ਕੁਮਾਰ ਮੂਲ ਰੂਪ ਵਿੱਚ ਮਾਨਸਾ ਦਾ ਰਹਿਣ ਵਾਲਾ ਹੈ। ਉਹ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਪਿਛਲੇ ਕਈ ਸਾਲਾਂ ਤੋਂ ਮੈਡੀਕਲ ਸਟੋਰ ਚਲਾ ਰਿਹਾ ਸੀ।
ਮਾਨਸਾ ਪੁਲਿਸ ਮੁਤਾਬਕ, ਦੋਵਾਂ ਧਿਰਾਂ ਵਿਚਾਲੇ ਪਹਿਲਾਂ ਵੀ ਕਈ ਵਾਰ ਝਗੜਾ ਹੋ ਚੁੱਕਾ ਸੀ।
ਸਾਲ 2023 ਵਿੱਚ ਪਰਵਿੰਦਰ ਸਿੰਘ ਝੋਟਾ ਨੇ ਅਸ਼ਵਨੀ ਕੁਮਾਰ ਉੱਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਇਲਜ਼ਾਮ ਲਗਾਏ ਸਨ। ਉਸ ਸਮੇਂ ਉਨ੍ਹਾਂ ਨੇ ਅਸ਼ਵਨੀ ਕੁਮਾਰ ਦੇ ਗਲੇ ਵਿੱਚ ਜੁੱਤੀਆਂ ਦੀ ਮਾਲਾ ਪਾ ਕੇ ਉਸ ਵਿਰੁੱਧ ਪੁਲਿਸ ਕਾਰਵਾਈ ਦੀ ਮੰਗ ਕੀਤੀ ਸੀ।
ਇਸ ਘਟਨਾ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕੇਸ ਦਰਜ ਕੀਤੇ ਸਨ।
ਪਰਵਿੰਦਰ ਸਿੰਘ ਝੋਟਾ ਦੀ ਸ਼ਿਕਾਇਤ ਦੇ ਆਧਾਰ 'ਤੇ ਅਸ਼ਵਨੀ ਕੁਮਾਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਉਸ ਨੂੰ ਉਸੇ ਰਾਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।
ਪੁਲਿਸ ਨੇ ਵੀ ਇਸ ਘਟਨਾ ਦਾ ਨੋਟਿਸ ਲੈਂਦਿਆਂ ਪਰਵਿੰਦਰ ਸਿੰਘ ਉਰਫ਼ ਝੋਟਾ ਅਤੇ ਪੰਜ ਹੋਰਾਂ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 355, 451, 323, 148 ਅਤੇ 149 ਤਹਿਤ ਐੱਫਆਈਆਰ ਦਰਜ ਕੀਤੀ ਸੀ।
ਇਸ ਮਾਮਲੇ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































