ਇਸ 16 ਸਾਲਾ ਮੁੰਡੇ ਦਾ ਭਾਰ 6 ਮਹੀਨਿਆਂ ਵਿੱਚ 40 ਕਿਲੋਗ੍ਰਾਮ ਵਧ ਗਿਆ, 1 ਸੈਂਟੀਮੀਟਰ ਤੋਂ ਵੀ ਛੋਟੇ ਇੱਕ ਟਿਊਮਰ ਕਾਰਨ

ਤਸਵੀਰ ਸਰੋਤ, Personal archive
- ਲੇਖਕ, ਐਂਡਰੇ ਬਿਅਰਨਥ
- ਰੋਲ, ਬੀਬੀਸੀ ਨਿਊਜ਼ ਬ੍ਰਾਜ਼ੀਲ, ਲੰਡਨ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
15-16 ਸਾਲ ਦੀ ਉਮਰ ਵਿੱਚ ਕਿਸ਼ੋਰਾਂ ਦੇ ਸਰੀਰ 'ਚ ਤਬਦੀਲੀਆਂ ਆਉਣਾ ਇੱਕ ਆਮ ਪ੍ਰਕਿਰਿਆ ਹੈ ਪਰ ਐਥਲੇਟਿਕੋ-ਪੀਆਰ ਦੇ ਪ੍ਰਸ਼ੰਸਕ ਅਤੇ ਮੂਏ ਥਾਈ (ਇੱਕ ਕਿਸਮ ਦੀ ਮਾਰਸ਼ਲ ਆਰਟ) ਦੀ ਪ੍ਰੈਕਟਿਸ ਕਰਨ ਵਾਲੇ ਇੱਕ 16 ਸਾਲਾ ਮੁੰਡੇ ਦੇ ਸਰੀਰ ਵਿੱਚ ਜੋ ਬਦਲਾਅ ਆਏ, ਉਹ ਬਹੁਤ ਤੇਜ਼ੀ ਨਾਲ ਆਏ ਸੀ ਅਤੇ ਬਹੁਤ ਵੱਡੇ ਸਨ।
ਸਾਲ 2025 ਦੀ ਸ਼ੁਰੂਆਤ ਵਿੱਚ, ਗੁਸਤਾਵੋ ਡੀ ਓਲੀਵੇਰਾ ਦਾ ਵਜ਼ਨ 70 ਕਿਲੋਗ੍ਰਾਮ ਤੋਂ ਘੱਟ ਸੀ। ਪਰ ਉਸੇ ਸਾਲ ਦੇ ਅੰਤ ਤੱਕ ਉਸਦਾ ਵਜ਼ਨ 113 ਕਿਲੋਗ੍ਰਾਮ ਹੋ ਗਿਆ।
ਇਸ ਅਚਾਨਕ ਆਏ ਬਦਲਾਅ ਦੇ ਪਿੱਛੇ ਕਾਰਨ ਸੀ ਖੋਪੜੀ ਦੇ ਹੇਠਲੇ ਹਿੱਸੇ ਵਿੱਚ ਇੱਕ ਛੋਟਾ ਜਿਹਾ ਬਿਨਾਈਨ ਟਿਊਮਰ (ਅਜਿਹਾ ਟਿਊਮਰ ਜੋ ਕੈਂਸਰ ਨਹੀਂ ਹੁੰਦਾ)। ਇਸ ਟਿਊਮਰ ਨੇ ਕੋਰਟੀਸੋਲ ਹਾਰਮੋਨ ਬਣਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ ਸੀ, ਜੋ ਸਰੀਰ ਦੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਬਹੁਤ ਜ਼ਰੂਰੀ ਹੈ।
ਇਸ ਟਿਊਮਰ ਦਾ ਪਤਾ ਵੀ ਉਸਨੂੰ ਅਣਜਾਣੇ ਵਿੱਚ ਹੀ ਲੱਗ ਗਿਆ।
ਗਿੱਟੇ 'ਤੇ ਸੱਟ

ਤਸਵੀਰ ਸਰੋਤ, Getty Images
ਗੁਸਤਾਵੋ ਦੇ ਮਾਂ ਸਿਲਮਾਰਾ ਡੀ ਓਲੀਵੇਰਾ ਇੱਕ ਰਿਸੈਪਸ਼ਨਿਸਟ ਹਨ। ਉਨ੍ਹਾਂ ਨੇ 2025 ਦੇ ਜੂਨ ਮਹੀਨੇ ਵਿੱਚ ਦੇਖਿਆ ਕਿ ਉਨ੍ਹਾਂ ਦੇ ਪੁੱਤਰ ਦੀ ਸਿਹਤ ਵਿੱਚ ਕੁਝ ਗੜਬੜ ਹੈ।
ਉਸ ਨੂੰ ਕੁਝ ਦਿਨਾਂ ਤੋਂ ਸਿਰਦਰਦ ਦੀ ਸ਼ਿਕਾਇਤ ਸੀ, ਇਸ ਲਈ ਉਨ੍ਹਾਂ ਨੇ ਕਿਊਰੀਟੀਬਾ ਵਿੱਚ ਆਪਣੇ ਘਰ ਵਿੱਚ ਮੌਜੂਦ ਇੱਕ ਡਿਵਾਈਸ ਨਾਲ ਉਸ ਦਾ ਬਲੱਡ ਪ੍ਰੈਸ਼ਰ ਮਾਪਣ ਦਾ ਫ਼ੈਸਲਾ ਕੀਤਾ।
ਪਤਾ ਲੱਗਿਆ ਕਿ ਉਸ ਦਾ ਬਲੱਡ ਪ੍ਰੈਸ਼ਰ ਠੀਕ ਨਹੀਂ ਸੀ।
ਸਿਲਮਾਰਾ ਯਾਦ ਕਰਦੇ ਹਨ, "ਸਾਨੂੰ ਲੱਗਿਆ ਕਿ ਸ਼ਾਇਦ ਡਿਵਾਈਸ ਵਿੱਚ ਕੋਈ ਖ਼ਰਾਬੀ ਹੋਵੇਗੀ।"
"ਪਰ ਨਾਲ ਹੀ, ਉਸ ਦਾ ਵਜ਼ਨ ਵੀ ਵਧ ਰਿਹਾ ਸੀ ਅਤੇ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ ਸੀ, ਕਈ ਵਾਰ ਉਹ ਇੱਕ ਵਾਰ ਦੇ ਖਾਣੇ ਵਿੱਚ ਤਿੰਨ ਪਲੇਟਾਂ ਖਾਣਾ ਖਾ ਲੈਂਦਾ ਸੀ।"
ਡਾਕਟਰਾਂ ਅਤੇ ਨਿਊਟ੍ਰਿਸ਼ਨਿਸਟ ਨਾਲ ਸਲਾਹ ਕਰਨ ਤੋਂ ਬਾਅਦ, ਪਰਿਵਾਰ ਨੇ ਉਸ ਦੇ ਖਾਣ-ਪੀਣ ਵਿੱਚ ਕੁਝ ਬਦਲਾਅ ਕੀਤੇ - ਗੁਸਤਾਵੋ ਪਹਿਲਾਂ ਹੀ ਕਾਫ਼ੀ ਕਸਰਤ ਕਰਦਾ ਸੀ ਅਤੇ ਹਫ਼ਤੇ ਵਿੱਚ ਤਿੰਨ ਵਾਰ ਮੂਏ ਥਾਈ ਦੀ ਕਲਾਸ ਵੀ ਲੈਂਦਾ ਸੀ।
ਉਸਦੇ ਮਾਂ ਸਿਲਮਾਰਾ ਕਹਿੰਦੇ ਹਨ, "ਪਰ ਅਸੀਂ ਉਸ ਦੇ ਖਾਣ-ਪੀਣ 'ਤੇ ਜਿੰਨਾ ਵੱਧ ਧਿਆਨ ਦਿੱਤਾ, ਉਸ ਦਾ ਵਜ਼ਨ ਓਨਾ ਹੀ ਵਧਦਾ ਗਿਆ।"
ਗੁਸਤਾਵੋ ਦੀ ਸਿਹਤ ਹੋਰ ਵਿਗੜਦੀ ਗਈ, ਜਦੋਂ ਤੱਕ ਕਿ ਇੱਕ ਇਤਫ਼ਾਕਨ ਵਾਪਰੀ ਘਟਨਾ ਉਸ ਨੂੰ ਮੁੜ ਡਾਕਟਰ ਕੋਲ ਨਹੀਂ ਲੈ ਗਈ। ਸਤੰਬਰ 2025 ਵਿੱਚ, ਮੂਏ ਥਾਈ ਸੈਸ਼ਨ ਦੌਰਾਨ ਉਸਦੇ ਗਿੱਟੇ ਵਿੱਚ ਸੱਟ ਲੱਗ ਗਈ ਸੀ।
ਕਿਉਂਕਿ ਉਸਦੀ ਚਮੜੀ ਦਾ ਰੰਗ ਬਹੁਤ ਗੂੜ੍ਹਾ ਜਾਮਨੀ ਹੋ ਗਿਆ ਸੀ, ਇਸ ਲਈ ਉਸ ਦੀ ਮਾਂ ਨੇ ਉਸ ਨੂੰ ਐਮਰਜੈਂਸੀ 'ਚ ਲਿਜਾਣ ਦਾ ਫ਼ੈਸਲਾ ਕੀਤਾ।
ਸਿਲਮਾਰਾ ਦੱਸਦੇ ਹਨ, "ਉਸ ਦਾ ਐਕਸ-ਰੇ ਹੋਇਆ, ਪਰ ਕੋਈ ਫ੍ਰੈਕਚਰ ਨਹੀਂ ਸੀ।"
ਪਰ ਗੁਸਤਾਵੋ ਦੀ ਸਿਹਤ ਨੂੰ ਦੇਖਦੇ ਹੋਏ ਐਮਰਜੈਂਸੀ ਰੂਮ ਦੇ ਡਾਕਟਰ ਨੇ ਮਾਂ-ਪੁੱਤ ਨੂੰ ਕਿਹਾ ਕਿ ਉਹ ਅਗਲੇ ਦਿਨ ਹੋਰ ਚੰਗੀ ਤਰ੍ਹਾਂ ਜਾਂਚ ਕਰਵਾਉਣ ਲਈ ਵਾਪਸ ਆਉਣ।
ਵਿਲੱਖਣ ਬਿਮਾਰੀ ਦਾ ਪਤਾ ਲੱਗਣਾ

ਤਸਵੀਰ ਸਰੋਤ, (Publicity/Hospital Pequeno Príncipe
ਇਸ ਤੋਂ ਬਾਅਦ ਉਨ੍ਹਾਂ ਨੂੰ ਪਰਾਨਾ ਦੇ 'ਪੇਕਵੇਨੋ ਪ੍ਰਿੰਸਿਪੇ ਹਸਪਤਾਲ' ਭੇਜਿਆ ਗਿਆ, ਜੋ ਕਿ ਬੱਚਿਆਂ ਦਾ ਮੁੱਖ ਹਸਪਤਾਲ ਹੈ।
ਗੁਸਤਾਵੋ ਨੂੰ ਯਾਦ ਹੈ ਕਿ ਉਸ ਵੇਲੇ ਉਨ੍ਹਾਂ ਦੀ ਸਰੀਰਕ ਹਾਲਤ ਕਿਹੋ ਜਿਹੀ ਸੀ।
ਉਹ ਦੱਸਦੇ ਹਨ, "ਮੈਂ ਸੜਕ 'ਤੇ ਤੁਰ ਨਹੀਂ ਸਕਦਾ ਸੀ, ਕੁਝ ਵੀ ਨਹੀਂ ਕਰ ਸਕਦਾ ਸੀ, ਮੈਨੂੰ ਲੱਗਦਾ ਸੀ ਕਿ ਮੈਂ ਮਰ ਜਾਵਾਂਗਾ, ਮੈਂ ਸਾਹ ਨਹੀਂ ਲੈ ਸਕਦਾ ਸੀ।"
ਹਸਪਤਾਲ ਵਿੱਚ ਗੁਸਤਾਵੋ ਦੇ ਕਈ ਟੈਸਟ ਕੀਤੇ ਗਏ ਤਾਂ ਜੋ ਡਾਕਟਰ ਮੁੰਡੇ ਦੀ ਹਾਲਤ ਦਾ ਕਾਰਨ ਪਤਾ ਲਗਾ ਸਕਣ।
ਲਗਭਗ ਇੱਕ ਮਹੀਨੇ ਬਾਅਦ, ਅਕਤੂਬਰ ਦੇ ਮੱਧ ਵਿੱਚ ਸਿਹਤ ਮਾਹਿਰਾਂ ਨੂੰ ਆਖ਼ਿਰਕਾਰ ਇਸ ਰਹੱਸ ਦਾ ਜਵਾਬ ਮਿਲ ਗਿਆ।
ਗੁਸਤਾਵੋ ਨੂੰ 'ਕੁਸ਼ਿੰਗਜ਼ ਡਿਜ਼ੀਜ਼' (Cushing's disease) ਸੀ, ਜਿਸ ਨੂੰ ਇੱਕ ਦੁਰਲੱਭ ਬਿਮਾਰੀ ਮੰਨਿਆ ਜਾਂਦਾ ਹੈ।
ਅੰਤਰਰਾਸ਼ਟਰੀ ਅਨੁਮਾਨਾਂ ਮੁਤਾਬਕ, ਹਰ ਸਾਲ ਹਰ 10 ਲੱਖ ਬੱਚਿਆਂ ਵਿਚੋਂ ਇੱਕ ਬੱਚੇ ਵਿੱਚ ਇਸ ਬਿਮਾਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ।
ਸਿਲਮਾਰਾ ਯਾਦ ਕਰਦੇ ਹਨ, "ਜਦੋਂ ਡਾਕਟਰਾਂ ਨੇ ਸਾਨੂੰ ਇਸ ਬਿਮਾਰੀ ਬਾਰੇ ਦੱਸਿਆ, ਤਾਂ ਸਭ ਕੁਝ ਸਮਝ ਵਿੱਚ ਆ ਗਿਆ, ਸਾਰੀਆਂ ਕੜੀਆਂ ਇੱਕ-ਦੂਜੇ ਨਾਲ ਜੁੜ ਗਈਆਂ, ਪੂਰੀ ਤਸਵੀਰ ਸਾਫ਼ ਹੋ ਗਈ, ਸਮਝ ਰਹੇ ਹੋ ਨਾ?"
ਕੁਸ਼ਿੰਗਜ਼ ਡਿਜ਼ੀਜ਼ ਕੀ ਹੈ?

ਤਸਵੀਰ ਸਰੋਤ, Getty Images
ਸਰਲ ਸ਼ਬਦਾਂ ਵਿੱਚ, ਕੁਸ਼ਿੰਗਜ਼ ਡਿਜ਼ੀਜ਼ ਉਦੋਂ ਹੁੰਦੀ ਹੈ ਜਦੋਂ ਕਿਸੇ ਵਿਅਕਤੀ ਦੇ ਪਿਟਿਊਟਰੀ ਗਲੈਂਡ ਵਿੱਚ ਇੱਕ ਬਿਨਾਈਨ ਟਿਊਮਰ (ਕੈਂਸਰ-ਰਹਿਤ ਟਿਊਮਰ) ਬਣ ਜਾਂਦਾ ਹੈ। ਇਹ ਗ੍ਰੰਥੀ ਦਿਮਾਗ ਦੇ ਹੇਠਲੇ ਹਿੱਸੇ ਵਿੱਚ ਹੁੰਦੀ ਹੈ ਅਤੇ ਏਸੀਟੀਐਚ ਨਾਮ ਦਾ ਹਾਰਮੋਨ ਬਣਾਉਂਦੀ ਹੈ।
ਏਸੀਟੀਐਚ, ਐਡਰੀਨਲ ਗਲੈਂਡਜ਼ (ਜੋ ਗੁਰਦਿਆਂ ਦੇ ਉੱਪਰ ਹੁੰਦੀਆਂ ਹਨ) ਵਿੱਚ ਇੱਕ ਹੋਰ ਹਾਰਮੋਨ - ਕੋਰਟੀਸੋਲ - ਦੇ ਬਣਨ ਨੂੰ ਵਧਾਉਂਦਾ ਹੈ।
ਕੁਸ਼ਿੰਗਜ਼ ਡਿਜ਼ੀਜ਼ ਵਾਲੇ ਮਰੀਜ਼ਾਂ ਵਿੱਚ ਕੋਰਟੀਸੋਲ ਬਹੁਤ ਜ਼ਿਆਦਾ ਮਾਤਰਾ ਵਿੱਚ ਬਣਦਾ ਹੈ।
ਪੇਕਵੇਨੋ ਪ੍ਰਿੰਸਿਪੇ ਹਸਪਤਾਲ ਦੇ ਨਿਊਰੋਸਰਜਨ ਕਾਰਲੋਸ ਮਾਟੋਜ਼ੋ ਦੱਸਦੇ ਹਨ, "ਕੋਰਟੀਸੋਲ ਦੀ ਇਸ ਵੱਧ ਮਾਤਰਾ ਕਾਰਨ ਮਰੀਜ਼ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਜਿਵੇਂ ਕਿ ਅਸੀਂ ਗੁਸਤਾਵੋ ਦੇ ਮਾਮਲੇ ਵਿੱਚ ਦੇਖਿਆ ਗਿਆ - ਵਜ਼ਨ ਬਹੁਤ ਜ਼ਿਆਦਾ ਵਧ ਜਾਂਦਾ ਹੈ, ਸੋਜ ਆ ਜਾਂਦੀ ਹੈ, ਚਿਹਰਾ ਗੋਲ ਹੋ ਜਾਂਦਾ ਹੈ, ਛਾਤੀ 'ਤੇ ਚਰਬੀ ਜਮ੍ਹਾਂ ਹੋ ਜਾਂਦੀ ਹੈ...।"
ਡਾਕਟਰ ਦੱਸਦੇ ਹਨ ਕਿ ਆਪਣੇ ਲਗਭਗ 30 ਸਾਲ ਦੇ ਕਰੀਅਰ ਵਿੱਚ ਉਨ੍ਹਾਂ ਨੇ ਇਸ ਬਿਮਾਰੀ ਦੇ ਕੇਵਲ ਚਾਰ ਮਾਮਲਿਆਂ ਦਾ ਇਲਾਜ ਕੀਤਾ ਹੈ।
ਅਜਿਹੇ ਮਾਮਲਿਆਂ ਵਿੱਚ ਆਮ ਇਲਾਜ ਹੈ - ਪਿਟਿਊਟਰੀ ਟਿਊਮਰ ਨੂੰ ਹਟਾਉਣ ਲਈ ਸਰਜਰੀ ਕਰਨਾ।
ਗੁਸਤਾਵੋ ਮੰਨਦੇ ਹਨ ਕਿ ਇਹ ਸੁਣ ਕੇ ਕਿ ਉਨ੍ਹਾਂ ਨੂੰ ਆਪ੍ਰੇਸ਼ਨ ਥੀਏਟਰ ਵਿੱਚ ਜਾਣਾ ਹੋਵੇਗਾ, ਉਹ ਉਦਾਸ ਹੋ ਗਏ ਸਨ ਅਤੇ ਡਰ ਗਏ ਸਨ।
ਉਹ ਕਹਿੰਦੇ ਹਨ, "ਕਿਉਂਕਿ ਜਦੋਂ ਅਸੀਂ ਸਰਜਰੀ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਲੱਗਦਾ ਹੈ ਕਿ ਟਿਊਮਰ ਕੱਢਣ ਲਈ ਉਹ ਸਿਰ ਨੂੰ ਵਿਚਕਾਰੋਂ ਖੋਲ੍ਹ ਦੇਣਗੇ।"
ਚੰਗੀ ਗੱਲ ਇਹ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ, ਕੁਸ਼ਿੰਗਜ਼ ਰੋਗ ਦੇ ਇਲਾਜ ਲਈ ਹੋਣ ਵਾਲੀ ਸਰਜਰੀ ਵਿੱਚ ਕੋਈ ਚੀਰਾ ਨਹੀਂ ਲਗਾਇਆ ਜਾਂਦਾ, ਸਭ ਕੁਝ ਨੱਕ ਦੇ ਛੇਕਾਂ ਰਾਹੀਂ, ਫ਼ਾਈਬਰ ਆਪਟਿਕ ਕੈਮਰਿਆਂ ਅਤੇ ਛੋਟੇ ਔਜ਼ਾਰਾਂ ਦੀ ਮਦਦ ਨਾਲ ਕੀਤਾ ਜਾਂਦਾ ਹੈ।
ਮਾਟੋਜ਼ੋ ਦੱਸਦੇ ਹਨ, "ਨੱਕ ਦੇ ਪਿੱਛੇ ਸਫੀਨੋਇਡ ਨਾਮ ਦੀ ਇੱਕ ਹੱਡੀ ਹੁੰਦੀ ਹੈ। ਇਹ ਖੋਖਲੀ ਹੁੰਦੀ ਹੈ, ਇਸ ਲਈ ਇਸ ਵਿੱਚ ਡ੍ਰਿਲ ਕਰਨਾ ਸੰਭਵ ਹੈ ਅਤੇ ਅਜਿਹਾ ਕਰਦੇ ਹੀ ਅਸੀਂ ਸਿੱਧੇ ਪਿਟਿਊਟਰੀ ਗਲੈਂਡ ਵਾਲੇ ਹਿੱਸੇ ਤੱਕ ਪਹੁੰਚ ਜਾਂਦੇ ਹਾਂ।"
ਗੁਸਤਾਵੋ ਦੀ ਸਰਜਰੀ ਅਤੇ ਰਿਕਵਰੀ

ਤਸਵੀਰ ਸਰੋਤ, (Publicity/Hospital Pequeno Príncipe)
ਗੁਸਤਾਵੋ ਦੀ ਸਰਜਰੀ ਦਸੰਬਰ 2025 ਵਿੱਚ ਕੀਤੀ ਗਈ ਸੀ ਜੋ ਲਗਭਗ ਦੋ ਘੰਟੇ ਤੱਕ ਚੱਲੀ ਅਤੇ ਇਸ ਨੂੰ ਸਫਲ ਮੰਨਿਆ ਗਿਆ।
ਉਸ ਦੀ ਨਿਗਰਾਨੀ ਕਰਨ ਵਾਲੇ ਡਾਕਟਰਾਂ ਮੁਤਾਬਕ ਉਸ ਦੀ ਸਥਿਤੀ ਵਿੱਚ ਚੰਗਾ ਪ੍ਰਗਤੀ ਹੋਈ ਅਤੇ ਕੁਝ ਸਾਈਡ ਇਫੈਕਟ ਵੀ ਦੇਖਣ ਨੂੰ ਮਿਲੇ- ਥਕਾਵਟ ਅਤੇ ਹਲਕੇ ਸਿਰ ਦਰਦ ਤੋਂ ਇਲਾਵਾ ਗੁਸਤਾਵੋ ਨੂੰ ਕੋਰਟੀਸੋਲ ਦੇ ਪੱਧਰ ਵਿੱਚ ਅਸੰਤੁਲਨ ਦਾ ਵੀ ਸਾਹਮਣਾ ਕਰਨਾ ਪਿਆ।
ਮੈਟੋਜ਼ੋ ਦੱਸਦੇ ਹਨ, "ਸਰਜਰੀ ਤੋਂ ਪਹਿਲਾਂ ਉਨ੍ਹਾਂ ਦੀਆਂ ਐਡ੍ਰਿਨਿਲ ਗ੍ਰੰਥੀਆਂ ਅਸਮਾਨ ਕੰਟਰੋਲ ਵਿੱਚ ਸਨ, ਜਿਸ ਕਾਰਨ ਵਾਧੂ ਕੋਰਟੀਸੋਲ ਪੈਦਾ ਹੁੰਦਾ ਸੀ। ਜਦੋਂ ਅਸੀਂ ਟਿਊਮਰ ਹਟਾਇਆ, ਇਹ ਉਤੇਜਨਾ ਬੰਦ ਹੋ ਗਈ, ਇਸ ਲਈ ਸਰੀਰ ਥੋੜ੍ਹਾ ਵਿਚਲਿਤ ਹੋ ਗਿਆ ਅਤੇ ਅਚਾਨਕ ਕੋਰਟੀਸੋਲ ਦਾ ਉਤਪਾਦਨ ਘੱਟ ਹੋ ਗਿਆ।"
ਹੁਣ, ਗੁਸਤਾਵੋ ਦੇ ਸਰੀਰ ਵਿਚ ਪਿਚਿਉਟਰੀ ਗ੍ਰੰਥੀ ਅਤੇ ਐਡਰਨਲ ਗ੍ਰੰਥੀ ਵਿਚਕਾਰ ਨਵਾਂ ਸੰਤੁਲਨ ਸਥਾਪਿਤ ਹੋਣ ਤੱਕ ਟੈਸਟ ਹੋ ਰਹੇ ਹਨ ਅਤੇ ਹਾਰਮੋਨ ਰੀਪਲੇਸਮੈਂਟ ਥੈਰੇਪੀ ਹੋ ਰਹੀ ਹੈ।
ਵਾਧੂ ਭਾਰ ਅਤੇ ਕੋਰਟੀਸੋਲ ਪੱਧਰ ਨੇ ਉਸ ਦੀ ਸਿਹਤ 'ਤੇ ਕੁਝ ਨਿਸ਼ਾਨ ਛੱਡੇ ਹਨ, ਖਾਸ ਕਰਕੇ ਉਸ ਦੇ ਲੀਵਰ, ਅੱਖਾਂ, ਦਿਲ ਅਤੇ ਬਲੱਡ ਪ੍ਰੈਸ਼ਰ 'ਤੇ।
2026 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਹੀ ਉਸ ਦਾ ਭਾਰ ਲਗਭਗ ਪੰਦਰਾਂ ਕਿੱਲੋ ਘੱਟ ਹੋ ਚੁੱਕਿਆ ਸੀ।
ਕੁਸ਼ਿੰਗ ਰੋਗ ਦੇ ਸੰਦਰਭ ਵਿੱਚ ਉਨ੍ਹਾਂ ਨੂੰ ਰੋਗ ਮੁਕਤ ਅਵਸਥਾ ਵਾਲਾ ਮਰੀਜ਼ ਮੰਨਿਆ ਜਾਂਦਾ ਹੈ।
ਇਸ ਦਾ ਮਤਲਬ ਇਹ ਹੈ ਕਿ ਟਿਉਮਰ ਦੁਬਾਰਾ ਨਾ ਬਣੇ ਅਤੇ ਉਸ ਨੂੰ ਦੁਬਾਰਾ ਹਟਾਉਣ ਦੀ ਲੋੜ ਨਾ ਪਵੇ, ਇਹ ਸੁਨਿਸ਼ਚਿਤ ਕਰਨ ਲਈ ਉਸ ਨੂੰ ਸਾਲ ਵਿੱਚ ਇੱਕ ਵਾਰ ਫਾਲੋ-ਆਪ ਅਪਾਇੰਟਮੈਂਟ ਦੀ ਲੋੜ ਹੋਵੇਗੀ।
ਨਿਦਾਨ ਵਿੱਚ ਦੇਰੀ

ਤਸਵੀਰ ਸਰੋਤ, Publicity/Hospital Pequeno Príncipe)
ਮੈਟੋਜ਼ੋ ਮੁਤਾਬਕ, ਗੁਸਤਾਵੋ ਜਿਹੇ ਮਾਮਲੇ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਡਾਕਟਰਾਂ ਨੂੰ ਮਰੀਜ਼ਾਂ 'ਤੇ ਬਰੀਕੀ ਨਾਲ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨਿਦਾਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਬਹੁਤ ਸਪਸ਼ਟ ਪ੍ਰਤੀਤ ਹੁੰਦੇ ਹਨ।
ਉਨ੍ਹਾਂ ਕਿਹਾ, " ਮੈਂ ਇੱਕ ਯੂਨੀਵਰਸਿਟੀ ਦਾ ਪ੍ਰੋਫੈਸਰ ਹਾਂ ਅਤੇ ਮੈਂ ਆਪਣੇ ਵਿਦਿਆਰਥੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਸਖਤ ਮਿਹਨਤ ਨਾਲ ਪੜ੍ਹਾਈ ਕਰਨ ਅਤੇ ਹਮੇਸ਼ਾ ਉਨ੍ਹਾਂ ਲੱਛਣਾਂ ਦੇ ਪਿੱਛੇ ਸੰਭਾਵਿਤ ਬਿਮਾਰੀਆਂ ਨੂੰ ਧਿਆਨ ਵਿੱਚ ਰੱਖਣ।"
ਨਿਉਰੋਸਰਜਨ ਨੇ ਅੱਗੇ ਕਿਹਾ, "ਕੁਸ਼ਿੰਗ ਰੋਗ ਦੇ ਮਾਮਲੇ ਵਿੱਚ ਅੰਦਾਜ਼ਾ ਹੈ ਕਿ ਮਰੀਜ਼ਾਂ ਨੂੰ ਨਿਦਾਨ ਪ੍ਰਾਪਤ ਕਰਨ ਵਿੱਚ ਦੋ ਸਾਲ ਲੱਗ ਜਾਂਦੇ ਹਨ। ਇਸੇ ਵਿਚਕਾਰ ਉਹ ਅਜਿਹੇ ਉਪਚਾਰ ਕਰਵਾਉਂਦੇ ਹਨ ਜੋ ਪ੍ਰਭਾਵੀ ਨਹੀਂ ਹੁੰਦੇ।"
ਸਿਲਮਾਰਾ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਅਜਿਹਾ ਖੁਦ ਗੁਸਤਾਵੋ ਨਾਲ ਵੀ ਹੋ ਸਕਦਾ ਸੀ।
ਉਹ ਅੰਦਾਜ਼ਾ ਲਗਾਉਂਦੀ ਹੈ, "ਜੇ ਉਸ ਨੂੰ ਗਿੱਟੇ ਵਿੱਚ ਸੱਟ ਨਾ ਲੱਗੀ ਹੁੰਦੀ ਤਾਂ ਸ਼ਾਇਦ ਸਾਨੂੰ ਅੱਜ ਪਤਾ ਵੀ ਨਾ ਲਗਦਾ ਕਿ ਉਸ ਨੂੰ ਇਹ ਸਮੱਸਿਆ ਹੈ।"
ਮਾਂ ਨੇ ਅੱਗੇ ਕਿਹਾ, "ਅਤੇ ਇਹ ਸਭ ਉਸ ਸਿਹਤ ਕਰਮੀ ਕਾਰਨ ਸੰਭਵ ਹੋਇਆ ਜਿਸ ਦਾ ਨਜ਼ਰੀਆ ਵਿਆਪਕ ਸੀ। ਉਹ ਸਿਰਫ਼ ਉਸ ਦੇ ਪੈਰ ਦਾ ਇਲਾਜ ਕਰਕੇ ਬਾਕੀ ਸਭ ਕੁਝ ਨਜ਼ਰਅੰਦਾਜ਼ ਕਰ ਸਕਦੀ ਸੀ।"
ਕੁਝ ਰੋਗੀਆਂ ਲਈ ਲੱਛਣਾਂ ਦੀ ਸ਼ੁਰੂਆਤ ਅਤੇ ਸਹੀ ਨਿਦਾਨ ਵਿਚਕਾਰ ਦਾ ਇਹ ਸਮਾਂ ਘਾਤਕ ਹੋ ਸਕਦਾ ਹੈ- ਭਾਰ ਵਧਣਾ, ਬਲੱਡ ਪ੍ਰੈਸ਼ਰ ਵਿੱਚ ਬਦਲਾਅ ਅਤੇ ਜਿਗਰ ਜਿਹੇ ਮਹੱਤਵਪੂਰਨ ਅੰਗਾਂ ਨੂੰ ਨੁਕਸਾਨ ਦਿਲ ਦੇ ਦੌਰੇ ਜਿਹੇ ਗੰਭੀਰ ਨਤੀਜਿਆਂ ਨੂੰ ਜਨਮ ਦੇ ਸਕਦਾ ਹੈ।
ਇਨ੍ਹਾਂ ਅਤੇ ਹੋਰ ਕਾਰਨਾਂ ਕਰਕੇ ਗੁਸਤਾਵੋ ਨੇ ਆਪਣੀ ਬਿਮਾਰੀ ਬਾਰੇ ਖੁੱਲ੍ਹ ਕੇ ਬੋਲਣ ਦਾ ਫ਼ੈਸਲਾ ਕੀਤਾ ਤਾਂ ਕਿ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਸਕੇ ਜੋ ਸ਼ਾਇਦ ਇਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋਣ।
ਉਹ ਕਹਿੰਦੇ ਹਨ, "ਮੈਨੂੰ ਉਮੀਦ ਹੈ ਕਿ ਦੂਜਿਆਂ ਨੂੰ ਉਸ ਦੌਰ ਵਿੱਚੋਂ ਨਹੀਂ ਗੁਜ਼ਰਨਾ ਪਵੇਗਾ ਜਿਸ ਵਿੱਚੋਂ ਮੈਂ ਗੁਜ਼ਰਿਆ ਹਾਂ ਅਤੇ ਉਹ ਭਾਰ ਵਧਣ ਅਤੇ ਹਾਈ ਬਲੱਡ ਪ੍ਰੈਸ਼ਰ ਜਿਹੇ ਲੱਛਣਾਂ ਦੇ ਵਿਗੜਨ ਤੋਂ ਪਹਿਲਾਂ ਟਿਊਮਰ ਦਾ ਇਲਾਜ ਕਰ ਸਕਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


















